ਘਰ ’ਚੋਂ ਸਾਮਾਨ ਚੋਰੀ ਕਰਨ ਵਾਲੇ 6 ਜਣਿਆਂ ਖਿਲਾਫ ਮਾਮਲਾ ਦਰਜ

Saturday, Feb 01, 2025 - 04:53 PM (IST)

ਘਰ ’ਚੋਂ ਸਾਮਾਨ ਚੋਰੀ ਕਰਨ ਵਾਲੇ 6 ਜਣਿਆਂ ਖਿਲਾਫ ਮਾਮਲਾ ਦਰਜ

ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਉਸਦੀ ਘਰ ਦੀ ਭੰਨ ਤੋੜ ਕਰਨ ਅਤੇ ਸਾਮਾਨ ਚੋਰੀ ਕਰਨ ਵਾਲੇ 6 ਜਣਿਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਰਜੀਤ ਕੌਰ ਵਾਸੀ ਪਿੰਡ ਜੰਡਵਾਲਾ ਭੀਮੇਸ਼ਾਹ ਨੇ ਦੱਸਿਆ ਕਿ ਉਸਦਾ ਵਿਆਹ 25 ਸਾਲ ਪਹਿਲਾਂ ਮੁਨਸ਼ੀ ਰਾਮ ਵਾਸੀ ਪਿੰਡ ਜੰਡਵਾਲਾ ਭੀਮੇਸ਼ਾਹ ਨਾਲ ਹੋਇਆ ਸੀ। ਉਸਦਾ ਘਰ ਵਾਲਾ ਨਸ਼ੇ ਪੱਤੇ ਕਰਨ ਦਾ ਆਦੀ ਹੈ। ਜਿਸ ਕਰਕੇ ਉਹ ਆਪਣੇ ਬੱਚਿਆਂ ਸਮੇਤ ਪਿਛਲੇ ਦੋ ਸਾਲ ਤੋਂ ਆਪਣੇ ਬਣਾਏ ਵੱਖਰੇ ਘਰ ’ਚ ਰਹਿ ਰਹੀ ਹੈ। ਉਸਦੇ ਘਰ ਵਾਲਾ ਆਪਣੀ ਮਾਂ ਸਿਮਰੋ ਬਾਈ ਨਾਲ ਅੱਲਗ ਘਰ ’ਚ ਰਹਿ ਰਿਹਾ ਹੈ।

ਉਸ ਨੇ ਦੱਸਿਆ ਕਿ 29 ਜਨਵਰੀ ਨੂੰ ਉਹ ਅਤੇ ਉਸਦੇ ਬੱਚੇ ਮਿਹਨਤ-ਮਜ਼ਦੂਰੀ ਕਰਨ ਲਈ ਘਰ ਤੋਂ ਬਾਹਰ ਗਏ ਹੋਏ ਸਨ। ਇਸ ਦੌਰਾਨ ਜਦੋਂ ਉਹ ਸ਼ਾਮ ਨੂੰ ਘਰ ਵਾਪਸ ਆਏ ਤਾਂ ਉਸਦੇ ਘਰ ਦੀ ਚਾਰਦੀਵਾਰੀ ਢਾਹੀ ਹੋਈ ਸੀ ਅਤੇ ਘਰ ਦਾ ਮੇਨ ਗੇਟ ਭੰਨਿਆ ਹੋਇਆ ਸੀ। ਕਮਰਿਆਂ ਦੇ ਦਰਵਾਜ਼ੇ ਅਤੇ ਛੱਤਾਂ ਵੀ ਪੁੱਟੀਆਂ ਹੋਈਆਂ ਸਨ। ਘਰ ਵਿਚਲਾ ਸਾਰਾ ਸਾਮਾਨ ਘਰ ’ਚ ਮੌਜੂਦ ਨਹੀਂ ਸੀ।

ਇਸ ਬਾਰੇ ਪੁੱਛ-ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਉਸਦੇ ਘਰ ਦਾ ਸਾਮਾਨ ਜਗਜੀਤ ਸਿੰਘ, ਤੇਜਿੰਦਰ, ਰਿਸ਼ੂ, ਉਸਦੀ ਸੱਸ ਸਿਮਰੋ ਬਾਈ, ਉਸਦਾ ਪਤੀ ਮੁਨਸ਼ੀ ਰਾਮ ਵਾਸੀ ਪਿੰਡ ਜੰਡਵਾਲਾ ਭੀਮੇਸ਼ਾਹ ਅਤੇ ਪਰਸਾ ਸਿੰਘ ਵਾਸੀ ਸਾਦਿਕ ਜ਼ਿਲਾ ਫਰੀਦਕੋਟ ਟਰੈਕਟਰ-ਟਰਾਲੀਆਂ ’ਤੇ ਆ ਕੇ ਉਸਦਾ ਘਰ ਢਾਹ ਕੇ ਅਤੇ ਘਰ ਵਿਚਲਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਪੁਲਸ ਨੇ ਬਿਆਨ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News