ਵੱਡੀ ਖ਼ਬਰ: ਸੁਖਪਾਲ ਖਹਿਰਾ ਖ਼ਿਲਾਫ਼ ਪੁਲਸ ਨੇ ਕੋਰਟ 'ਚ ਪੇਸ਼ ਕੀਤੇ ਨਵੇਂ ਸਬੂਤ

Thursday, Oct 12, 2023 - 05:15 PM (IST)

ਫਾਜ਼ਿਲਕਾ/ਜਲਾਲਾਬਾਦ (ਬਿਊਰੋ) : ਡਰੱਗ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੁਲਸ ਨੇ ਅੱਜ ਮੁੜ ਜਲਾਲਾਬਾਦ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਖਹਿਰਾ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਸੁਖਪਾਲ ਖਹਿਰਾ ਖ਼ਿਲਾਫ਼ ਕੋਰਟ ਵਿੱਚ ਨਵੇਂ ਸਬੂਤ ਪੇਸ਼ ਕੀਤੇ ਹਨ ਅਤੇ ਇਸੇ ਆਧਾਰ 'ਤੇ ਖਹਿਰਾ ਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਮਿਲਿਆ ਹੈ। ਖਹਿਰਾ ਤੋਂ ਪੁਲਸ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਕਾਰਵਾਈ, 4 ਵਾਰ ਵਿਧਾਇਕ ਰਹੇ ਆਗੂ ਨੂੰ ਪਾਰਟੀ 'ਚੋਂ ਕੀਤਾ ਮੁਅੱਤਲ

ਉਧਰ ਡਰੱਗਜ਼ ਮਾਮਲੇ 'ਚ ਘਿਰੇ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਹਾਈਕੋਰਟ ਨੇ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ 3 ਦਿਨਾਂ ਤੱਕ ਚੱਲਣ ਮਗਰੋਂ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ। ਦੱਸਣਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਉਨ੍ਹਾਂ 'ਤੇ ਹੋਈ ਕਾਰਵਾਈ ਅਤੇ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਪਾਕਿ ਨਾਲ ਜੁੜੀਆਂ ਤਾਰਾਂ, ਸਿਟ ਦੀ ਰਿਪੋਰਟ ਨੇ ਖੋਲ੍ਹੇ ਰਾਜ਼

ਜ਼ਿਕਰਯੋਗ ਹੈ ਕਿ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 28 ਸਤੰਬਰ ਨੂੰ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਗ੍ਰਿਫ਼ਤਾਰੀ ਜਲਾਲਾਬਾਦ ਪੁਲਸ ਵੱਲੋਂ ਕੀਤੀ ਗਈ। ਪੁਲਸ ਅਨੁਸਾਰ ਇਹ ਕਾਰਵਾਈ ਖਹਿਰਾ ਖ਼ਿਲਾਫ 2015 ਦੇ ਐੱਨ. ਡੀ. ਪੀ. ਐੱਸ. ਮਾਮਲੇ 'ਚ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਖ਼ਿਲਾਫ਼ ਨਸ਼ਾ ਤਸਕਰੀ (ਐੱਨ. ਡੀ. ਪੀ. ਐੱਸ. ਐਕਟ) ਦਾ ਪੁਰਾਣਾ ਮਾਮਲਾ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਖ਼ਿਲਾਫ਼ 2015 ਦੇ ਇਕ ਪੁਰਾਣੇ ਡਰੱਗ ਮਾਮਲੇ 'ਚ ਜਾਂਚ ਚੱਲ ਰਹੀ ਸੀ। ਹੁਣ ਉਸ ਨੂੰ ਡੀ. ਆਈ. ਜੀ. ਦੀ ਅਗਵਾਈ ਵਾਲੀ ਐੱਸ. ਆਈ. ਟੀ. ਦੀ ਰਿਪੋਰਟ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਐੱਸ. ਆਈ. ਟੀ. ਵਿੱਚ ਦੋ ਐੱਸ. ਐੱਸ. ਪੀਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ

