ਤੇਜ਼ਧਾਰ ਹਥਿਆਰਾਂ ਨਾਲ ਲੁੱਟ ਦੀ ਯੋਜਨਾ ਬਣਾਉਂਦਾ ਗਿਰੋਹ ਕਾਬੂ, 5 ਮੁਲਜ਼ਮ ਗ੍ਰਿਫਤਾਰ
Friday, Apr 17, 2026 - 03:31 PM (IST)
ਫਰੀਦਕੋਟ (ਰਾਜਨ) : ਡਾ. ਪ੍ਰਗਿਆ ਜੈਨ ਆਈ.ਪੀ.ਐਸ, ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਪੁਲਸ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟ-ਖੋਹ ਕਰਨ ਦੀ ਤਿਆਰੀ ਕਰ ਰਹੇ 5 ਮੁਲਜ਼ਮਾਂ ਨੂੰ ਵਾਰਦਾਤ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ. (ਇਨਵੈਸਟੀਗੇਸ਼ਨ) ਅਤੇ ਤਰਲੋਚਨ ਸਿੰਘ ਡੀ.ਐਸ.ਪੀ. (ਸਿਟੀ) ਦੇ ਦਿਸ਼ਾ-ਨਿਰਦੇਸ਼ ਹੇਠ ਥਾਣਾ ਸਿਟੀ-2 ਫਰੀਦਕੋਟ ਦੀ ਪੁਲਸ ਟੀਮ ਨੇ ਤੁਰੰਤ ਕਾਰਵਾਈ ਕੀਤੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਕੁਲਦੀਪ ਸਿੰਘ (ਬਲਬੀਰ ਬਸਤੀ), ਸੁਖਵਿੰਦਰ ਸਿੰਘ ਉਰਫ ਜੁੰਗਨੂ (ਬਲਬੀਰ ਬਸਤੀ), ਮਨਪ੍ਰੀਤ ਸਿੰਘ ਉਰਫ ਮਨੀ (ਦਸਮੇਸ ਨਗਰ), ਮੰਗਲ ਸਿੰਘ ਉਰਫ ਮੰਗਾ (ਹਰਗੋਬਿੰਦ ਨਗਰ) ਅਤੇ ਰਵੀ (ਦਾਣਾ ਮੰਡੀ) ਸ਼ਾਮਲ ਹਨ। ਪੁਲਸ ਵੱਲੋਂ ਮੁਲਜ਼ਮਾਂ ਪਾਸੋਂ 3 ਕ੍ਰਿਪਾਨਾਂ, 1 ਵੱਡਾ ਕਾਪਾ ਅਤੇ 1 ਲੱਕੜ ਦਾ ਸੋਟਾ ਬਰਾਮਦ ਕੀਤਾ ਗਿਆ ਹੈ।
ਪੁਲਸ ਅਨੁਸਾਰ 16 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ "ਤੇ ਸਨ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਸਾਦਿਕ ਚੌਂਕ ਤੋਂ ਡਾਕਖਾਨਾ ਰੋਡ ਵੱਲ ਮੰਡੀ ਦੇ ਗੇਟ ਨੇੜੇ ਬਾਥਰੂਮਾਂ ਕੋਲ ਹਥਿਆਰਾਂ ਨਾਲ ਲੁੱਟ ਦੀ ਯੋਜਨਾ ਬਣਾ ਰਹੇ ਹਨ। ਪੁਲਸ ਟੀਮ ਨੇ ਮੌਕੇ ‘ਤੇ ਛਾਪਾ ਮਾਰ ਕੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਥਾਣਾ ਸਿਟੀ-2 ਵਿੱਚ ਮੁਕੱਦਮਾ ਦਰਜ ਕੀਤਾ ਗਿਆ।
