ਐਮਾਜ਼ੋਨ, ਗੂਗਲ ਅਤੇ ਹੋਰ ਤਕਨੀਕੀ ਕੰਪਨੀਆਂ AI ਸਬੰਧੀ ਵ੍ਹਾਈਟ ਹਾਊਸ ਵੱਲੋਂ ਤੈਅ ਨਿਯਮਾਂ ’ਤੇ ਸਹਿਮਤ
Saturday, Jul 22, 2023 - 01:45 PM (IST)

ਵਾਸ਼ਿੰਗਟਨ, (ਏ. ਪੀ.)- ਐਮਾਜ਼ੋਨ, ਗੂਗਲ, ਮੈਟਾ, ਮਾਈਕ੍ਰੋਸਾਫਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਦੇ ਵਿਕਾਸ ਦੀ ਅਗਵਾਈ ਕਰਨ ਵਾਲੀਆਂ ਹੋਰ ਕੰਪਨੀਆਂ ਨੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਵੱਲੋਂ ਸਮਰਥਨ ਪ੍ਰਾਪਤ ਏ. ਆਈ. ਸੁਰੱਖਿਆ ਉਪਾਅ ਅਪਣਾਉਣ ਲਈ ਸਹਿਮਤੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਸੱਤ ਅਮਰੀਕੀ ਕੰਪਨੀਆਂ ਤੋਂ ਸਵੈ-ਇੱਛਤ ਭਰੋਸਾ ਪ੍ਰਾਪਤ ਕੀਤਾ ਹੈ ਜਿਸ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਦੇ ਏ. ਆਈ. ਉਤਪਾਦ ਪੇਸ਼ ਕੀਤੇ ਜਾਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਹਾਲਾਂਕਿ ਇਹ ਵੇਰਵਾ ਨਹੀਂ ਦਿੱਤਾ ਗਿਆ ਕਿ ਤਕਨਾਲੋਜੀ ਦਾ ਆਡਿਟ ਕੌਣ ਕਰੇਗਾ ਜਾਂ ਕੰਪਨੀਆਂ ਨੂੰ ਜਵਾਬਦੇਹ ਠਹਿਰਾਏਗਾ। ਏ. ਆਈ. ਟੂਲਜ਼ ਵਿਚ ਵਪਾਰਕ ਨਿਵੇਸ਼ ਦੇ ਵਾਧੇ ਨੇ ਲੋਕਾਂ ਨੂੰ ਧੋਖਾ ਦੇਣ ਅਤੇ ਗਲਤ ਜਾਣਕਾਰੀ ਫੈਲਾਉਣ ਦੀ ਸੰਭਾਵਨਾ ਦੇ ਨਾਲ-ਨਾਲ ਹੋਰ ਖਤਰਿਆਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਏ. ਆਈ. ਟੂਲ ਮਨੁੱਖ ਵਾਂਗ ਲਿਖ ਸਕਦੇ ਹਨ ਅਤੇ ਨਵੀਆਂ ਤਸਵੀਰਾਂ ਬਣਾ ਸਕਦੇ ਹਨ।