ਪੰਜਾਬ 'ਚ ਅੱਤਵਾਦੀ ਗਿਰੋਹ ਦਾ ਪਰਦਾਫਾਸ਼, 5 ਵਿਦੇਸ਼ੀ ਪਿਸਤੌਲ ਤੇ ਮੈਗਜ਼ੀਨਾਂ ਸਣੇ 4 ਗ੍ਰਿਫ਼ਤਾਰ

Saturday, Nov 04, 2023 - 01:33 PM (IST)

ਪੰਜਾਬ 'ਚ ਅੱਤਵਾਦੀ ਗਿਰੋਹ ਦਾ ਪਰਦਾਫਾਸ਼, 5 ਵਿਦੇਸ਼ੀ ਪਿਸਤੌਲ ਤੇ ਮੈਗਜ਼ੀਨਾਂ ਸਣੇ 4 ਗ੍ਰਿਫ਼ਤਾਰ

ਫਾਜ਼ਿਲਕਾ/ਅਬੋਹਰ (ਨਾਗਪਾਲ, ਸੁਨੀਲ) : ਫਾਜ਼ਿਲਕਾ ਪੁਲਸ ਨੇ ਫਾਜ਼ਿਲਕਾ ਜ਼ਿਲ੍ਹੇ ’ਚ ਖਾਲਿਸਤਾਨ ਪੱਖੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਬੀ. ਕੇ. ਆਈ. ਦੇ ਮੁਖੀ ਹਰਵਿੰਦਰ ਸਿੰਘ ਰਿੰਦਾ ਵਾਸੀ ਨਾਂਦੇੜ ਮਹਾਰਾਸ਼ਟਰ (ਹੁਣ ਪਾਕਿਸਤਾਨ) ਨੂੰ ਵੀ ਐੱਫ. ਆਈ. ਆਰ. ’ਚ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਪੰਜ ਵਿਦੇਸ਼ੀ ਪਿਸਤੌਲ, 9 ਮੈਗਜ਼ੀਨ ਅਤੇ 23 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ, ਮਚਿਆ ਚੀਕ-ਚਿਹਾੜਾ

ਫਾਜ਼ਿਲਕਾ ਦੇ ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਨਜੀਤ ਸਿੰਘ ਐੱਸ.ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ ਦੀ ਨਿਗਰਾਨੀ ਹੇਠ ਅਰੁਣ ਮੁੰਡਨ, ਉਪ ਕਪਤਾਨ ਪੁਲਸ ਅਬੋਹਰ ਦੀ ਅਗਵਾਈ ’ਚ ਇੰਸਪੈਕਟਰ ਪਰਮਜੀਤ ਕੁਮਾਰ ਮੁੱਖ ਅਫ਼ਸਰ ਥਾਣਾ ਖੂਈਆਂ ਸਰਵਰ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕਰਨ ’ਚ ਅਹਿਮ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ 10 ਸਤੰਬਰ ਨੂੰ ਇੰਸਪੈਕਟਰ ਪਰਮਜੀਤ ਕੁਮਾਰ ਵੱਲੋਂ ਅਬੋਹਰ-ਸ਼੍ਰੀ ਗੰਗਾਨਗਰ ਰੋਡ ’ਤੇ ਗੁੰਮਜਾਲ ਬੈਰੀਅਰ ਉਤੇ ਇੰਟਰ ਸਟੇਟ ਨਾਕਾਬੰਦੀ ਚੈਕਿੰਗ ਦੌਰਾਨ ਦੋ ਨੌਜਵਾਨਾਂ ਸ਼ਰਨਜੀਤ ਸਿੰਘ ਵਾਸੀ ਮਾਨ, ਥਾਣਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਤੇ ਵਿਲੀਅਮ ਮਸੀਹ ਉਰਫ ਗੋਲੀ ਵਾਸੀ ਧਰਮਕੋਟ ਪੱਤਣ, ਥਾਣਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰਕੇ ਉਨ੍ਹਾ ਕੋਲੋਂ 2 ਪਿਸਤੌਲ, 3 ਮੈਗਜੀਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ ਤੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਚੜ੍ਹਦੇ ਸਿਆਲ ਬਠਿੰਡਾ ਸਣੇ ਪੰਜਾਬ ਦੇ ਕਈ ਸ਼ਹਿਰਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ

ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਐੱਫ.ਆਈ.ਆਰ. ’ਚ ਇਨ੍ਹਾਂ ਦੇ ਦੋ ਹੋਰ ਸਾਥੀਆਂ ਸਹਿਜਪ੍ਰੀਤ ਸਿੰਘ ਉਰਫ਼ ਨਿਰਵੈਰ ਸਿੰਘ ਉਰਫ਼ ਸੰਨੀ ਵਾਸੀ ਪਿੰਡ ਕੋਠੇ, ਥਾਣਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਅਤੇ ਕੈਲਾਸ਼ ਖਿਚਨ ਵਾਸੀ ਤਹਿਸੀਲ ਫਲੋਦੀ ਜ਼ਿਲ੍ਹਾ ਜੋਧਪੁਰ (ਰਾਜਸਥਾਨ) ਨੂੰ ਨਾਮਜ਼ਦ ਕੀਤਾ। ਫਾਜ਼ਿਲਕਾ ਪੁਲਸ ਨੇ ਸਹਿਜਪ੍ਰੀਤ ਸਿੰਘ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਨਤੀਜੇ ਵਜੋਂ 27 ਅਕਤੂਬਰ ਨੂੰ ਉਸ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਵਿਦੇਸ਼ ਜਾਣ ਵਾਲਾ ਸੀ। ਪੁਲਸ ਨੇ ਉਸ ਕੋਲੋਂ ਚੀਨ ਦੇ ਬਣੇ ਤਿੰਨ ਪਿਸਤੌਲ, 6 ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਦੱਸਿਆ ਜਾਂਦਾ ਹੈ ਕਿ ਸਹਿਜਪ੍ਰੀਤ ਸਿੰਘ ਨੇ ਇਹ ਹਥਿਆਰ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਏ ਸਨ।

ਇਹ ਵੀ ਪੜ੍ਹੋ : ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕਰਨ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦਾ ਵੱਡਾ ਬਿਆਨ

ਐੱਸ.ਐੱਸ. ਪੀ. ਨੇ ਅੱਗੇ ਦੱਸਿਆ ਕਿ ਸਹਿਜਪ੍ਰੀਤ ਸਿੰਘ, ਰਿੰਦਾ, ਬੀ.ਕੇ.ਆਈ. ਦੇ ਇਕ ਹੋਰ ਮੈਂਬਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸ਼ੀਆ ਵਾਸੀ ਜ਼ਿਲ੍ਹਾ ਅੰਮ੍ਰਿਤਸਰ (ਹੁਣ ਅਮਰੀਕਾ) ਅਤੇ ਨਿਸ਼ਾਨ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ (ਹੁਣ ਯੂਨਾਈਟਿਡ ਕਿੰਗਡਮ) ਦੇ ਸੰਪਰਕ ’ਚ ਸੀ। ਇਹ ਹਥਿਆਰਾਂ ਅਤੇ ਜਾਅਲੀ ਕਰੰਸੀ ਦੀ ਸਮੱਗਲਿੰਗ ਸੰਬੰਧੀ ਇਨ੍ਹਾਂ ਨਾਲ ਸੰਪਰਕ ’ਚ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਇਹ ਗਿਰੋਹ ਆਈ.ਐੱਸ.ਆਈ ਨਾਲ ਰਲ ਕੇ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ’ਚ ਦੇਸ਼ ਵਿਰੋਧੀ ਅੱਤਵਾਦੀ ਸਰਗਰਮੀਆਂ ਚਲਾ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨੂੰ ਸਖ਼ਤ ਹਦਾਇਤਾਂ ਜਾਰੀ

ਸ਼੍ਰੀ ਢੇਸੀ ਨੇ ਦੱਸਿਆ ਕਿ ਅੱਤਵਾਦੀ ਗਿਰੋਹ ਦਾ ਇਕ ਹੋਰ ਮੈਂਬਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਕੋਠੇ, ਜ਼ਿਲ੍ਹਾ ਗੁਰਦਾਸਪੁਰ ਨੂੰ ਪੰਜਾਬ ’ਚ ਵੀ.ਆਈ.ਪੀਜ਼ ਦੀ ਰੇਕੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਹੁਣ ਐੱਫ.ਆਈ.ਆਰ ’ਚ ਗ਼ੈਰ-ਕਾਨੂੰਨੀ ਸਰਗਮੀਆਂ ਰੋਕੂ ਕਾਨੂੰਨ ਦੀਆਂ 17, 18, 20 ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਮੁਕੱਦਮੇ ’ਚ ਹੁਣ ਤੱਕ 4 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News