ਸੈਸ਼ਨ ਕੋਰਟ ਫ਼ਰੀਦਕੋਟ ਵੱਲੋਂ  ਜਬਰ-ਜ਼ਿਨਾਹ ਦੇ ਮਾਮਲੇ ਦਾ ਮੁਲਜ਼ਮ ਬਰੀ

Monday, Mar 11, 2024 - 05:55 PM (IST)

ਫ਼ਰੀਦਕੋਟ (ਰਾਜਨ) : ਮਾਨਯੋਗ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜਬਰ-ਜ਼ਿਨਾਹ ਮਾਮਲੇ ਵਿਚ ਇਕ ਨੌਜਵਾਨ ਨੂੰ ਬਰੀ ਕਰਨ ਦਾ ਇਤਿਹਾਸਕ ਫੈਸਲਾ ਸੁਣਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਚਾਓ ਪੱਖ ਦੇ ਐਡਵੋਕੇਟ ਕਰਮਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਕਚਹਿਰੀਆਂ ਫ਼ਰੀਦਕੋਟ ਨੇ ਦੱਸਿਆ ਕਿ ਅਦਾਲਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਖੇ ਕ੍ਰਿਪਾਲ ਸਿੰਘ ਅਲਿਆਸ ਕਿਤਨਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਡੋਹਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਖਿਲਾਫ਼ ਬੇਗੂਵਾਲਾ ਪਿੰਡ ਦੀ ਵਸਨੀਕ ਇੱਕ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਤਹਿਤ ਧਾਰਾ 376, ਪਾਸਕੋ ਸੈਕਸ਼ਨ 4-5-6, 363 ਅਤੇ 366ਏ ਤਹਿਤ ਕੇਸ ਦਾਇਰ ਕੀਤਾ ਗਿਆ ਸੀ। ਲੜਕੀ ਦੀ ਮਾਂ ਵੱਲੋਂ ਅਦਾਲਤ ਵਿਚ ਇਹ ਬਿਆਨ ਦਿੱਤਾ ਗਿਆ ਸੀ ਕਿ ਕ੍ਰਿਪਾਲ ਅਲਿਆਸ ਕਿਤਨਾਂ ਉਸਦੀ ਨਾਬਾਲਗ ਲੜਕੀ ਨੂੰ ਭਜਾ ਕੇ ਰਾਵਤਸਰ ਲੈ ਗਿਆ ਜਿੱਥੇ ਉਸਨੇ ਲੜਕੀ ਨੂੰ 2 ਦਿਨ ਰੱਖ ਕੇ ਇਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਪੁਲਸ ਵੱਲੋਂ ਕ੍ਰਿਪਾਲ ਅਤੇ ਉਸਦੀ ਲੜਕੀ ਨੂੰ ਰਾਵਤਸਰ ਤੋਂ ਬਰਾਮਦ ਕੀਤਾ ਹੈ। ਐਡਵੋਕੇਟ ਧਾਲੀਵਾਲ ਨੇ ਅੱਗੇ ਦੱਸਿਆ ਕਿ ਲੜਕੀ ਵੱਲੋਂ ਅਦਾਲਤ ਵਿਚ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਇਕ ਲੜਕੇ ਨੂੰ ਖੁਦ ਬੁਲਾਉਣ ਦੀ ਸੂਰਤ ਵਿਚ ਗਈ ਸੀ ਅਤੇ ਪੁਲਸ ਨੇ ਇਕੱਲੀ ਉਸਨੂੰ ਹੀ ਰਾਵਤਸਰ ਤੋਂ ਬਰਾਮਦ ਕੀਤਾ ਹੈ ਜਦਕਿ ਇਸ ਮਾਮਲੇ ਵਿਚ ਸਥਾਨਕ ਥਾਣਾ ਸਦਰ ਪੁਲਸ ਵੱਲੋਂ ਕ੍ਰਿਪਾਲ ’ਤੇ ਦਰਜ ਕੀਤੇ ਗਏ ਮੁਕੱਦਮੇ ਤਹਿਤ ਇਸਨੂੰ ਗ੍ਰਿਫ਼ਤਾਰ ਕਰਕੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਇਸਦੀ ਜ਼ਮਾਨਤ ਵੀ ਨਹੀਂ ਹੋ ਸਕੀ ਸੀ। 

ਐਡਵੋਕੇਟ ਕਰਮਜੀਤ ਸਿੰਘ ਧਾਲੀਵਾਲ ਨੇ ਅੱਗੇ ਦੱਸਿਆ ਕਿ ਉਨ੍ਹਾਾਂ ਵੱਲੋਂ ਮਾਨਯੋਗ ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ ਦਲੀਲਾਂ ਅਤੇ ਗਵਾਹਾਂ ਤੋਂ ਇਹ ਸਾਬਤ ਹੋਇਆ ਕਿ ਕ੍ਰਿਪਾਲ ਸਿੰਘ ਅਲਿਆਸ ਕਿਤਨਾਂ ’ਤੇ ਨਾਬਾਲਗ ਲੜਕੀ ਦੀ ਵੱਡੀ ਭੈਣ ਜੋ ਪਿੰਡ ਡੋਹਕ ਵਿਖੇ ਵਿਆਹੀ ਹੋਈ ਹੈ ਦੇ ਪਤੀ ਨੇ ਆਪਣੀ ਛੋਟੀ ਸਾਲੀ ਵਾਸੀ ਬੇਗੂਵਾਲਾ ਨਾਲ ਮਿਲ ਕੇ ਝੂਠਾ ਕੇਸ ਦਾਇਰ ਕੀਤਾ ਹੈ। ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਦਾਲਤ ਵਿਚ ਇਹ ਸਾਬਤ ਕਰ ਦਿੱਤਾ ਗਿਆ ਕਿ ਕ੍ਰਿਪਾਲ ਸਿੰਘ ਦੇ ਸਬੰਧ ਨਾਬਾਲਗ ਲੜਕੀ ਨਾਲ ਨਹੀਂ ਬਲਕਿ ਇਸਦੀ ਵੱਡੀ ਭੈਣ ਨਾਲ ਸਨ ਜਿਸਦੀ ਰੰਜਿਸ਼ ਵਿਚ ਉਸਦੇ ਪਤੀ ਨੇ ਆਪਣੀ ਨਾਬਾਲਗ ਛੋਟੀ ਸਾਲੀ ਨਾਲ ਮਿਲ ਕੇ ਕ੍ਰਿਪਾਲ ਸਿੰਘ ’ਤੇ ਝੂਠਾ ਕੇਸ ਦਾਇਰ ਕਰ ਦਿੱਤਾ। 


Gurminder Singh

Content Editor

Related News