ਜੇਲ੍ਹਾਂ ਵਿਚ ਮੋਬਾਇਲ ਤੇ ਹੋਰ ਸਾਮਾਨ ਸਪਲਾਈ ਕਰਨ ਵਾਲੇ ਕਾਬੂ
03/25/2023 6:05:33 PM

ਕੋਟਕਪੂਰਾ (ਨਰਿੰਦਰ) : ਸਥਾਨਕ ਪੁਲਸ ਵਲੋਂ ਕਾਬੂ ਕੀਤੇ ਗਏ ਸ਼ੱਕੀ ਨੌਜਵਾਨਾਂ ਤੋਂ ਪੁੱਛਗਿੱਛ ਦੌਰਾਨ ਅਜੀਬ ਤਰ੍ਹਾਂ ਦੇ ਖੁਲਾਸੇ ਹੋਏ ਹਨ। ਸਥਾਨਕ ਸਿਟੀ ਥਾਣੇ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ.ਐੱਸ.ਪੀ ਕੋਟਕਪੂਰਾ ਅਤੇ ਗੁਰਮੇਹਰ ਸਿੰਘ ਸਿੱਧੂ ਐੱਸ.ਐੱਚ.ਓ. ਥਾਣਾ ਸਿਟੀ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਨੇ ਅਮਰੀਕ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਹਰੀਨੌ, ਕੁਲਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੌੜਾਂ ਵਾਲੇ ਕੋਠੇ ਕੋਟਕਪੂਰਾ ਨੂੰ ਕਾਬੂ ਕਰਕੇ ਉਕਤਾਨ ਕੋਲੋਂ 6 ਮੋਬਾਇਲ ਫੋਨ ਅਤੇ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਇਹ ਗੇਂਦ ਟਾਈਪ ਗੋਲਾਕਾਰ ਬਣਾ ਕੇ ਜੇਲ੍ਹ ਦੀ ਕੰਧ ਉੱਪਰੋਂ ਅੰਦਰ ਨੂੰ ਸੁੱਟਿਆ ਜਾਂਦਾ ਹੈ।
ਕਾਬੂ ਕੀਤੇ ਨੌਜਵਾਨਾਂ ਨੇ ਮੰਨਿਆ ਕਿ ਜੇਲ੍ਹ ਅੰਦਰੋਂ ਮਿਲੇ ਆਰਡਰ ਦੇ ਆਧਾਰ ’ਤੇ ਹੀ ਉਹ ਲੋੜ ਮੁਤਾਬਿਕ ਸਾਮਾਨ ਅੰਦਰ ਸੁੱਟਦੇ ਹਨ ਅਤੇ ਇਸ ਬਦਲੇ ਉਨ੍ਹਾਂ ਨੂੰ ਪੈਸੇ ਮਿਲਦੇ ਹਨ। ਉਕਤ ਨੌਜਵਾਨਾਂ ਕੋਲੋਂ ਬਰਾਮਦ ਹੋਏ ਬੰਡਲਾਂ ਵਿਚੋਂ ਇਕ ਖੋਹੇ ਹੋਏ ਮੋਬਾਇਲ ਸਮੇਤ ਕੁੱਲ 6 ਮੋਬਾਇਲ ਫੋਨ ਬਰਾਮਦ ਕੀਤੇ। ਇਕ ਗੇਂਦ ਵਿਚੋਂ ਬੀੜੀਆਂ ਦੇ 7 ਬੰਡਲ ਅਤੇ 48 ਪੁੜੀਆਂ ਜਰਦਾ ਵੀ ਬਰਾਮਦ ਕੀਤੀਆਂ। ਡੀ.ਐੱਸ.ਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰਣਜੀਤ ਸਿੰਘ ਮਣੀ ਪੁੱਤਰ ਗੁਰਦੀਪ ਸਿੰਘ ਵਾਸੀ ਜੀਵਨ ਨਗਰ ਕੋਟਕਪੂਰਾ ਅਤੇ ਰਾਹੁਲ ਕੁਮਾਰ ਪੁੱਤਰ ਸ਼ੰਭੂ ਪ੍ਰਕਾਸ਼ ਵਾਸੀ ਜੋੜੀਆਂ ਚੱਕੀਆਂ ਕੋਟਕਪੂਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤਾਨ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਮੰਗਿਆ ਜਾਵੇਗਾ ਤਾਂ ਜੋ ਉਕਤ ਮਾਮਲੇ ਦੀ ਪੜਤਾਲ ਡੂੰਘਾਈ ਨਾਲ ਕੀਤੀ ਜਾ ਸਕੇ।