ਯੁੱਧ ਨਸ਼ਿਆਂ ਵਿਰੁੱਧ, ਪੰਜਾਬ ਪੁਲਸ ਵੱਲੋਂ 10 ਕਿੱਲੋ ਪੋਸਤ ਸਮੇਤ ਦੋ ਕਾਬੂ
Monday, May 12, 2025 - 03:44 PM (IST)

ਮਲੋਟ (ਸ਼ਾਮ ਜੁਨੇਜਾ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਸ ਦੇ ਸੀਨੀਅਰ ਕਪਤਾਨ ਡਾ. ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਲੰਬੀ ਪੁਲਸ ਨੇ ਦੋ ਵਿਅਕਤੀਆਂ ਨੂੰ ਪੋਸਤ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਡੀ.ਐੱਸ.ਪੀ.ਲੰਬੀ ਜਸਪਾਲ ਸਿੰਘ ਧਾਰੀਵਾਲ ਦੀਆਂ ਹਦਾਇਤਾਂ ਤੇ ਐੱਸ ਐੱਚ ਓ ਲੰਬੀ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਏ.ਐੱਸ.ਆਈ.ਸੁਖਰਾਜ ਸਿੰਘ ਸਮੇਤ ਪੁਲਸ ਟੀਮ ਨੇ ਸ਼ਮਸ਼ਾਨ ਘਾਟ ਲੰਬੀ ਵਿਖੇ ਦੋ ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿਚ ਵੇਖਿਆ। ਜਿਨ੍ਹਾਂ ਦੇ ਹੱਥ ਵਿਚ ਇਕ ਗੱਟਾ ਸੀ। ਪੁਲਸ ਨੂੰ ਵੇਖ ਕੇ ਇਹ ਦੋਵੇਂ ਖਿਸਕਣ ਲੱਗੇ ਪਰ ਪੁਲਸ ਟੀਮ ਨੇ ਕਾਬੂ ਕਰ ਲਿਆ।
ਪੁਲਸ ਨੇ ਜਦੋਂ ਇਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਇਨ੍ਹਾਂ ਦੀ ਸ਼ਨਾਖਤ ਬਲਦੇਵ ਸਿੰਘ ਦੇਬੂ ਪੁੱਤਰ ਵਿਰਸਾ ਸਿੰਘ ਵਾਸੀ ਬਲੋਚਕੇਰਾ ਅਤੇ ਲਖਵਿੰਦਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਮਾਹਨੀਖੇੜਾ ਵਜੋਂ ਹੋਈ। ਪੁਲਸ ਟੀਮ ਨੇ ਇਨ੍ਹਾਂ ਦੇ ਗੱਟੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 10 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ। ਪੁਲਸ ਨੇ ਦੋਵਾਂ ਨੂੰ ਕਾਬੂ ਕਰਕੇ ਉਕਤਾਨ ਵਿਰੁੱਧ ਥਾਣਾ ਲੰਬੀ ਵਿਖੇ ਐੱਨ. ਡੀ. ਪੀ. ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਬੂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।