ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੇ ਮਾਮਲੇ ’ਚ 3 ਪਿੰਡਾਂ ਦੇ ਲੋਕਾਂ ਨੇ ਦਿੱਤਾ ਧਰਨਾ
Tuesday, Dec 25, 2018 - 11:20 AM (IST)
ਫਰੀਦਕੋਟ (ਪਵਨ, ਖੁਰਾਣਾ)- ਨਾਮਜ਼ਦਗੀ ਪੱਤਰ ਰੱਦ ਕਰਵਾਉਣ ਤੋਂ ਨਾਰਾਜ਼ ਹੋਏ ਤਿੰਨ ਪਿੰਡਾਂ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਅੱਧੇ ਘੰਟੇ ਤੋਂ ਬਾਅਦ ਇਹ ਧਰਨਾ ਚੁੱਕਿਆ ਤਾਂ ਆਵਾਜਾਈ ਬਹਾਲ ਹੋ ਸਕੀ। ਪਿੰਡ ਭਾਗਸਰ, ਨੰਦਗਡ਼੍ਹ ਅਤੇ ਮਹਾਂਬੱਧਰ ਤੋਂ ਇਕੱਤਰ ਹੋਏ 60 ਵਿਅਕਤੀਆਂ ਨੇ ਸੋਮਵਾਰ ਦੀ ਦੁਪਹਿਰ ਨੂੰ ਕਰੀਬ ਡੇਢ ਵਜੇ ਡੀ. ਸੀ. ਦਫ਼ਤਰ ਦੇ ਨਜ਼ਦੀਕ ਸਡ਼ਕ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਕਰੀਬ ਅੱਧਾ ਘੰਟਾ ਚੱਲੇ ਇਸ ਧਰਨੇ ਦੌਰਾਨ ਲੋਕਾਂ ਨੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਨੇਤਾਵਾਂ ਦੇ ਦਬਾਅ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਮੀਦਵਾਰਾਂ ਦੇ ਸਹੀ ਨਾਮਜ਼ਦਗੀ ਪੱਤਰ ਵੀ ਰੱਦ ਕਰ ਦਿੱਤੇ, ਜਦਕਿ ਜਿਨ੍ਹਾਂ ਲੋਕਾਂ ਦੇ ਨਾਮਜ਼ਦਗੀ ਪੱਤਰ ਸਹੀ ਹਨ, ਉਨ੍ਹਾਂ ਨੂੰ ਲੋਕ ਪਸੰਦ ਹੀ ਨਹੀਂ ਕਰਦੇ। ਲੋਕਾਂ ਨੇ ਕਿਹਾ ਕਿ ਅਜਿਹੇ ਵਿਚ ਇਨ੍ਹਾਂ ਪਿੰਡਾਂ ਵਿਚ, ਜੋ ਵੀ ਪੰਚਾਇਤ ਬਣੇਗੀ, ਉਸ ਦਾ ਪਿੰਡ ਦੇ ਨਾਲ ਕੋਈ ਲੈਣ-ਦੇਣ ਨਹੀਂ ਹੋਵੇਗਾ। ਇਹ ਪੰਚਾਇਤ ਪਿੰਡ ਵਿਰੋਧੀ ਪੰਚਾਇਤ ਅਖਵਾਵੇਗੀ ਕਿਉਂਕਿ ਜ਼ਿਆਦਾਤਰ ਲੋਕ ਸਬੰਧਤ ਉਮੀਦਵਾਰਾਂ ਨੂੰ ਪਸੰਦ ਨਹੀਂ ਕਰਦੇ, ਜਦਕਿ ਕੁਝ ਲੋਕਾਂ ਨੂੰ ਨਾਮਜ਼ਦਗੀ ਪੱਤਰ ਰੱਦ ਹੋਣ ਦੇ ਬਾਵਜੂਦ ਦੁਬਾਰਾ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਧਰਨਾਕਾਰੀਆਂ ਨੂੰ ਡੀ. ਸੀ. ਅਰਵਿੰਦ ਕੁਮਾਰ ਨੇ ਮੀਟਿੰਗ ਵਾਸਤੇ ਬੁਲਾਇਆ। ਡੀ. ਸੀ. ਨੇ ਕਿਹਾ ਕਿ ਹੁਣ ਉਨ੍ਹਾਂ ਦੇ ਹੱਥ ਵਿਚ ਕੁਝ ਨਹੀਂ ਹੈ। ਉਹ ਤਾਂ ਉਨ੍ਹਾਂ ਦੀ ਸ਼ਿਕਾਇਤ ਚੋਣ ਆਯੋਗ ਕੋਲ ਭੇਜ ਦੇਣਗੇ ਅਤੇ ਚੋਣ ਆਯੋਗ ਹੀ ਇਸ ਦੀ ਜਾਂਚ ਕਰੇਗਾ। ਜਾਂਚ ਵਿਚ ਜੇਕਰ ਉਨ੍ਹਾਂ ਦਾ ਦੋਸ਼ ਸਹੀ ਪਾਇਆ ਗਿਆ ਤਾਂ ਪਿੰਡ ਦੀ ਪੰਚਾਇਤ ਰੱਦ ਕਰ ਦਿੱਤੀ ਜਾਵੇਗੀ। ਹੋ ਸਕਦਾ ਹੈ, ਉਸ ਤੋਂ ਪਹਿਲਾਂ ਹੀ ਜਾਂਚ ਹੋ ਜਾਵੇ ਤਾਂ ਚੋਣਾਂ ਵੀ ਰੋਕੀਆਂ ਜਾ ਸਕਦੀਆਂ ਹਨ, ਜਿਸ ’ਤੇ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਅਤੇ ਆਵਾਜਾਈ ਬਹਾਲ ਹੋਈ। ਇਸ ਮੌਕੇ ਨੀਲਾ ਸਿੰਘ, ਜਗਬੀਰ ਸਿੰਘ, ਕਾਲੀ ਸਿੰਘ, ਹਰਬੀਰ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ।
