ਬੰਟੀ ਰੋਮਾਣਾ ਨੇ ਫਰੀਦਕੋਟ ’ਚ ਸਾਰੀਆਂ 13 ਪੇਂਡੂ ਡਿਸਪੈਂਸਰੀਆਂ ਬੰਦ ਹੋਣ ''ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

01/29/2023 10:43:49 AM

ਫਰੀਦਕੋਟ (ਚਾਵਲਾ) : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿਚ ਸਾਰੀਆਂ 13 ਪੇਂਡੂ ਡਿਸਪੈਂਸਰੀਆਂ (ਪ੍ਰਾਇਮਰੀ ਹੈਲਥ ਸੈਂਟਰ) ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਦਿਹਾਤੀ ਇਲਾਕਿਆਂ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਬੀਤੇ ਦਿਨ ਪਿੰਡ ਸੁੱਖਣਵਾਲਾ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਸ ਪਿੰਡ ਵਿਚੋਂ ਡਾਕਟਰ, ਫਾਰਮਾਸਿਸਟ ਤੇ ਦਰਜਾਚਾਰ ਮੁਲਾਜ਼ਮ ਸਮੇਤ ਸਾਰਾ ਸਟਾਫ਼ ਫਰੀਦਕੋਟ ਦੀ ਬਾਜ਼ੀਗਰ ਬਸਤੀ ਦੀ ਸ਼ਹਿਰੀ ਡਿਸਪੈਂਸਰੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਹੁਣ ਇਸ ਪਿੰਡ ਦੇ ਲੋਕ ਸਿਹਤ ਸੇਵਾਵਾਂ ਲੈਣ ਕਿੱਥੇ ਜਾਣ ?

ਇਹ ਵੀ ਪੜ੍ਹੋ- ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

ਰੋਮਾਣਾ ਨੇ ਕਿਹਾ ਕਿ ਪੰਜਾਬ ਵਿਚ ਦਿਹਾਤੀ ਇਲਾਕਿਆਂ ਵਿਚ ਤਿੰਨ ਪੜਾਵੀ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਹੈ। ਇਨ੍ਹਾਂ ਵਿਚ ਸਬ ਸੈਂਟਰ ਹਨ ਜਿਨ੍ਹਾਂ ਨੂੰ ਏ. ਐੱਨ. ਐੱਮ. ਚਲਾਉਂਦੀ ਹੈ, ਡਿਸਪੈਂਸਰੀਆਂ ਹਨ, ਜਿਨ੍ਹਾਂ ਨੂੰ ਡਾਕਟਰ/ਫਾਰਮਾਸਿਸਟ ਚਲਾਉਂਦੇ ਹਨ ਅਤੇ ਪੀ. ਐੱਚ. ਸੀ. ਹਨ ਜਿਸ ਵਿਚ ਲੋੜ ਮੁਤਾਬਕ ਸਟਾਫ਼ ਤਾਇਨਾਤ ਹੁੰਦਾ ਹੈ ਜੋ 10 ਹਜ਼ਾਰ ਦੀ ਆਬਾਦੀ ਦੀ ਸਿਹਤ ਸੇਵਾਵਾਂ ਦੀ ਲੋੜ ਪੂਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਹੀ ਡਿਸਪੈਂਸਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਤਾਂ ਫਿਰ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਮੈਡੀਕਲ ਸਹਾਇਤਾ ਮਿਲਣੀ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਵੀ ਲੋਕ ਹਨ ਜੋ ਮੈਡੀਕਲ ਸਹੂਲਤ ਲੈਣ ਵਾਸਤੇ ਸਫ਼ਰ ਨਹੀਂ ਕਰ ਸਕਦੇ। ਰੋਮਾਣਾ ਨੇ ਕਿਹਾ ਕਿ ਸੂਬੇ ਵਿਚ 540 ਡਿਸਪੈਂਸਰੀਆਂ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਬੁਨਿਆਦੀ ਢਾਂਚਾ ਹੁਣ ਬਰਬਾਦ ਹੋ ਜਾਵੇਗਾ। ਉਨ੍ਹਾਂ ਕਿਹਾ ‘ਆਪ’ ਸਰਕਾਰ ਨੂੰ ਪੇਂਡੂ ਡਿਸਪੈਂਸਰੀਆਂ ਵਾਸਤੇ ਸਟਾਫ਼ ਭਰਤੀ ਕਰਨਾ ਚਾਹੀਦਾ ਸੀ ਤੇ ਦਵਾਈਆਂ ਦੀ ਉਪਲਧਤਾ ਯਕੀਨੀ ਬਣਾਉਣੀ ਚਾਹੀਦੀ ਸੀ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਨਾਮ 'ਤੇ ਹੋਵੇਗਾ ਸੜਕ ਦਾ ਨਾਂ, ਸੁਰੱਖਿਆ ਲੀਕ ਹੋਣ ਸਬੰਧੀ ਸਿਹਤ ਮੰਤਰੀ ਦਾ ਅਹਿਮ ਬਿਆਨ

ਰੋਮਾਣਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 1999 ਵਿਚ ਖਾਲਸਾ ਸਾਜਣਾ ਦੀ 300ਵੀਂ ਵਰ੍ਹੇਗੰਢ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਜ ਪਿਆਰਿਆਂ ਦੇ ਨਾਂ ’ਤੇ ਬਣਾਏ ਸੈਟੇਲਾਈਟ ਸੈਂਟਰਾਂ ਦੇ ਨਾਂ ਬਦਲਣ ਦੇ ਯਤਨਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੰਜ ਪਿਆਰਿਆਂ ਦੇ ਨਾਂ ਦੇ ਕੀਤੇ ਗਏ ਅਪਮਾਨ ਤੋਂ ਸਿੱਖ ਕੌਮ ਦੇ ਹਿਰਦੇ ਵਲੁੰਧਰੇ ਗਏ ਹਨ। ਕੋਈ ਵੀ ਸਿੱਖ ਅਜਿਹਾ ਨਹੀਂ ਕਰ ਸਕਦਾ। ਉਨ੍ਹਾਂ ਨਾਲ ਹੀ ਆਖਿਆ ਕਿ ਅਜਿਹਾ ਜਾਪਦਾ ਹੈ ਕਿ ਇਹ ਫ਼ੈਸਲਾ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹੈ। ਅਕਾਲੀ ਆਗੂ ਨੇ 10 ਕਰੋੜ ਰੁਪਏ ਨਾਲ ਬਣਾਏ ਆਮ ਆਦਮੀ ਕਲੀਨਿਕ ਦੇ ਦੱਖਣੀ ਭਾਰਤ ਸਮੇਤ ਹੋਰ ਸੂਬਿਆਂ ਵਿਚ ਪ੍ਰਚਾਰ ਵਾਸਤੇ 30 ਕਰੋੜ ਰੁਪਏ ਖਰਚ ਕਰਨ ਦੇ ‘ਆਪ’ ਸਰਕਾਰ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News