ਫੇਸਬੁੱਕ ਦੀ ਫੱਟੀ ਪੋਚ ਰਹੇ ਹਨ ਯੂਜ਼ਰਸ, ਲੋਕਾਂ ਦਾ ਟੁੱਟਿਆ ਮੋਹ
Thursday, Sep 06, 2018 - 08:03 PM (IST)

ਜਲੰਧਰ—ਫੇਸਬੁੱਕ-ਕੈਂਬ੍ਰਿਜ ਐਨਾਲਿਟਿਕਾ ਡਾਟਾ ਸਕੈਂਡਲ ਦਾ ਅਸਰ ਫੇਸਬੁੱਕ 'ਤੇ ਦਿਖ ਰਿਹਾ ਹੈ। ਇਕ ਨਵੇਂ ਅਧਿਐਨ ਮੁਤਾਬਕ ਚਾਰ ਲੋਕਾਂ ਚੋਂ ਇਕ ਤੋਂ ਜ਼ਿਆਦਾ ਯੂਜ਼ਰ ਨੇ ਫੇਸਬੁੱਕ ਡਿਲੀਟ ਕੀਤਾ ਹੈ। ਇਹ ਅੰਕੜੇ ਮੋਬਾਇਲ ਤੋਂ ਫੇਸਬੁੱਕ ਐਪ ਡਿਲੀਟ ਕਰਨ ਦੇ ਹਨ, ਨਾ ਕਿ ਫੇਸਬੁੱਕ ਅਕਾਊਂਟ ਡਿਲੀਟ ਕਰਨ ਦੇ। ਖਾਸ ਗੱਲ ਇਹ ਹੈ ਕਿ ਫੇਸਬੁੱਕ ਡਿਲੀਟ ਕਰਨ ਵਾਲੇ ਯੂਜ਼ਰਸ ਦੀ ਉਮਰ 18 ਤੋਂ 29 ਸਾਲ ਦੀ ਹੈ। ਕਿਉਂਕਿ ਡਿਲੀਟ ਕਰਨ ਵਾਲੇ 44 ਫੀਸਦੀ ਯੂਜ਼ਰਸ ਨੌਜਵਾਨ ਹਨ। ਪਿਊ ਡਾਟਾ ਮੁਤਾਬਕ ਫੇਸਬੁੱਕ ਯੂਜ਼ਰਸ ਚੋਂ ਲਗਭਗ 74 ਫੀਸਦੀ ਯੂਜ਼ਰਸ ਨੇ ਆਪਣੇ ਫੇਸਬੁੱਕ ਅਕਾਊਂਟ 'ਚ ਜ਼ਰੂਰੀ ਬਦਲਾਅ ਕੀਤੇ ਹਨ। ਜਿਵੇਂ ਫੇਸਬੁੱਕ ਦੀ ਪ੍ਰਾਈਵੇਸੀ ਸੈਟਿੰਗ 'ਚ ਬਦਲਾਅ, ਕੁਝ ਹਫਤਿਆਂ ਲਈ ਫੇਸਬੁੱਕ ਤੋਂ ਬ੍ਰੇਕ ਜਾਂ ਫਿਰ ਫੇਸਬੁੱਕ ਨੂੰ ਫੋਨ ਤੋਂ ਹੀ ਡਿਲੀਟ ਕਰਨਾ।
ਪਿਊ ਰਿਸਰਚ ਨੇ ਇਹ ਅਧਿਐਨ ਅਮਰੀਕਾ ਦੇ ਬਾਲਗਾਂ 'ਤੇ 29 ਮਈ ਤੋਂ ਲੈ ਕੇ ਜੂਨ 11 ਤੱਕ ਕੀਤਾ ਹੈ ਅਤੇ ਇਹ ਅਜਿਹਾ ਸਮਾਂ ਸੀ ਜਦ ਕੈਂਬ੍ਰਿਜ ਐਨਾਲਿਟਿਕਾ ਡਾਟਾ ਸਕੈਂਡਲ ਨੂੰ ਲੈ ਕੇ ਫੇਸਬੁੱਕ ਸਵਾਲਾਂ ਦੇ ਘੇਰੇ 'ਚ ਸੀ। ਪਿਊ ਰਿਸਰਚ ਦੀ ਇਕ ਪੋਲ ਮੁਤਾਬਕ ਅਮਰੀਕੀ ਫੇਸਬੁੱਕ ਦੇ ਤਕਰੀਬਨ ਚੌਥੇ ਹਿੱਸੇ (ਯੂਜ਼ਰਸ) ਨੇ ਆਪਣੇ ਫੋਨ 'ਚੋਂ ਐਪ ਡਿਲੀਟ ਕੀਤਾ। 54 ਫੀਸਦੀ ਅਮਰੀਕੀ ਯੂਜ਼ਰਸ ਨੇ ਐਪ ਸੈਟਿੰਗ 'ਚ ਕਈ ਤਬਦੀਲੀਆਂ ਕੀਤੀਆਂ ਅਤੇ ਇੰਨਾਂ 'ਚੋਂ 42 ਫੀਸਦੀ ਯੂਜ਼ਰਸ ਨੇ ਕੁਝ ਹਫਤਿਆਂ ਲਈ ਫੇਸਬੁੱਕ ਐਪ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ। ਦੱਸਣਯੋਗ ਹੈ ਕਿ ਪਿਊ ਰਿਸਰਚ ਨੇ ਇਹ ਸਰਵੇ 4,594 ਯੂਜ਼ਰਸ 'ਤੇ ਕੀਤਾ ਹੈ।
ਫੇਸਬੁੱਕ ਨੇ ਇਕ ਅੰਗ੍ਰੇਜੀ ਅਖਬਾਰ ਨੂੰ ਦਿੱਤੇ ਇਕ ਬਿਆਨ 'ਚ ਕਿਹਾ ਕਿ ਹਾਲ ਹੀ ਦੇ ਮਹੀਨਿਆਂ 'ਚ ਅਸੀਂ ਆਪਣੀ ਪਾਲਿਸੀ ਬਾਰੇ ਸਪੱਸ਼ਟ ਕਰ ਦਿੱਤਾ ਅਤੇ ਆਪਣੀ ਨਿੱਜਤਾ ਸੈਟਿੰਗ ਨੂੰ ਲੱਭਣਾ ਸੁਖਾਲਾ ਕੀਤਾ ਹੈ। ਇਸ ਤੋਂ ਇਲਾਵਾ ਅਸੀਂ ਲੋਕਾਂ ਲਈ ਬਿਹਤਰ ਟੂਲ ਦਿੱਤੇ ਹਨ ਤਾਂ ਜੋ ਉਹ ਆਪਣੀ ਜਾਣਕਾਰੀ ਨੂੰ ਐਕਸੈੱਸ ਕਰ ਸਕਣ, ਡਾਊਨਲੋਡ ਕਰ ਸਕਣ ਜਾਂ ਡਿਲੀਟ ਕਰ ਸਕਣ। ਅਸੀਂ ਸਿੱਖਿਆ ਕੈਂਪੇਨ ਵੀ ਸ਼ੁਰੂ ਕੀਤੇ ਹਨ ਜੋ ਪੂਰੀ ਦੁਨੀਆ ਦੇ ਫੇਸਬੁੱਕ ਯੂਜ਼ਰ ਨੂੰ ਇਹ ਦੱਸਦਾ ਹੈ ਕਿ ਉਹ ਆਪਣੀ ਜਾਣਕਾਰੀ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਨ।