ਕੁਦਰਤ ਤੋਂ ਬਲਿਹਾਰੈ ਜਾਈਏ

05/01/2020 6:55:58 PM

ਗੁਰਬਾਣੀ ਦੀਆਂ ਤੁਕਾਂ ਨੇ "ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ॥"

ਕੁਦਰਤ ਰਹੱਸ ਮਈ ਹੈ, ਕੁਦਰਤ ਭਰਪੂਰ ਸੁੰਦਰਤਾ ਦਾ ਖਜ਼ਾਨਾ ਹੈ। ਕੁਦਰਤ ਨੂੰ ਸਮਝਣਾ ਅਤੇ ਉਸਦੀ ਸੁੰਦਰਤਾ ਦਾ ਅਨੰਦ ਮਾਨਣਾ ਸਾਡੀ ਸਮਰੱਥਾ ਤੋਂ ਬਾਹਰ ਹੈ। ਕੁਦਰਤ ਮਨੁੱਖ ਦਾ ਵੱਡਾ ਗੁਰੂ, ਵੱਡਾ ਅਧਿਆਪਕ ਵੀ ਹੈ। ਮਨੁੱਖ ਕੁਦਰਤ ਦੀ ਹੀ ਉਪਜ ਹੈ। ਕੁਦਰਤ ਦੇ ਪੰਜ ਤੱਤ ਮਨੁੱਖ ਨੂੰ ਬੁਨਿਆਦੀ ਗੁਣਾਂ ਦੀ ਸਿੱਖਿਆ ਦਿੰਦੇ ਹਨ। ਮਨੁੱਖ ਨੂੰ ਕੁਦਰਤ ’ਚ ਪੈਦਾ ਹੋ ਕੇ ਕੁਦਰਤ ਦੇ ਅਸੂਲਾਂ ਅਨੁਸਾਰ ਜੀਵਣ ਬਤੀਤ ਕਰਨ ਲਈ ਪ੍ਰੇਰਦੇ ਹਨ। ਕੁਦਰਤ ਦੀ ਹਰ ਛੋਟੀ-ਛੋਟੀ ਉਪਜ ਸਾਨੂੰ ਸਿਖਾ ਰਹੀ ਹੈ।

ਹਵਾ ਸਾਨੂੰ ਸਖਾਉਂਦੀ ਹੈ ਕਿ ਆਪਣੀ ਸੀਮਾ ਵਿਚ ਰਹਿ ਕੇ ਆਪਣੇ ਰਸਤੇ ਕਿਵੇਂ ਬਣਾਈਦੇ ਹਨ ਤਾਂ ਕਿ ਜੀਵਣ ਹਮੇਸ਼ਾ ਚਲਦਾ ਰਹੇ। ਜੇਕਰ ਹਵਾ ਆਪਣੀਆਂ ਸੀਮਾਵਾਂ ਭੁੱਲ ਜਾਵੇ ਤਾਂ ਚਾਰੇ ਪਾਸੇ ਤੁਫਾਨ ਆ ਜਾਂਦਾ ਹੈ, ਜਿਸ ਨਾਲ ਕੇਵਲ ਤਬਾਹੀ ਹੀ ਹੁੰਦੀ ਹੈ। ਮਨੁੱਖ ਵੀ ਜੇਕਰ ਆਪਣੀਆਂ ਸੀਮਾਵਾਂ ਭੁੱਲੇਗਾ ਤਾਂ ਜੀਵਣ ਵਿਚ ਖੁਦ ਵੀ ਤੁਫਾਨ ਹੀ ਪੈਦਾ ਕਰੇਗਾ। ਪਾਣੀ ਮਨੁੱਖ ਨੂੰ ਉਚੇ ਨੀਵੇਂ ਰਾਹਾਂ ਦੇ ਵਹਿਣਾਂ ਵਿਚ ਤੁਰਦੇ ਰਹਿਣਾ ਸਿਖਾਉਂਦਾ ਹੈ। ਪਾਣੀ ਖੜ ਜਾਵੇ ਤਾਂ ਸਮੱਸਿਆ ਪੈਦਾ ਹੋ ਜਾਂਦੀ ਹੈ। ਇਨਸਾਨ ਨੂੰ ਵੀ ਦੁੱਖਾਂ-ਸੁੱਖਾਂ ਵਿਚ ਪਾਣੀ ਵਾਂਗ ਵਹਿੰਦੇ ਰਹਿਣਾ ਚਾਹੀਦਾ ਹੈ।
ਕਿਸੇ ਸ਼ਾਇਰ ਨੇ ਕੁਦਰਤ ਦੀ ਮਹਿਮਾਂ ਸਮਝ ਕੇ ਸਹੀ ਕਿਹਾ ਹੈ-

