ਗੂਗਲ ਨੂੰ ਟੱਕਰ ਦੇਣ ਦੀ ਤਿਆਰੀ ’ਚ ਐਪਲ, ਲਾਂਚ ਕਰੇਗੀ ਆਪਣਾ ਸਰਚ ਇੰਜਣ!
Saturday, Aug 29, 2020 - 12:51 PM (IST)
ਗੈਜੇਟ ਡੈਸਕ– ਐਪਲ ਖ਼ੁਦ ਦਾ ਸਰਚ ਇੰਜਣ ਤਿਆਰ ਕਰ ਰਹੀ ਹੈ ਜਿਸ ਨੂੰ ਕੰਪਨੀ ਜਲਦੀ ਹੀ ਗੂਗਲ ਨੂੰ ਟੱਕਰ ਦੇਣ ਲਈ ਲਾਂਚ ਕਰੇਗੀ। ਇਸ ਗੱਲ ਦੀ ਜਾਣਕਾਰੀ iOS 14 ਦੇ ਬੀਟਾ ਵਰਜ਼ਨ ਰਾਹੀਂ ਸਾਹਮਣੇ ਆਈ ਹੈ। ਦੱਸ ਦੇਈਏ ਕਿ ਐਪਲ, ਗੂਗਲ ਸਰਚ ਨੂੰ ਆਪਣੀ ਡਿਵਾਈਸ ’ਚ ਡਿਫਾਲਟ ਰੂਪ ਨਾਲ ਦੇਣ ਲਈ ਲੱਖਾਂ ਡਾਲਰ ਖ਼ਰਚ ਕਰਦੀ ਹੈ। Coywolf ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਐਪਲ ਖ਼ੁਦ ਦੇ ਸਰਚ ਇੰਜਣ ’ਤੇ ਕੰਮ ਕਰ ਰਹੀ ਹੈ। ਇਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਮਸ਼ੀਨ ਲਰਨਿੰਗ (ML) ਅਤੇ ਨੈਚੁਰਲ ਲੈਂਗਵੇਜ ਪ੍ਰੋਸੈਸਿੰਗ (NLP) ਦੀ ਸੁਪੋਰਟ ਵੀ ਮਿਲੇਗੀ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ iOS 14 ਅਤੇ iPadOS 14 ਬੀਟਾ ਵਰਜ਼ਨ ’ਚ ਕੰਪਨੀ ਗੂਗਲ ਸਰਚ ਨੂੰ ਨਹੀਂ ਦੇਵੇਗੀ।
ਸ਼ੁਰੂ ’ਚ ਐਪਲ ਦੇ ਸਰਚ ਇੰਜਣ ’ਚ ਜਾਬ ਸਰਚ ਅਤੇ ਸਪੋਟਲਾਈਟ ਸਰਚ ਵਰਗੇ ਆਪਸ਼ੰਸ ਮਿਲਣਗੇ। ਇਹ ਇੰਜਣ ਪੂਰੀ ਤਰ੍ਹਾਂ ਪ੍ਰਾਈਵੇਟ ਹੋਵੇਗਾ ਅਤੇ ਤੁਹਾਨੂੰ ਆਈ.ਓ.ਐੱਸ. ਕੰਟੈਕਟਸ, ਡਾਕਿਊਮੈਂਟ, ਈ-ਮੇਲ, ਈਵੈਂਟਸ, ਫਾਈਲ, ਮੈਸੇਜ ਅਤੇ ਨੋਟਸ ਆਦਿ ਦੇ ਆਧਾਰ ’ਤੇ ਨਤੀਜੇ ਮਿਲਣਗੇ। ਫਿਲਹਾਲ ਐਪਲ ਨੇ ਅਧਿਕਾਰਤ ਤੌਰ ’ਤੇ ਸਰਚ ਇੰਜਣ ਨੂੰ ਲੈ ਕੇ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ।