ਰਾਸ਼ਟਰ ਨਿਰਮਾਣ ਲਈ ਅੱਗੇ ਆਉਣਾ ਹੀ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ : ਪਰਮਿੰਦਰ ਸਿੰਘ ਪਿੰਕੀ

04/14/2021 5:00:17 PM

ਫਿਰੋਜ਼ਪੁਰ (ਕੁਮਾਰ)-ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਦੇ ਸਬੰਧ ’ਚ ਫਿਰੋਜ਼ਪੁਰ ਦੇ ਪਿੰਡ ਹਾਕੇ ਰਾਮੇਵਾਲਾ ’ਚ ਵਾਰਡ ਨੰ. 16 ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਯਾਕੂਬ ਭੱਟੀ ਅਤੇ ਅੰਗਰੇਜ ਸਿੰਘ ਨੰਬਰਦਾਰ ਆਦਿ ਦੀ ਅਗਵਾਈ ਹੇਠ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸ਼ਹਿਰੀ ਹਲਕੇ ਦੇ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਰੋਹ ’ਚ ਡਾ. ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਯਾਕੂਬ ਭੱਟੀ, ਐਡਵੋਕੇਟ ਗੁਲਸ਼ਨ ਮੋਂਗਾ, ਗੁਰਦੀਪ ਸਿੰਘ ਭਗਤ, ਮੰਗਲ ਸਿੰਘ, ਪਰਮਜੀਤ ਸਿੰਘ ਪੰਮਾ ਬਾਣਾ ਵਾਲੀਆ, ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਅਤੇ ਅਰੁਣ ਮੰਗੇਲੀਆ ਆਦਿ ਨੇ ਡਾਕਟਰ ਬੀ. ਆਰ. ਅੰਬੇਡਕਰ ਦੇ ਜੀਵਨ ’ਤੇ ਰੌਸ਼ਨੀ ਪਾਈ।

PunjabKesari

ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਡਾ. ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤੀ ਸੰਵਿਧਾਨ ਲਿਖ ਕੇ ਸਾਨੂੰ ਇਹ ਸਿਖਾਇਆ ਹੈ ਕਿ ਆਜ਼ਾਦ ਦੇਸ਼ ’ਚ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਦੇ ਨਾਲ ਅਸੀਂ ਕਿਵੇਂ ਰਹਿਣਾ ਹੈ ਅਤੇ ਭਾਰਤੀ ਸੰਵਿਧਾਨ ਦੀ ਬਦੌਲਤ ਹੀ ਅਸੀਂ ਅੱਜ ਬਿਨਾਂ ਕਿਸੇ ਭੇਦਭਾਵ ਦੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਨ ਅਤੇ ਰਾਸ਼ਟਰ ਨਿਰਮਾਣ ਲਈ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਸਕੂਲ ਬੈਗ ਵੰਡੇ । ਉਨ੍ਹਾਂ ਕਿਹਾ ਕਿ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਗ੍ਰਹਿਣ ਕਰਵਾਉਣਾ ਤੇ ਡਾ. ਅੰਬੇਡਕਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਸਾਡੇ ਵੱਲੋਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਵਿਧਾਇਕ ਪਿੰਕੀ ਨੇ ਇਸ ਸ਼ਹਿਰੀ ਪਿੰਡ ’ਚ ਕਰੀਬ ਢਾਈ ਏਕੜ ਜ਼ਮੀਨ ’ਚ ਡਾ. ਬੀ. ਆਰ. ਅੰਬੇਡਕਰ ਪਾਰਕ ਬਣਾਉਣ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਪਾਰਕ ’ਤੇ ਕਰੀਬ 50-55 ਲੱਖ ਰੁਪਏ ਖ਼ਰਚਾ ਆਵੇਗਾ, ਜਿਸ ਵਿਚ ਗਾਰਡਨ, ਜਿਮ ਅਤੇ ਹੋਰ ਸਭ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ 6 ਪਿੰਡਾਂ ਵਿਚ ਕਰੀਬ ਸਾਢੇ 12 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਸੀਵਰੇਜ ਸਿਸਟਮ ਪਾ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਬਲਬੀਰ ਬਾਠ, ਮਾਸਟਰ ਗੁਲਜ਼ਾਰ ਸਿੰਘ, ਵਿਜੈ ਗੋਰੀਆ, ਮੰਗਲ ਸਿੰਘ, ਗੁਰਦੀਪ ਸਿੰਘ ਖੰਭਾ ਆਦਿ ਵੀ ਮੌਜੂਦ ਸਨ ।

 

 


Anuradha

Content Editor

Related News