ਪਾਣੀ ਵਾਂਗ ਜਿਉਂ ਨੀ ਜਿੰਦੇ,
ਪਾਣੀ ਵਾਂਗ ਹੀ ਵਿਹਾ,
ਡਿੱਗਣ ਵੇਲੇ ਤਾਂ ਝਰਨਾ ਬਣਦਾ,
ਤੁਰਨ ਵੇਲੇ ਦਰਿਆ।

ਅੱਗ ਸਾਨੂੰ ਊਰਜਾ ਭਰਪੂਰ ਹੋ ਕੇ ਕੰਮ ਕਰਨਾ ਸਿਖਾਉਂਦੀ ਹੈ। ਜੇਕਰ ਅਸੀਂ ਸ਼ਕਤੀਆਂ ਦੀ ਵਰਤੋਂ ਭੁੱਲ ਕੇ ਕਰਾਂਗੇ ਤਾਂ ਵਿਨਾਸ਼ ਦੀਆਂ ਲਪਟਾਂ ਉਠਾ ਦਿੰਦੀ ਹੈ। ਮਨੁੱਖ ਨੂੰ ਵੀ ਗੁੱਸੇ ਦੀ ਅੱਗ ਤੇ ਕਾਬੂ ਕਰਨਾ ਸਿਖਾਉਂਦੀ ਹੈ। ਆਪਣੀ ਊਰਜਾ ਦਾ ਸਦਉਪਯੋਗ ਕਰਨਾ ਸਿਖਾਉਂਦੀ ਹੈ।

ਧਰਤੀ ਦੁਨੀਆਂ ਦੇ ਬੋਝ ਉਠਾ ਕੇ ਵੀ ਮਾਂ ਬਣ ਕੇ ਸਾਡੀ ਰੱਖਿਆ ਕਰਦੀ ਹੈ। ਸਾਨੂੰ ਨਿੱਘੀ ਗੋਦ ਵਿੱਚ ਪਾਲਦੀ ਹੈ। ਮਨੁੱਖ ਨੂੰ ਵੀ ਨਿਮਰਤਾ ਵਿੱਚ ਰਹਿਣਾ ਸਿਖਾਉਂਦੀ ਹੈ। ਪਸ਼ੂ ਪੰਛੀਆਂ ਲੱਖ ਪ੍ਰਜਾਤੀਆਂ ਲਈ ਜੀਵਣ ਬਸੇਰਾ ਬਣਦੀ ਹੈ।

