ਪਤਨੀ ਤੋਂ ਵੱਖ ਰਹਿ ਰਹੇ ਪਤੀ ਨੇ ਸਹੁਰੇ ਪਰਿਵਾਰ ’ਤੇ ਲਾਇਆ 7 ਸਾਲਾ ਬੱਚੀ ਨੂੰ ਅਗਵਾ ਕਰਨ ਦਾ ਦੋਸ਼
Sunday, Sep 11, 2022 - 12:12 PM (IST)

ਮਲੋਟ(ਜੁਨੇਜਾ) : ਮਲੋਟ ਵਿਖੇ ਇਕ ਪ੍ਰਾਈਵੇਟ ਕਲੀਨਿਕ ਦੇ ਸੰਚਾਲਕ ਡਾ. ਨੇ ਦੋਸ਼ ਲਾਇਆ ਹੈ ਕਿ 8 ਸਤੰਬਰ ਨੂੰ ਉਸ ਦੀ ਪਤਨੀ ਨਾਲ ਹਮਮਸ਼ਵਰਾ ਹੋ ਕੇ ਉਸ ਦੇ ਸਾਲਿਆਂ ਤੇ ਸਾਥੀਆਂ ਨੇ ਉਨ੍ਹਾਂ ਦੀ 7 ਸਾਲਾ ਬੱਚੀ ਨੂੰ ਅਗਵਾ ਕਰ ਲਿਆ ਪਰ ਤਿੰਨ ਦਿਨ ਲੰਘ ਜਾਣ ਦੇ ਬਾਵਜੂਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਡਰ ਕਿ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਬੱਚੀ ਨੂੰ ਕੋਈ ਜਾਨੀ ਨੁਕਸਾਨ ਨਾ ਪਹੁੰਚਾ ਦੇਣ।
ਇਹ ਵੀ ਪੜ੍ਹੋ- ਰੇਹੜੀ ਵਾਲੇ ਕੋਲ ਆਈ ਅਨਾਰਾਂ ਦੀ ਪੇਟੀ ਨੇ ਪਾਇਆ ਭੜਥੂ, ਜਦੋਂ ਖੋਲ੍ਹ ਕੇ ਦੇਖੀ ਤਾਂ ਉੱਡੇ ਹੋਸ਼
ਗੱਲਬਾਤ ਕਰਦਿਆਂ ਡਾ.ਗੁਰਬਖਸ਼ ਸਿੰਘ ਉਪਲ ਪੁੱਤਰ ਡਾ. ਸੁਖਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਰੁਪਿੰਦਰ ਕੌਰ ਨਾਲ ਵਿਆਹੁਤਾ ਸੰਬੰਧਾਂ ਨੂੰ ਲੈ ਕੇ ਕਈ ਸਾਲਾਂ ਤੋਂ ਅਦਾਲਤੀ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਪਹਿਲਾਂ ਵੀ ਦੋ ਵਾਰ ਕਲੀਨਿਕ ਵਿਚ ਦਾਖਲ ਹੋ ਕੇ ਮੇਰੀ ਸੱਸ, ਪਤਨੀ ਅਤੇ ਬਾਹਰੀ ਵਿਅਕਤੀਆਂ ਨੇ ਕੁੱਟਮਾਰ ਕੀਤੀ, ਜਿਸ ਸਬੰਧੀ ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਹਨ, ਜਿਸ ਤੋਂ ਬਾਅਦ ਹੁਣ ਉਹ ਪਿੰਡ ਰਹਿ ਰਿਹਾ ਸੀ ਜਦਕਿ ਪਤਨੀ ਰੁਪਿੰਦਰ ਕੌਰ ਨੇ ਕਲੀਨਿਕ ਉਪਰ ਬਣੇ ਪੋਰਸ਼ਨ ਵਿਚ ਰਿਹਾਇਸ਼ ਰੱਖੀ ਹੋਈ ਸੀ। ਗੁਰਬਖਸ਼ ਸਿੰਘ ਮੁਤਾਬਕ ਉਨ੍ਹਾਂ ਦੀ ਕੁੜੀ ਸ਼ੁਰੂ ਤੋਂ ਹੀ ਆਪਣੇ ਪਿਤਾ ਅਤੇ ਦਾਦੇ-ਦਾਦੀ ਕੋਲ ਰਹਿੰਦੀ ਸੀ ਅਤੇ ਨਾ ਹੀ ਉਸਦੀ ਪਤਨੀ ਨੇ ਕਦੇ ਕੁੜੀ ਨੂੰ ਹਾਸਲ ਕਰਨ ਲਈ ਆਪਣਾ ਦਾਅਵਾ ਰੱਖਿਆ ਸੀ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ : 7 ਦਿਨਾਂ ਦੇ ਰਿਮਾਂਡ 'ਤੇ ਸ਼ੂਟਰ ਦੀਪਕ ਮੁੰਡੀ, ਲਾਰੈਂਸ ਸਾਹਮਣੇ ਬੈਠਾ ਕੇ ਹੋ ਸਕਦੀ ਹੈ ਪੁੱਛਗਿੱਛ
8 ਸਤੰਬਰ ਨੂੰ ਉਹ ਪਿਓ-ਪੁੱਤ ਅਦਾਲਤ ਵਿਚ ਗਏ ਹੋਏ ਹਨ । ਬੱਚੀ ਪ੍ਰਭਜੋਤ ਕੌਰ ਜਦੋਂ ਸਕੂਲੋਂ ਆਈ ਤਾਂ ਰੋਜ਼ਾਨਾਂ ਦੀ ਤਰ੍ਹਾਂ ਹਸਪਤਾਲ ਦੀਆਂ ਦੋ ਨਰਸਾਂ ਉਸ ਦੇ ਕੱਪੜੇ ਬਦਲਣ ਅਤੇ ਅਰਾਮ ਕਰਾਉਣ ਲਈ ਕਲੀਨਿਕ ਪਿੱਛੇ ਬਣੇ ਉਨ੍ਹਾਂ ਦੇ ਘਰ ਜਾ ਰਹੀਆਂ ਸਨ ਕਿ ਇਕ ਕਾਰ ’ਚ ਆਏ ਕੁਝ ਵਿਅਕਤੀਆਂ ਨੇ ਬੱਚੀ ਨੂੰ ਅਗਵਾ ਕਰ ਲਿਆ। ਸੀ.ਸੀ.ਸੀ.ਟੀ.ਵੀ.ਫੁਟੇਜ ਵਿਚ ਅਗਵਾ ਕਰਨ ਵਾਲਿਆਂ ਵਿਚ ਉਸ ਦਾ ਸਾਲਾ ਜਸਕੀਰਤ ਸਿੰਘ, ਸੁਖਪ੍ਰੀਤ ਸਿੰਘ ਅਤੇ ਅਜਾਇਬ ਸਿੰਘ ਸਮੇਤ ਵਿਅਕਤੀਆਂ ਦੀ ਸ਼ਨਾਖਤ ਹੁੰਦੀ ਹੈ । ਬੱਚੀ ਨੂੰ ਅਗਵਾ ਕਰਕੇ ਜਦ ਉਹ ਲਿਜਾਣ ਲੱਗੇ ਤਾਂ ਮੇਰੀ ਪਤਨੀ ਰੁਪਿੰਦਰ ਕੌਰ ਵੀ ਉਨ੍ਹਾਂ ਨਾਲ ਕਾਰ ਵਿਚ ਚਲੀ ਗਈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਸੀ.ਸੀ.ਟੀ.ਵੀ.ਫੁਟੇਜ ਸਮੇਤ ਪੁਲਸ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ । ਉਧਰ ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਐੱਸ.ਆਈ.ਵਰੁਣ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਇਸ ਮਾਮਲੇ ਵਿਚ ਪੂਰੀ ਮੁਸਤੈਦੀ ਵਰਤ ਕੇ ਕਾਰਵਾਈ ਕਰ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।