ਸ਼ੱਕੀ ਹਾਲਾਤ ''ਚ ਨਹਿਰ ਵਿਚੋਂ ਬਰਾਮਦ ਹੋਈ ਵਿਅਕਤੀ ਦੀ ਲਾਸ਼
Tuesday, Jul 16, 2024 - 04:34 PM (IST)
ਜੈਤੋ (ਜਿੰਦਲ) : 24 ਘੰਟੇ ਮਨੁੱਖਤਾ ਦੀ ਸੇਵਾ ’ਚ ਸਮਰਪਿਤ ਸੰਸਥਾ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਐਮਰਜੈਂਸੀ ਨੰਬਰ ’ਤੇ ਕਿਸੇ ਪਿੰਡ ਨਿਵਾਸੀ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ’ਤੇ ਸਥਿਤ ਪਿੰਡ ਰਾਮੇਆਣਾ ਤੇ ਕੋਟਲੀ ਵਿਚਕਾਰ ਸਰਾਂ ਨਰਸਰੀ ਕੋਲ ਇਕ ਵਿਅਕਤੀ ਦੀ ਲਾਸ਼ ਨਹਿਰ ਵਿਚ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ, ਸੰਦੀਪ ਸਿੰਘ ਹੈਪੀ ਸ਼ਰਮਾ, ਐਬੂਲੈਂਸ ਸਮੇਤ ਨਹਿਰ ’ਤੇ ਪਹੁੰਚੇ। ਚੜ੍ਹਦੀਕਲਾ ਸੁਸਾਇਟੀ ਦੇ ਆਗੂਆਂ ਵਲੋਂ ਜੈਤੋ ਪੁਲਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਗਈ ਅਤੇ ਜੈਤੋ ਦੇ ਡੀ. ਐੱਸ. ਪੀ. ਸੁਖਦੀਪ ਸਿੰਘ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ।
ਥੋੜ੍ਹੀ ਦੇਰ ਉਪਰੰਤ ਥਾਣਾ ਜੈਤੋ ਦੇ ਏ. ਐੱਸ. ਆਈ. ਗੁਰਮੁਖ ਸਿੰਘ, ਪੁਲਸ ਕਰਮਚਾਰੀ ਜਗਮੀਤ ਸਿੰਘ, ਨਛੱਤਰ ਸਿੰਘ ਨਹਿਰ ’ਤੇ ਪਹੁੰਚ ਗਏ। ਇਨ੍ਹਾਂ ਦੀ ਨਿਗਰਾਨੀ ਹੇਠ ਸੰਸਥਾ ਦੇ ਮੈਂਬਰਾ ਵਲੋਂ ਨੌਜਵਾਨ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ। ਜੈਤੋ ਪੁਲਸ ਦੀ ਦੇਖ-ਰੇਖ ਵਿਚ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਮ੍ਰਿਤਕ ਘਰ ਵਿਚ ਰੱਖ ਦਿੱਤਾ ਗਿਆ। ਜੈਤੋ ਪੁਲਸ ਇਸਦੀ ਤਫਦੀਸ਼ ਕਰ ਰਹੀ ਹੈ। ਮ੍ਰਿਤਕ ਆਦਮੀ ਪਛਾਣ ਸਤਵੀਰ ਸਿੰਘ (45) ਸਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਰੋੜੀਕਪੂਰਾ ਵਜੋਂ ਹੋਈ ਹੈ।