ਮਿੱਟੀ ਕਈ ਤੱਤਾਂ ਦਾ ਮਿਸਰਣ ਹੈ, ਜੋ ਸਾਨੂੰ ਰਲ ਮਿਲ ਕੇ ਰਹਿਣਾ ਸਿਖਾਉਂਦੀ ਹੈ। ਕੁਦਰਤ ਮਨੁੱਖ ਦੀ ਪ੍ਰਾਣ, ਜਾਨ, ਜਹਾਨ ਹੈ। ਕੁਦਰਤ ਹੈ ਤਾਂ ਮਨੁੱਖ ਦਾ ਵਜੂਦ ਹੈ। ਕੁਦਰਤ ਦਾ ਕਣ ਕਣ ਤੋਂ ਵੱਡੇ-ਵੱਡੇ ਪਹਾੜ, ਮਨੁੱਖ ਨੂੰ ਪ੍ਰੇਰਿਤ ਕਰ ਰਹੇ ਹਨ, ਆਪਣੇ ਫਰਜ਼ਾਂ ਜਿੰਮੇਵਾਰੀਆਂ ਨੂੰ ਸਮਝਣ ਅਤੇ ਸੰਭਾਲਣ ਲਈ। ਕੁਦਰਤ ਇੰਨੀ ਕੁ ਪਿਆਰੀ ਹੈ ਕਿ ਉਸਦੀ ਸੁੰਸਰਤਾ ਦਾ ਅਨੰਦ ਕੁਦਰਤ ਨੂੰ ਮੋਹ ਕਰਨ ਵਾਲੇ ਹੀ ਸਮਝ ਸਕਦੇ ਹਨ । ਕੁਦਰਤ ਦੀ ਸੁੰਦਰਤਾ ਦਾ ਅਨੰਦ ਮਾਨਣ ਲਈ ਕੁਦਰਤ ਦੇ ਮੋਹ ਵਿਚ ਆਪਣੇ ਆਪ ਨੂੰ ਸਮਾਉਣਾ ਪੈਂਦਾ ਹੈ। ਕੁਦਰਤ ਵਿਚ ਸੱਜਰੀ ਸਵੇਰ ਤੋਂ ਹੀ ਸੋਨੇ ਰੰਗੀ ਧੁੱਪ, ਹਰ ਕਿਰਨ, ਮਿੱਠੀਆਂ ਮਿੱਠੀਆਂ ਪੌਣਾਂ, ਚੀਂ ਚੀਂ ਕਰਦੇ ਪੰਛੀ, ਚਾਰੇ ਪਾਸੇ ਹਰਿਆਲੀ ਸਾਡੀ ਸਵੇਰ ਨੂੰ ਇੰਨਾ ਅਨੰਦਮਈ ਬਣਾਉਂਦੀ ਹੈ ਕਿ ਇਹ ਅਨੰਦ ਕਿਸੇ ਦੌਲਤ ਨਾਲ ਵੀ ਖ੍ਰੀਦਿਆ ਨਹੀਂ ਜਾ ਸਕਦਾ। ਸੁਰਜੀਤ ਪਾਤਰ ਜੀ ਨੇ ਕਿਹਾ ਹੈ

ਚੀਂ-ਚੀਂ ਕਰਦੀਆਂ ਚਿੜੀਆ ਦਾ,
ਕਲ ਕਲ ਕਰਦੀਆਂ ਨਦੀਆਂ ਦਾ,
ਸ਼ਾਂ ਸ਼ਾਂ ਕਰਦੇ ਬਿਰਖਾ ਦਾ, 
ਆਪਣਾ ਹੀ ਤਰਾਨਾ ਹੁੰਦਾ ਹੈ।

ਬਹੁਤ ਸਾਰੇ ਪੰਜਾਬੀ ਕਵੀਆਂ ਨੇ ਕੁਦਰਤ ਦੇ ਨੇੜੇ ਰਹਿ ਕੇ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਕੇ ਕਵਿਤਾਵਾਂ ਵਿੱਚ ਸ਼ਿੰਗਾਰਿਆ ਹੈ। ਕਿਸੇ ਨੇ ਠੀਕ ਕਿਹਾ ਹੈ

if you truely love, ypu will find beauty everywhere.

