iPhone 12 ਦੀ ਲਾਂਚ ਤਾਰੀਖ਼ ਲੀਕ, AirPower ਨਾਲ ਆਉਣ ਦੀ ਉਮੀਦ
Saturday, Jul 25, 2020 - 05:47 PM (IST)

ਗੈਜੇਟ ਡੈਸਕ– ਐਪਲ ਨੇ ਸਤੰਬਰ ’ਚ ਆਪਣੇ ਸਾਲਾਨਾ ਆਈਫੋਨ ਈਵੈਂਟ ਦਾ ਆਯੋਜਨ ਕੀਤਾ ਹੈ। ਕਈ ਰਿਪੋਰਟਾਂ ’ਚ ਦੱਸਿਆ ਗਿਆ ਸੀ ਕਿ ਕੋਵਿਡ-19 ਦੇ ਚਲਦੇ ਇਸ ਦੇ ਲਾਂਚ ’ਚ ਥੋੜ੍ਹੀ ਦੇਰੀ ਹੋ ਸਕਦੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸ਼ਡਿਊਲ ਮੁਤਾਬਕ, ਹੀ ਲਾਂਚ ਕੀਤਾ ਜਾਵੇਗਾ। ਐਪਲ ਆਪਣੇ ਆਈਫੋਨ ਲਾਂਚ ਈਵੈਂਟ ਦਾ ਆਯੋਜਨ 8 ਸਤੰਬਰ ਨੂੰ ਕਰੇਗੀ। ਇਸ ਵਿਚ ਆਈਫੋਨ 12 ਸੀਰੀਜ਼ ਤੋਂ ਇਲਾਵਾ ਇਕ ਨਵੀਂ ਐਪਲ ਵਾਚ, ਨਵਾਂ ਆਈਪੈਡ ਅਤੇ ਏਅਰ ਪਾਵਰ ਵਾਇਰਲੈੱਸ ਚਾਰਜਿੰਗ ਮੈਟ ਵੀ ਲਾਂਚ ਹੋ ਸਕਦਾ ਹੈ। ਇਹ ਜਾਣਕਾਰੀ ਟਿਪਸਟਰ iHacktu Pro ਨੇ ਟਵਿਟਰ ਰਾਹੀਂ ਦਿੱਤੀ ਹੈ। ਇਹ ਈਵੈਂਟ ਵਰਚੁਅਲੀ ਆਯੋਜਿਤ ਹੋਵੇਗਾ।
ਦੱਸ ਦੇਈਏ ਕਿ ਐਪਲ ਆਪਣੀ ਆਈਫੋਨ 12 ਸੀਰੀਜ਼ ਨੂੰ ਤਾਂ ਲਾਂਚ ਕਰਨ ਵਾਲੀ ਸੀ ਪਰ ਏਅਰ ਪਾਵਰ ਵਾਇਰਲੈੱਸ ਚਾਰਜਿੰਗ ਮੈਟ ਇਕ ਸਰਪ੍ਰਾਈਜ਼ ਦੱਸਿਆ ਜਾ ਰਿਹਾ ਹੈ। ਐਪਲ ਨੇ ਇਸ ਨੂੰ ਸਾਲ 2017 ’ਚ ਲਾਂਚ ਕਰਨਾ ਸੀ ਪਰ ਈਵੈਂਟ ’ਚ ਇਸ ਨੂੰ ਸਿਰਫ ਡਿਸਪਲੇਅ ’ਤੇ ਹੀ ਵਿਖਾਇਆ ਗਿਆ ਸੀ। ਇਸ ਈਵੈਂਟ ’ਚ ਸਾਰਿਆਂ ਦੀਆਂ ਨਜ਼ਰਾਂ ਆਉਣ ਵਾਲੀ ਆਈਫੋਨ 12 ਸੀਰੀਜ਼ ’ਤੇ ਹੀ ਹੋਣਗੀਆਂ।
ਐਪਲ ਇਸ ਵਾਰ 4 ਨਵੇਂ ਆਈਫੋਨ ਲਾਂਚ ਕਰੇਗੀ ਅਤੇ ਸਾਰਿਆਂ ’ਚ 5ਜੀ ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਇਨ੍ਹਾਂ ਦੇ 4ਜੀ ਮਾਡਲ ਵੀ ਉਤਾਰੇ ਜਾਣਗੇ। ਐਪਲ ਵਾਚ ਸੀਰੀਜ਼ 6 ਦੇ ਵੀ ਆਉਣ ਦੀ ਉਮੀਦ ਹੈ। ਐਪਲ 27 ਅਕਤੂਬਰ ਨੂੰ ਵੀ ਇਕ ਈਵੈਂਟ ਦਾ ਆਯੋਜਨ ਕਰੇਗੀ ਜਿਸ ਵਿਚ ਨਵੇਂ ਆਈਪੈਡ ਪ੍ਰੋ ਅਤੇ ਐਪਲ ਗਲਾਸ ਨੂੰ ਲਾਂਚ ਕੀਤਾ ਜਾਵੇਗਾ।