ਆਈਫੋਨ ਸਲੋ ਮਾਮਲਾ: ਐਪਲ ਨੇ ਗਾਹਕਾਂ ਤੋਂ ਮੰਗੀ ਮੁਆਫੀ, ਮਿਲੇਗੀ ਸਸਤੀ ਬੈਟਰੀ

Friday, Dec 29, 2017 - 11:54 AM (IST)

ਆਈਫੋਨ ਸਲੋ ਮਾਮਲਾ: ਐਪਲ ਨੇ ਗਾਹਕਾਂ ਤੋਂ ਮੰਗੀ ਮੁਆਫੀ, ਮਿਲੇਗੀ ਸਸਤੀ ਬੈਟਰੀ

ਜਲੰਧਰ- ਅਮਰੀਕੀ ਟੈਕਨਾਲੋਜੀ ਦਿੱਗਜ ਐਪਲ ਨੇ ਹਫਤਾ ਪਹਿਲਾਂ ਇਹ ਗੱਲ ਮੰਨੀ ਕਿ ਕੰਪਨੀ ਜਾਣਬੁੱਝ ਕੇ ਪੁਰਾਣੇ ਆਈਫੋਨ ਦੀ ਪਰਫਾਰਮੈਂਸ ਸਲੋ ਕਰਦੀ ਹੈ ਤਾਂ ਜੋ ਉਸ ਦੀ ਲਾਈਫ ਬਣੀ ਰਹੇ। ਇਸ ਤੋਂ ਬਾਅਦ ਆਈਫੋਨ ਯੂਜ਼ਰਸ ਨੂੰ ਗੁੱਸਾ ਆਇਆ ਅਤੇ ਕੰਪਨੀ 'ਤੇ ਲੋਕਾਂ ਨੇ ਲਗਾਤਾਰ ਮੁਕੱਦਮੇ ਕਰਨੇ ਸ਼ੁਰੂ ਕਰ ਦਿੱਤੇ। ਹੁਣ ਐਪਲ ਨੂੰ ਸ਼ਾਇਦ ਗਲਤੀ ਦਾ ਅਹਿਸਾਸ ਹੋਇਆ ਹੈ ਅਤੇ ਕੰਪਨੀ ਨੇ ਇਸ਼ ਲਈ ਮੁਆਫੀ ਮੰਗੀ ਹੈ। 
ਐਪਲ ਨੇ ਇਸ ਮਾਮਲੇ 'ਤੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਆਈਫੋਨ 6 ਅਤੇ ਉਸ ਤੋਂ ਅੱਗੇ ਦੇ ਮਾਡਲਾਂ ਦੇ ਬੈਟਰੀ ਰਿਪਲੇਸਮੈਂਟ ਦੇ ਖਰਚੇ ਨੂੰ 79 ਡਾਲਰ ਤੋਂ ਘੱਟ ਕਰਕੇ 29 ਡਾਲਰ ਕਰ ਦੇਵੇਗੀ। ਆਮਤੌਰ 'ਤੇ ਭਾਰਤ 'ਚ ਵੀ ਯੂਜ਼ਰਸ ਨੂੰ ਪੁਰਾਣੇ ਆਈਫੋਨ ਦੀ ਬੈਟਰੀ ਬਦਲਾਉਣ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਂਦੇ ਹਨ। 
ਇਕ ਬਿਆਨ 'ਚ ਐਪਲ ਨੇ ਕਿਹਾ ਹੈ ਕਿ ਕੰਪਨੀ ਨੇ ਕਿਸੇ ਵੀ ਐਪਲ ਪ੍ਰੋਡਕਟ ਦੀ ਲਾਈਫ ਨੂੰ ਘੱਟ ਕਰਨ ਲਈ ਜਾਣਬੁੱਝ ਕੇ ਕੁਝ ਨਹੀਂ ਕੀਤਾ ਹੈ ਅਤੇ ਨਾ ਅੱਗੇ ਉਹ ਅਜਿਹਾ ਕਰੇਗੀ। ਐਪਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕੰਪਨੀ ਨੇ ਇਸ ਸਾਲ ਦੇ ਆਈ.ਓ.ਐੱਸ. ਅਪਗ੍ਰੇਡ 'ਚ ਫੀਚਰ ਦਿੱਤੇ ਹਨ ਜਿਸ ਰਾਹੀਂ ਬੈਟਰੀ ਪਰਫਾਰਮੈਂਸ ਸਲੋ ਕਰਕੇ ਆਈਫੋਨ ਨੂੰ ਅਣਚਾਹੇ ਸ਼ਟ-ਡਾਊਨ ਤੋਂ ਬਚਾਇਆ ਜਾ ਸਕੇ। ਇਸ ਨਾਲ ਬੈਟਰੀ ਲਾਈਫ ਵਧਾਈ ਜਾ ਸਕਦੀ ਹੈ।

ਐਪਲ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਕੰਪਨੀ ਨੇ ਉਨ੍ਹਾਂ ਦਾ ਭਰੋਸਾ ਤੋੜਿਆ ਹੈ। ਇਸ ਲਈ ਅਸੀਂ ਸਭ ਕੋਲੋਂ ਮੁਆਫੀ ਮੰਗਦੇ ਹਾਂ। ਕੰਪਨੀ ਨੇ ਕਿਹਾ ਹੈ ਕਿ ਪੁਰਾਣੇ ਆਈਫੋਨ 'ਚ ਨਵੀਂ ਬੈਟਰੀ ਲਗਾਉਣ ਨਾਲ ਕਿਸੇ ਤਰ੍ਹਾਂ ਦੇ ਸਲੋ ਹੋਣ ਨਾਲ ਜੁੜੇ ਅਪਡੇਟ ਦੀ ਸਮੱਸਿਆ ਤੋਂ ਬੱਚਿਆ ਜਾ ਸਕਦਾ ਹੈ। ਕੰਪਨੀ ਨੇ ਕਿਹਾ ਹੈ ਕਿ ਪਹਿਲਾਂ ਦਿੱਤਾ ਜਾਣ ਵਾਲਾ ਫੀਚਰ ਆਈਫੋਨ 'ਚ ਰਹੇਗਾ ਪਰ ਆਉਣ ਵਾਲੇ ਆਈ.ਓ.ਐੱਸ. ਅਪਡੇਟ ਦੇ ਨਾਲ ਗਾਹਕਾਂ ਨੂੰ ਆਈਫੋਨ ਬੈਟਰੀ ਹੈਲਥ ਬਾਰੇ ਜ਼ਿਆਦਾ ਬਿਹਤਰ ਢੰਗ ਨਾਲ ਜਾਣਕਾਰੀ ਮਿਲੇਗੀ। 
ਜ਼ਿਕਰਯੋਗ ਹੈ ਕਿ ਐਪਲ ਖਿਲਾਫ ਕੀਤੇ ਗਏ ਤਾਜ਼ਾ ਮੁਕੱਦਮੇ 'ਚ ਆਈਫੋਨ ਆਨਰਸ ਨੇ ਕਿਹਾ ਹੈ ਕਿ ਐਪਲ ਨੇ ਫੋਨ ਸਲੋ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਦਿੱਤੀ ਅਤੇ ਪੁਰਾਣੀ ਬੈਟਰੀ ਨੂੰ ਨਾ ਬਦਲਣ ਨੂੰ ਲੈ ਕੇ ਕੰਪਨੀ 'ਤੇ ਫਰਾਡ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।


Related News