ਕੁਦਰਤ ਦਾ ਹਰ ਜੀਵ ਕੁਦਰਤ ਤੋਂ ਅਨੁਸ਼ਾਸਨ ਸਿੱਖਕੇ ਆਪਣੇ ਫਰਜਾਂ ਨੂੰ ਕੁਦਰਤ ਅਨੁਸਾਰ ਜੀ ਰਿਹਾ ਹੈ। ਸਭ ਪੰਛੀ ਉਸਦੇ ਨਿਯਮਾਂ ਅਨੁਸਾਰ ਮੀਂਹ ਹਨ੍ਹੇਰੀਆ 'ਚ ਵੀ ਆਪਣੇ ਫਰਜ਼ ਪੂਰੇ ਕਰ ਰਹੇ ਹਨ। ਛੋਟੇ-ਛੋਟੇ ਕੀੜੇ ਮਕੌੜੇ ਮਿੱਟੀ ਅੰਦਰ, ਹਰ ਛੋਟਾ ਮੋਟਾ ਜੀਵਣ ਕੁਦਰਤ ਵਲੋਂ ਬਖਸ਼ੇ ਜੀਵਣ ਅਨੁਸਾਰ ਸਹੀ ਫਰਜ਼ ਨਿਭਾ ਰਹੇ ਹਨ ਪਰ ਕੀ ਕੁਦਰਤ ਦਾ ਸਭ ਤੋਂ ਬੁੱਧੀਜੀਵ ਜੀਵ ਮਨੁੱਖ ਵੀ ਕੁਦਰਤ ਦੇ ਰਹੱਸ ਨੂੰ ਸਮਝ ਰਿਹਾ ਹੈ? ਕੀ ਉਹ ਕੁਦਰਤ ਦੇ ਨਿਯਮਾਂ ਦੀ ਪਾਲਣਾਂ ਕਰ ਰਿਹਾ ਹੈ? ਜੀਵਣ ਕੁਦਰਤੀ ਢੰਗ ਨਾਲ ਬਿਤਾ ਰਿਹਾ ਹੈ? ਇਸ ਦਾ ਜਵਾਬ ਅਸੀਂ ਖੁਦ ਤੋਂ ਪੁੱਛੀਏ, ਕਿਉਂਕਿ ਕੁਦਰਤ ਨੇ ਮਨੁੱਖ ਨੂੰ ਹੀ ਸਭ ਤੋਂ ਬੁੱਧੀਸ਼ਾਲੀ ਜੀਵ ਬਣਾਇਆ ਹੈ। ਕਿਤੇ ਇਸ ਬੁੱਧੀਜੀਵ ਨੇ ਆਪਣੇ ਆਪ ਨੂੰ ਕੁਦਰਤ ਤੋਂ ਵੱਡਾ ਤਾਂ ਨਹੀਂ ਮੰਨ ਲਿਆ? ਸ਼ਾਇਦ ਸਾਡੀ ਮੈਂ ਨੇ, ਸਾਡੀ ਆਧੁਨਿਕਤਾ ਨੇ ਸਾਨੂੰ ਬਹੁਤ ਪਿੱਛੇ ਕਰ ਦਿੱਤਾ ਹੈ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹੀ ਦੇ ਰਾਹ 'ਤੇ ਲੈ ਆਂਦਾ ਹੈ। ਇਸ ਦਾ ਨਤੀਜਾ, ਅੱਜ ਅਸੀਂ ਦੁਨੀਆ ਤੇ ਕੀ ਵਾਪਰ ਰਿਹਾ ਹੈ, ਦੇਖ ਰਹੇ ਹਾਂ। 

ਸੋ ਵੇਲਾ ਹੈ, ਅਜੇ ਵੀ ਕੁਦਰਤ ਦੇ ਰੰਗਾਂ ਵਿੱਚ ਰਚ ਜਾਈਏ, ਕੁਦਰਤੀ ਨਜ਼ਾਰਿਆਂ, ਭੰਡਾਰਾਂ, ਦਾਤਾਂ ਦਾ ਅਨੰਦ ਮਾਣੀਏ। ਕਿਤਾਬਾਂ, ਵੇਦ, ਯੋਗ ਕਹਿੰਦੇ ਹਨ ਕਿ ਮਨੁੱਖ ਜਿੰਨਾਂ ਕੁਦਰਤ ਦੇ ਨੇੜੇ ਹੋਵੇਗਾ, ਓਨੀ ਹੀ ਉਹ ਲੰਮੇਰੀ ਉਮਰ ਭੋਗੇਗਾ। ਸੋ ਕੁਦਰਤ ਤੋਂ ਸਬਕ ਸਿੱਖੀਏ,ਇਸ ਦੀਆਂ ਭਰਪੂਰ ਸੁਗਾਤਾਂ ਦਾ ਅਨੰਦ ਮਾਣੀਏ ਅਤੇ ਆਪਣੇ ਜੀਵਣ ਨੂੰ ਅਨੰਦਮਈ ਬਣਾਈਏ। ਅਖੀਰ ਇਹੀ ਕਹਾਂਗਾ ਕਿ ਕੁਦਰਤ ਨਾਲ ਛੇੜ ਛਾੜ ਨਾ ਕਰੋ, ਸਗੋਂ ਉਸਦੀ ਸੁੰਦਰਤਾ ਦਾ ਅਨੰਦ ਮਾਣੋ।

PunjabKesari

ਮਨਿੰਦਰ ਸਿੰਘ
(ਐੱਸ.ਆਈ.) ਸਿਹਤ ਵਿਭਾਗ
ਤਲਵੰਡੀ ਮੰਗੇ ਖਾਂ (ਫਿਰੋਜ਼ਪੁਰ)
98780 50805


rajwinder kaur

Content Editor

Related News