6 ਬੱਚੇ ਘਰੋਂ ਸਕੂਲ ਗਏ ਪਰ ਪੁੱਜ ਗਏ ਮੰਦਰ, ਸਮਾਜ ਸੇਵੀ ਵਿੱਕੀ ਆਵਲਾ ਨੇ ਪਹੁੰਚਾਇਆ ਸਕੂਲ

Monday, Jul 20, 2026 - 05:22 PM (IST)

6 ਬੱਚੇ ਘਰੋਂ ਸਕੂਲ ਗਏ ਪਰ ਪੁੱਜ ਗਏ ਮੰਦਰ, ਸਮਾਜ ਸੇਵੀ ਵਿੱਕੀ ਆਵਲਾ ਨੇ ਪਹੁੰਚਾਇਆ ਸਕੂਲ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਬੇਰ ਸਾਹਿਬ ਕੋਲ ਸਥਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ 'ਚ ਪੜ੍ਹਦੇ 6 ਛੋਟੇ ਬੱਚੇ ਆਪਣੇ ਘਰ ਤੋਂ ਸਵੇਰੇ ਸਕੂਲ ਜਾਣ ਲਈ ਨਿਕਲੇ ਪਰ ਸਕੂਲ ਨਹੀਂ ਪਹੁੰਚੇ। ਇਹ ਬੱਚੇ ਘੁੰਮਦੇ-ਘੁੰਮਦੇ 11 ਵਜੇ ਦੇ ਕਰੀਬ ਸ਼ਹਿਰ ਦੇ ਪ੍ਰਸਿੱਧ ਮੰਦਰ ਮਾਤਾ ਜੱਜਲ ਵਾਲੀ 'ਚ ਪਹੁੰਚੇ ਅਤੇ ਸਹਿਮ ਦੇ ਮਾਹੌਲ 'ਚ ਮੰਦਰ 'ਚ ਬੈਠ ਗਏ। ਇਸ ਦੌਰਾਨ ਮੰਦਰ 'ਚ ਹਰ ਰੋਜ਼ ਮੱਥਾ ਟੇਕਣ ਆਉਂਦੇ ਸਮਾਜ ਸੇਵੀ ਵਿੱਕੀ ਆਵਲਾ ਨੇ ਦੇਖਿਆ ਕਿ ਛੋਟੇ ਬੱਚਿਆਂ ਨੇ ਸਰਕਾਰੀ ਸਕੂਲ ਦੀ ਡਰੈੱਸ ਪਾਈ ਹੋਈ ਹੈ ਅਤੇ ਹੱਥਾਂ ਵਿੱਚ ਕਿਤਾਬਾਂ ਨਾਲ ਭਰਿਆ ਬੈਗ ਹੈ। ਵਿੱਕੀ ਆਵਲਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਸਕੂਲ ਕਿਉਂ ਨਹੀਂ ਗਏ ਅਤੇ ਮੰਦਰ 'ਚ ਕੀ ਕਰਦੇ ਹੋ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਪਿਆਰ ਨਾਲ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਸਕੂਲ ਤੋਂ ਲੇਟ ਹੋ ਗਏ ਸਨ ਅਤੇ ਸਕੂਲ ਦਾ ਗੇਟ ਬੰਦ ਹੋ ਗਿਆ ਸੀ। ਇਸ ਦੌਰਾਨ ਉਹ ਘੁੰਮਦੇ-ਘੁੰਮਦੇ ਇੱਥੇ ਮੰਦਰ 'ਚ ਆ ਕੇ ਬੈਠ ਗਏ। ਬੱਚਿਆਂ ਨੇ ਕਿਹਾ ਕਿ ਹੁਣ ਜਦੋਂ 2 ਵਜੇ ਸਕੂਲ ਤੋਂ ਛੁੱਟੀ ਹੋਵੇਗੀ ਤਾਂ ਉਹ ਘਰੇ ਚਲੇ ਜਾਣਗੇ। ਇਸ ਦੌਰਾਨ ਵਿੱਕੀ ਆਵਲਾ ਨੇ ਆਪਣੇ ਦੋਸਤ ਕਪੀਲ ਕੰਧਾਰੀ ਦੇ ਸਹਿਯੋਗ ਨਾਲ ਸਕੂਲ ਦੇ ਪ੍ਰਬੰਧਕਾਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਦੱਸਿਆ। ਇਸ ਦੌਰਾਨ ਸਕੂਲ ਦੇ ਪ੍ਰਬੰਧਕ ਰਜਿੰਦਰ ਸਿੰਘ, ਕਿਰਪਾਲ ਮੰਦਰ 'ਚ ਪਹੁੰਚੇ ਅਤੇ ਬੱਚਿਆਂ ਨਾਲ ਗੱਲ ਕੀਤੀ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕੁੜੀ ਨੇ ਡਰਾ ਦਿੱਤਾ ਸੀ ਸਕੂਲ ਦੇ ਗੇਟ ਬੰਦ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਡਾਂਟ ਪਵੇਗੀ। ਇਸ ਕਰਕੇ ਉਹ ਡਾਂਟ ਦੇ ਡਰ ਤੋਂ ਸ਼ਹਿਰ 'ਚ ਘੁੰਮਦੇ ਹੋਏ ਮੰਦਰ ਆ ਕੇ ਬੈਠ ਗਏ। ਰਜਿੰਦਰ ਸਿੰਘ ਅਤੇ ਕਿਰਪਾਲ ਬੱਚਿਆਂ ਨੂੰ ਆਪਣੀ ਕਾਰ 'ਚ ਸਕੂਲ ਲੈ ਗਏ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਬੁਲਾਇਆ ਗਿਆ ਅਤੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ। 


author

Babita

Content Editor

Related News