ਕੇਂਦਰੀ ਜੇਲ ਅੰਦਰ ਪਾਬੰਦੀਸ਼ੁਦਾ ਸਾਮਾਨ ਸੁੱਟਣ ਦੇ ਮਾਮਲੇ ’ਚ 4 ਖ਼ਿਲਾਫ ਕੇਸ ਦਰਜ
Thursday, Apr 09, 2026 - 03:50 PM (IST)
ਫਰੀਦਕੋਟ (ਰਾਜਨ) : ਥਾਣਾ ਸਿਟੀ ਫਰੀਦਕੋਟ ਦੀ ਪੁਲਸ ਨੇ ਕੇਂਦਰੀ ਜੇਲ ਫਰੀਦਕੋਟ ਅੰਦਰ ਪਾਬੰਦੀਸ਼ੁਦਾ ਸਾਮਾਨ ਸੁੱਟਣ ਦੇ ਮਾਮਲੇ ’ਚ 2 ਥ੍ਰੋ ਕਰਨ ਆਏ ਵਿਅਕਤੀਆਂ ਅਤੇ 2 ਹਵਾਲਾਤੀਆਂ ਖ਼ਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਮੁਲਜ਼ਮ ਟਾਵਰ ਨੰਬਰ 6 ਅਤੇ 7 ਦੇ ਵਿਚਕਾਰ ਯੋਜਨਾਬੱਧ ਤਰੀਕੇ ਨਾਲ ਜੇਲ ਅੰਦਰ ਸਾਮਾਨ ਸੁੱਟਣ ਆਏ ਸਨ, ਜਿਨ੍ਹਾਂ ਵੱਲੋਂ ਕੁੱਲ 21 ਗੇਂਦਾਂ ਜੇਲ ਅੰਦਰ ਸੁੱਟੀਆਂ ਗਈਆਂ। ਜਦੋਂ ਜੇਲ ਸਟਾਫ ਵੱਲੋਂ ਉਨ੍ਹਾਂ ਗੇਂਦਾਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ’ਚੋਂ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਇਆ। ਜੇਲ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਾਰਾ ਸਮਾਨ ਕਬਜ਼ੇ ’ਚ ਲੈ ਕੇ ਦੋਵੇਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ।
ਬਰਾਮਦ ਸਾਮਾਨ ’ਚ 74 ਪੁੜੀਆਂ ਜਰਦਾ, 15 ਬੀੜੀਆਂ ਦੇ ਬੰਡਲ, 2 ਪੁੜੀਆਂ ਕੂਲਲਿੱਪ, 1 ਡਾਟਾ ਕੇਬਲ, 4 ਹੀਟਰ ਸਪ੍ਰਿੰਗ, 2 ਹੈੱਡਫੋਨ, 2 ਮੋਬਾਈਲ ਚਾਰਜਰ, 6 ਸਿਗਰੇਟ ਡੱਬਿਆਂ, 3 ਲਾਈਟਰ, 2 ਕੀਪੈਡ ਮੋਬਾਈਲ , 1 ਟੱਚ ਸਕਰੀਨ ਮੋਬਾਈਲ , 1 ਕਿੱਟ, 1 ਗੰਡਾਸੀ ਅਤੇ 1 ਮੋਬਾਈਲ ਫੋਨ ਸਮੇਤ ਸਿਮ ਕਾਰਡ ਸ਼ਾਮਲ ਹਨ। ਪੁਲਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਜ਼ਿਲਾ ਮੋਗਾ ਅਤੇ ਤੇਜਿੰਦਰ ਸਿੰਘ ਵਾਸੀ ਸੋਸਾਇਟੀ ਨਗਰ ਫਰੀਦਕੋਟ ਵਜੋਂ ਹੋਈ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਹਵਾਲਾਤੀ ਰੁਪਿੰਦਰ ਗਾਂਧੀ ਵਾਸੀ ਜ਼ਿਲਾ ਫਾਜ਼ਿਲਕਾ ਅਤੇ ਗੁਰਪ੍ਰੀਤ ਸਿੰਘ ਵਾਸੀ ਜ਼ਿਲਾ ਮੋਗਾ ਦੇ ਨਾਂ ਵੀ ਸਾਹਮਣੇ ਲਿਆਏ। ਪੁਲਸ ਨੇ ਚਾਰਾਂ ਖ਼ਿਲਾਫ ਜੇਲ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
