ਇਹ ਹੈ 3ਡੀ ਪ੍ਰਿੰਟਿੰਗ ਤਕਨੀਕ ਨਾਲ ਬਣਿਆ ਦੁਨੀਆ ਦਾ ਪਹਿਲਾ ਮਿੰਨੀ ਜਹਾਜ਼
Monday, Jun 06, 2016 - 02:53 PM (IST)

ਜਲੰਧਰ— ਬਰਲਿਨ ਏਅਰ ਸ਼ੋਅ ਦੌਰਾਨ ਵੱਡੇ ਏਅਰਕ੍ਰਾਫਟਸ ਦੇ ਜਮ੍ਹਾਵੜੇ ''ਚ ਇਕ ਬਹੁਤ ਛੋਟਾ ਜਿਹਾ ਜਹਾਜ਼ Thor ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਦੀ ਖਾਸੀਅਤ ਇਹ ਹੈ ਕਿ ਇਹ ਦੁਨੀਆ ਦਾ ਪਹਿਲਾ 3ਡੀ ਪ੍ਰਿੰਟਿਡ ਏਅਰਕ੍ਰਾਫਟ ਹੈ।
ਯੂਰਪ ਦੀ ਏਅਰਕ੍ਰਾਫਟ ਬਣਾਉਣ ਵਾਲੀ ਕੰਪਨੀ ਏਅਰਬਸ ਦਾ ਇਹ ਛੋਟਾ ਬਿਨਾਂ ਪਾਇਲਟ ਵਾਲਾ ਏਅਰਕ੍ਰਾਫਟ ਕਾਫੀ ਖਾਸ ਹੈ। ਜੇਕਰ ਇਸੇ ਦੀ ਤਰਜ਼ ''ਤੇ 3ਡੀ ਪ੍ਰਿੰਟਿੰਗ ਨਾਲ ਵੱਡੇ ਏਅਰਕ੍ਰਾਫਟ ਬਣਨ ਲੱਗ ਜਾਣ ਤਾਂ ਸਮਾਂ ਤੇ ਪੈਸੇ, ਦੋਵਾਂ ਦੀ ਬਚਤ ਹੋਵੇਗੀ। ਦੱਸ ਦਈਏ ਕਿ ਥਾਰ ''ਚ ਕੋਈ ਖਿੜਕੀ ਨਹੀਂ ਹੈ। ਇਸ ਦਾ ਭਾਰ 21 ਕਿਲੋ ਹੈ ਅਤੇ ਲੰਬਾਈ 4 ਮੀਟਰ।
ਏਅਰਬਸ ਲਈ ਥਾਰ ਨੂੰ ਬਣਾਉਣ ਵਾਲੀ ਟੀਮ ਦੇ ਇੰਚਾਰਜ਼ ਦੇਤਲੇਵ ਕਾਨਿਗੋਸਰਕੀ ਨੇ ਕਿਹਾ ਕਿ ਇਹ ਤਾਂ ਇਕ ਝਲਕ ਹੈ ਕਿ 3ਡੀ ਪ੍ਰਿੰਟਿੰਗ ਟੈਕਨਾਲੋਜੀ ਦੀ ਮਦਦ ਨਾਲ ਕੀ ਕੀਤਾ ਜਾ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ 3ਡੀ ਪ੍ਰਿੰਟਿੰਗ ਟੈਕਨਾਲੋਜੀ ਨਾਲ ਨਾ ਸਿਰਫ ਵੱਖ-ਵੱਖ ਪਾਰਟਸ ਬਣਾਏ ਜਾਣ ਸਗੋਂ ਪੂਰੇ ਸਿਸਟਮ ਨੂੰ ਤਿਆਰ ਕਰਨ ਦੀ ਪ੍ਰਕਿਰਿਆ ''ਚ ਤੇਜ਼ੀ ਲਿਆਈ ਜਾਵੇ।
ਥਾਰ ''ਚ ਸਿਰਫ ਉਹ ਹਿੱਸੇ ਪ੍ਰਿੰਟ ਨਹੀਂ ਕੀਤੇ ਗਏ ਹਨ ਜੋ ਇਲੈਕਟ੍ਰਿਕਲ ਐਲੀਮੈਂਟਸ ਨਾਲ ਬਣੇ ਹਨ। ਚੀਫ ਇੰਜੀਨੀਅਰ ਗੁਨਰ ਹਾਸ ਨੇ ਕਿਹਾ ਕਿ ਇਹ ਜਹਾਜ਼ ਬੜੀ ਖੂਬਸੂਰਤੀ ਨਾਲ ਉੱਡਦਾ ਹੈ ਅਤੇ ਬਹੁਤ ਸਥਿਰ ਹੈ। ਜਰਮਨੀ ਦੇ ਉੱਤਰੀ ਸ਼ਹਿਰ ਹੈਮਬਰਗ ''ਚ ਪਿਛਲੇ ਸਾਲ ਨਵੰਬਰ ''ਚ ਇਸ ਨੂੰ ਪਹਿਲੀ ਵਾਰ ਉਡਾਇਆ ਗਿਆ ਸੀ। ਏਅਰਬਸ ਅਤੇ ਇਸ ਦੀ ਵਿਰੋਧੀ ਕੰਪਨੀ ਬੋਇੰਗ ਆਪਣੇ ਪੈਸੰਜਰ ਜੈੱਟਸ ਏ350 ਅਤੇ ਬੀ787 ਡਰੀਮ ਲਾਈਨਰ ਦੇ ਪੁਰਜੇ ਬਣਾਉਣ ਲਈ ਪਹਿਲਾਂ ਹੀ 3ਡੀ ਪ੍ਰਿੰਟਿੰਗ ਟੈਕਨਾਲੋਜੀ ਦੀ ਵਰਤੋਂ ਕਰ ਰਹੀ ਹੈ।