ਕੀ ਕਹਿੰਦੀ ਹੈ 2015 ਦੀ ਐੱਸ. ਆਈ. ਟੀ. ਦੀ ਰਿਪੋਰਟ

ਪੂਰਾ ਮਾਮਲਾ ਇੰਟਰਨੈਸ਼ਨਲ ਡਰੱਗਜ਼ ਕਾਰਟੇਲ ਦਾ ਸੀ, ਜਿਸ ਦਾ ਮੁੱਖ ਮੁਲਜ਼ਮ ਮੇਜਰ ਸਿੰਘ ਬਾਜਵਾ ਸੀ, ਜੋ ਈਸਟ ਲੰਡਨ ਦਾ ਰਹਿਣ ਵਾਲਾ ਸੀ। ਮੇਜਰ ਸਿੰਘ ਬਾਜਵਾ ਦਾ ਪਾਕਿਸਤਾਨ ਬੇਸਡ ਇਮਤਿਆਜ਼ ਕਾਲਾ ਨਾਲ ਸਿੱਧਾ ਸਬੰਧ ਸੀ। ਇਮਤਿਆਜ਼ ਕਾਲਾ ਆਈ. ਐੱਸ. ਆਈ. ਦਾ ਡਰੱਗ ਹੈਂਡਲਰ ਸੀ, ਜੋ ਭਾਰਤ ਵਿਚ ਡਰੱਗਜ਼ ਸਪਲਾਈ ਕਰਦਾ ਸੀ।

ਦੂਜੇ ਪਾਸੇ ਮੇਜਰ ਸਿੰਘ ਬਾਜਵਾ, ਗੁਰਦੇਵ ਸਿੰਘ ਨਾਲ ਸਿੱਧੇ ਸੰਪਰਕ ਵਿਚ ਸੀ। ਗੁਰਦੇਵ ਸਿੰਘ ਦੀ ਭੈਣ ਚਰਨਜੀਤ ਕੌਰ ਈਸਟ ਲੰਡਨ ਵਿਚ ਰਹਿੰਦੀ ਸੀ। ਅਜਿਹਾ ਸਾਬਤ ਹੁੰਦਾ ਹੈ ਕਿ ਗੁਰਦੇਵ ਸਿੰਘ ਅਤੇ ਮੇਜਰ ਬਾਜਵਾ ਦਰਮਿਆਨ ਦੀ ਅਹਿਮ ਕੜੀ ਚਰਨਜੀਤ ਕੌਰ ਸੀ। ਪੁਲਸ ਨੇ ਆਪਣੀ ਕਾਰਵਾਈ ਵਿਚ ਇਸ ਰੈਕੇਟ ਤੋਂ ਵੱਡੀ ਰਿਕਵਰੀ ਕੀਤੀ। 1 ਕਿਲੋ 800 ਗ੍ਰਾਮ ਹੈਰੋਇਨ, 24 ਗੋਲਡ ਬਿਸਕੁਟ 333 ਗ੍ਰਾਮ, ਇਕ ਕੰਟਰੀ ਮੇਡ ਪਿਸਤੌਲ 2 ਕਾਰਤੂਸਾਂ ਨਾਲ, ਇਕ ਰਿਵਾਲਵਰ 25 ਕਾਰਤੂਸਾਂ ਨਾਲ, 2 ਪਾਕਿਸਤਾਨੀ ਸਿਮ, ਇਕ ਮੋਬਾਇਲ, ਇਕ ਟਾਟਾ ਸਫਾਰੀ ਐੱਕਸ. ਯੂ. ਵੀ. ਜੋ ਗੁਰਦੇਵ ਸਿੰਘ ਚੇਅਰਮੈਨ ਦੇ ਨਾਂ ਸੀ। ਇਨ੍ਹਾਂ ਦਾ ਪਾਕਿਸਤਾਨ ਵਿਚ ਬੈਠੇ ਇਮਤਿਆਜ਼ ਕਾਲਾ ਨਾਲ ਸੰਪਰਕ ਸੀ, ਜੋ ਲਾਹੌਰ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ

ਐੱਸ. ਆਈ. ਟੀ. 2015 ਦੀ ਰਿਪੋਰਟ ਮੁਤਾਬਕ ਸੁਖਪਾਲ ਸਿੰਘ ਖਹਿਰਾ ਇਸ ਡਰੱਗਜ਼ ਸਮੱਗਲਿੰਗ ਦੇ ਮਾਡਿਊਲ ਨਾਲ ਸੰਪਰਕ ਵਿਚ ਸਨ, ਜਿਸ ਵਿਚ ਚਰਨਜੀਤ ਕੌਰ ਨਾਲ ਉਨ੍ਹਾਂ ਸਿੱਧੀ ਗੱਲ ਕੀਤੀ। ਖਹਿਰਾ ਨੇ ਆਪਣੇ ਡਰਾਈਵਰ ਮਨਜੀਤ ਅਤੇ ਆਪਣੇ ਪੀ. ਏ. ਮਨੀਸ਼ ਦੇ ਫੋਨ ਤੋਂ ਚਰਨਜੀਤ ਕੌਰ ਨਾਲ ਗੱਲ ਕੀਤੀ। ਐੱਸ. ਆਈ. ਟੀ. ਦੀ ਰਿਪੋਰਟ ਮੁਤਾਬਕ ਕਨਵਰਸੇਸ਼ਨ ਚਾਰਟ 4 ਮਾਰਚ, 2015 ਨੂੰ ਇਹ ਦਿਖਾਉਂਦਾ ਹੈ ਕਿ ਚਰਨਜੀਤ ਕੌਰ, ਗੁਰਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਆਪਸ ਵਿਚ ਇਕ-ਦੂਜੇ ਦੇ ਸੰਪਰਕ ਵਿਚ ਸਨ। ਪੀ. ਐੱਸ. ਓ. ਜੋਗਾ ਸਿੰਘ ਰਾਹੀਂ ਗੁਰਦੇਵ ਸਿੰਘ, ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਕਰਦਾ ਸੀ।

ਰਿਪੋਰਟ ਮੁਤਾਬਕ ਸੁਖਪਾਲ ਖਹਿਰਾ ਨੇ ਗੁਰਦੇਵ ਸਿੰਘ ਐਕਸ ਚੇਅਰਮੈਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਚਰਨਜੀਤ ਕੌਰ ਲਗਾਤਾਰ ਸੁਖਪਾਲ ਖਹਿਰਾ ਅਤੇ ਗੁਰਦੇਵ ਸਿੰਘ ਦੇ ਸੰਪਰਕ ਵਿਚ ਸੀ। ਚਰਨਜੀਤ ਕੌਰ ਨੇ ਗੁਰਦੇਵ ਸਿੰਘ ਨੂੰ 20 ਅਤੇ ਸੁਖਪਾਲ ਖਹਿਰਾ ਨੂੰ 16 ਕਾਲਾਂ ਕੀਤੀਆਂ। ਚਰਨਜੀਤ ਕੌਰ ਨੇ ਇਕ ਕਾਨਫਰੰਸ ਕਾਲ ਖਹਿਰਾ ਦੇ ਪੀ. ਏ. ਮਨੀਸ਼ ਨੂੰ ਕੀਤੀ। ਚਰਨਜੀਤ ਕੌਰ ਨੇ ਜੋਗਾ ਸਿੰਘ ਜੋ ਕਿ ਖਹਿਰਾ ਦਾ ਪੀ. ਐੱਸ. ਓ. ਸੀ, ਨੂੰ 8 ਕਾਲਾਂ ਕੀਤੀਆਂ। ਮੇਜਰ ਬਾਜਵਾ ਨੇ ਗੁਰਦੇਵ ਸਿੰਘ ਨਾਲ 14 ਵਾਰ ਫੋਨ ’ਤੇ ਗੱਲ ਕੀਤੀ।

ਇਹ ਵੀ ਪੜ੍ਹੋ : ਹਮਾਸ ਦੇ ਸਮਰਥਨ 'ਚ ਆਏ ਈਰਾਨ ਨੂੰ ਅਮਰੀਕੀ ਰਾਸ਼ਟਰਪਤੀ ਨੇ ਦਿੱਤੀ ਵੱਡੀ ਚਿਤਾਵਨੀ

ਜਦੋਂ ਗੁਰਦੇਵ ਸਿੰਘ ਐਕਸ ਚੇਅਰਮੈਨ 27/2/2015 ਤੋਂ 8/3/2015 ਦਰਮਿਆਨ ਫ਼ਰਾਰ ਸੀ, ਉਸ ਦੌਰਾਨ ਉਸ ਨੇ 5 ਵਾਰ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਅਤੇ ਚਰਨਜੀਤ ਕੌਰ ਨੇ ਸੁਖਪਾਲ ਖਹਿਰਾ ਨਾਲ 15 ਵਾਰ ਗੱਲਬਾਤ ਕੀਤੀ, ਜਿਸ ਵਿਚ 4 ਵਾਰ ਖਹਿਰਾ ਦੇ ਨੰਬਰ ’ਤੇ, 10 ਵਾਰ ਜੋਗਾ ਸਿੰਘ ਦੇ ਨੰਬਰ ’ਤੇ ਅਤੇ ਇਕ ਵਾਰ ਪੀ. ਏ. ਮਨੀਸ਼ ਦੇ ਨੰਬਰ ’ਤੇ ਗੱਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News