Digital Crown ਨਾਲ ਲੈਸ ਹੋ ਸਕਦੈ ਨਵਾਂ iPhone
Saturday, Jul 30, 2016 - 02:17 PM (IST)
ਜਲੰਧਰ : ਐਪਲ ਇਸ ਸਾਲ ਲਾਂਚ ਹੋਣ ਵਾਲੇ ਨਵੇਂ ਆਈਫੋਨ ਨਾਲ ਸਭ ਨੂੰ ਹੈਰਾਨ ਕਰ ਦੇਣਾ ਚਾਹੁੰਦੀ ਹੈ। ਹੁਣ ਐਪਲ ਆਈਫੋਨ ਦਾ ਨਾਂ 7 ਹੋਵੇਗਾ ਜਾਂ 6ਐੱਸ. ਈ., ਇਹ ਤਾਂ ਲਾਂਚ ਸਮੇਂ ਹੀ ਪਤਾ ਲੱਗੇਗਾ ਪਰ ਦੇਖਣ ਵਾਲੀ ਗੱਲ ਇਹ ਹੈ ਇਕ ਨਵੇਂ ਫੋਨ ''ਚ ਕੀ ਕੁਝ ਐਡ ਕੀਤਾ ਜਾਵੇਗਾ। ਕਿਉਂਕਿ ਇਹ ਐਪਲ ਆਈਫੋਨ ਦੀ 10ਵੀਂ ਵਰ੍ਹੇਗੰਢ ਹੈ ਤਾਂ ਸਭ ਨੂੰ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹਨ। ਓ. ਐੱਲ. ਈ. ਡੀ. ਸਕ੍ਰੀਨ, 3.5 ਐੱਮ. ਐੱਮ. ਜੈਕ ਦਾ ਨਾ ਹੋਣਾ, ਡਿਊਲ ਰੇਅਰ ਕੈਮਰਾ ਤਾਂ ਅਜੇ ਤੱਕ ਦੀਆਂ ਅਫਵਾਹਾਂ ''ਚ ਸਾਨੂੰ ਦੇਖਣ ਤੇ ਪੜ੍ਹਨ ਲਈ ਮਿਲ ਗਿਆ ਹੈ ਪਰ ਜੋ ਨਵੀਂ ਗੱਲ ਇਸ ਵਾਰ ਪਤਾ ਲੱਗੀ ਹੈ, ਉਹ ਮੁਤਾਬਿਕ ਨਵਾਂ ਆਈਫੋਨ ਐਪਲ ਵਾਚ ਤੋਂ ਪ੍ਰੇਰਿਤ ਹੋਵੇਗਾ।
ਜੀ ਹਾਂ ਤੁਸੀਂ ਸਹੀ ਸੋਚ ਰਹੇ ਹੋ, ਆਈਫੋਨ ''ਚ ਐਪਲ ਵਾਚ ਦੀ ਤਰ੍ਹਾਂ ਡਿਜੀਟਲ ਕ੍ਰਾਊਨ ਐਡ ਹੋ ਸਕਦਾ ਹੈ। ਜਿੱਥੇ ਡਿਜੀਟਲ ਕ੍ਰਾਊਨ ਐਪਲ ਵਾਚ ਦਾ ਇਕ ਇੰਟ੍ਰਸਟਿੰਗ ਫੀਚਰ ਹੈ, ਉਥੇ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਆਈਫੋਨ ''ਚ ਇਸ ਨੂੰ ਵੀ ਐਡ ਕੀਤਾ ਜਾ ਸਕਦਾ ਹੈ। ਯੂਨਾਈਟਿਡ ਸਟੇਟਸ ਪੇਟੈਂਟ ਐਂਡ ਟ੍ਰੇਡਮਾਰਕ ਆਫਿਸ ''ਚ 2014 ''ਚ ਐਪਲ ਵੱਲੋਂ ਆਈਫੋਨ ਤੇ ਆਈਪੈਡ ਵਰਗੇ ਡਿਜ਼ਾਈਨ ਨਾਲ ਇਸ ਡਿਜੀਟਲ ਕ੍ਰਾਊਨ ਨੂੰ ਐਡ ਕਰ ਕੇ ਪੇਟੈਂਟ ਰਜਿਸਟਰ ਕਰਵਾਇਆ ਗਿਆ ਸੀ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਜੋ ਪੇਟੈਂਟ ਕਰਵਾਇਆ ਜਾਵੇ ਉਹੀ ਫਾਈਨਲ ਪ੍ਰਾਡਕਟ ਹੋਵੇ, ਇਸ ਲਈ ਫਾਈਨਲ ਪ੍ਰਾਡਕਟ ਦੇ ਲਾਂਚ ਹੋਣ ਤੱਕ ਅਫਵਾਹਾਂ ਦਾ ਬਾਜ਼ਾਰ ਗਰਮ ਹੀ ਰਹੇਗਾ।
