ਫਰੀਦਕੋਟ ’ਚ ਟੈਕਸੀ ਸਟੈਂਡ ’ਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ, ਹੋ ਗਈ ਕਾਰਵਾਈ
Monday, Aug 17, 2026 - 05:27 PM (IST)
ਫਰੀਦਕੋਟ (ਰਾਜਨ) : ਫਰੀਦਕੋਟ ਦੇ ਬੱਸ ਸਟੈਂਡ ਨੇੜੇ ਟੈਕਸੀ ਯੂਨੀਅਨ ਦੇ ਸਟੈਂਡ ’ਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਕੁਝ ਨੌਜਵਾਨਾਂ ਵੱਲੋਂ ਟੈਕਸੀ ਚਾਲਕਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਫਰੀਦਕੋਟ ਪੁਲਸ ਨੇ 9 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪੁਨੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਡੋਗਰ ਬਸਤੀ, ਫਰੀਦਕੋਟ ਨੇ ਦੱਸਿਆ ਕਿ ਉਹ ਬੱਸ ਸਟੈਂਡ ਫਰੀਦਕੋਟ ਸਥਿਤ ਟੈਕਸੀ ਸਟੈਂਡ ’ਤੇ ਆਪਣੀ ਗੱਡੀ ਖੜ੍ਹੀ ਕਰਦਾ ਹੈ ਅਤੇ ਈ-ਰਿਕਸ਼ਾ ਵੀ ਚਲਾਉਂਦਾ ਹੈ। ਉਸ ਅਨੁਸਾਰ ਸਕੂਲਾਂ ਵਿਚ ਛੁੱਟੀ ਹੋਣ ਸਮੇਂ ਕੁਝ ਨੌਜਵਾਨ ਆਪਣੇ ਮਾਰੂ ਹਥਿਆਰਾਂ ਸਮੇਤ ਬੱਸ ਸਟੈਂਡ ਅਤੇ ਟੈਕਸੀ ਸਟੈਂਡ ਦੇ ਅੰਦਰ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਟੈਕਸੀ ਸਟੈਂਡ ਦੇ ਚਾਲਕ ਅਕਸਰ ਉੱਥੇ ਆਉਣ ਤੋਂ ਰੋਕਦੇ ਹਨ।
ਸ਼ਿਕਾਇਤਕਰਤਾ ਅਨੁਸਾਰ 13 ਅਗਸਤ ਨੂੰ ਸਕੂਲਾਂ ਦੀ ਛੁੱਟੀ ਸਮੇਂ ਵੀ ਉਕਤ ਨੌਜਵਾਨ ਹਥਿਆਰਾਂ ਸਮੇਤ ਟੈਕਸੀ ਸਟੈਂਡ ’ਤੇ ਆ ਕੇ ਬੈਠ ਗਏ ਜਦੋਂ ਉਸ ਨੇ ਉਨ੍ਹਾਂ ਨੂੰ ਉੱਥੇ ਬੈਠਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨਾਲ ਅਤੇ ਉਸ ਦੇ ਸਾਥੀਆਂ ਨਾਲ ਗਾਲੀ-ਗਲੋਚ ਕਰਨ ਲੱਗ ਪਏ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ ਹਥਿਆਰਾਂ ਨਾਲ ਉਸ ਦੀ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਗਈ। ਪੁਲਸ ਨੇ ਪੁਨੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਘੀਰਾ, ਗੁਲਸ਼ਨ ਅਤੇ ਬਲਕਾਰੀ ਵਾਸੀਆਨ ਪਿੰਡ ਸਿਮਰੇਵਾਲਾ, ਜੱਗਾ ਅਤੇ ਮਹਿਕਦੀਪ ਸਿੰਘ ਵਾਸੀਆਨ ਪਿੰਡ ਬੇਗੂਵਾਲਾ, ਸੈਂਡੀ ਵਾਸੀ ਦਸ਼ਮੇਸ਼ ਨਗਰ, ਬੌਬੀ ਅਤੇ ਮਹਿਕ ਵਾਸੀ ਪਿੰਡ ਪਿੱਪਲੀ ਅਤੇ ਦਿਲਜੀਤ ਵਾਸੀ ਬੇਗੂਵਾਲਾ, ਸਮੇਤ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ ਥਾਣਾ ਸਿਟੀ ਕੋਤਵਾਲੀ ਫਰੀਦਕੋਟ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜੈ ਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਸਮੇਤ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
