‘ਯੇ ਰਿਸ਼ਤਾ ਕਯਾ...’ ਦੀ ਅਦਾਕਾਰਾ ਵੈਂਟੀਲੇਟਰ ’ਤੇ, ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

11/29/2020 2:33:35 PM

ਜਲੰਧਰ (ਬਿਊਰੋ)– ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਅਦਾਕਾਰਾ ਦਿਵਿਆ ਭਟਨਾਗਰ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਅਦਾਕਾਰਾ ਦੀ ਮਾਂ ਤੇ ਭਰਾ ਉਸ ਦੀ ਵਿਗੜੀ ਸਿਹਤ ਬਾਰੇ ਜਾਣਨ ਤੋਂ ਬਾਅਦ ਦਿੱਲੀ ਤੋਂ ਮੁੰਬਈ ਪਹੁੰਚ ਗਏ ਹਨ। ਦਿਵਿਆ ਦੀ ਮਾਂ ਨੇ ਇੰਡੀਆ ਟੁਡੇ ਨਾਲ ਅਦਾਕਾਰਾ ਦੀ ਹਾਲਤ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਦਿਵਿਆ ਦੀ ਹਾਲਤ ਨਾਜ਼ੁਕ ਹੈ ਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।

ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਤੇ ‘ਤੇਰਾ ਯਾਰ ਹੂੰ ਮੈਂ’ ’ਚ ਨਜ਼ਰ ਆਉਣ ਵਾਲੀ ਦਿਵਿਆ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ 26 ਨਵੰਬਰ ਨੂੰ ਹਸਪਤਾਲ ਲਿਜਾਇਆ ਗਿਆ ਸੀ। ਦਿਵਿਆ ਨੂੰ ਨਿਮੋਨੀਆ ਹੋਇਆ ਸੀ। ਉਸ ਦੀ ਮਾਂ ਨੇ ਦੱਸਿਆ, ‘ਜਦੋਂ ਸਾਨੂੰ ਦਿਵਿਆ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਮੈਂ ਤੇ ਮੇਰਾ ਬੇਟਾ ਮੁੰਬਈ ਆ ਗਏ। ਉਸ ਦੀ ਹਾਲਤ ਨਾਜ਼ੁਕ ਹੈ ਤੇ ਉਹ ਵੈਂਟੀਲੇਟਰ ’ਤੇ ਹੈ।’

ਦਿਵਿਆ ਭਟਨਾਗਰ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਉਸ ਦੀ ਇਕ ਤਸਵੀਰ ਸ਼ੇਅਰ ਕੀਤੀ ਗਈ ਸੀ। ਇਸ ਤਸਵੀਰ ’ਚ ਦਿਵਿਆ ਨੂੰ ਉਸ ਦੇ ਹਸਪਤਾਲ ਦੇ ਬੈੱਡ ’ਤੇ ਦੇਖਿਆ ਜਾ ਸਕਦਾ ਹੈ। ਤਸਵੀਰ ਦੀ ਕੈਪਸ਼ਨ ’ਚ ਦਿਵਿਆ ਲਈ ਦੁਆ ਕਰਨ ਦੀ ਬੇਨਤੀ ਪ੍ਰਸ਼ੰਸਕਾਂ ਕੋਲੋਂ ਕੀਤੀ ਗਈ ਹੈ।

ਦਿਵਿਆ ਦੇ ਵਿਆਹ ’ਚ ਆ ਰਹੀਆਂ ਸਨ ਦਿੱਕਤਾਂ
ਦਿਵਿਆ ਭਟਨਾਗਰ ਦੀ ਮਾਂ ਨੇ ਦੱਸਿਆ ਕਿ ਅਦਾਕਾਰਾ ਦੇ ਵਿਆਹ ’ਚ ਦਿੱਕਤਾਂ ਆ ਰਹੀਆਂ ਸਨ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਦਿਵਿਆ ਭਟਨਾਗਰ ਨੇ ਦਸੰਬਰ 2019 ’ਚ ਗਗਨ ਨਾਂ ਦੇ ਸ਼ਖਸ ਨਾਲ ਵਿਆਹ ਕਰਵਾਇਆ ਸੀ। ਗਗਨ ਵੀ ਐਂਟਰਟੇਨਮੈਂਟ ਇੰਡਸਟਰੀ ਦਾ ਹਿੱਸਾ ਹੈ ਤੇ ਕਈ ਰਿਐਲਿਟੀ ਸ਼ੋਅਜ਼ ਨਾਲ ਜੁੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿਵਿਆ ਇਨ੍ਹੀਂ ਦਿਨੀਂ ਆਪਣੇ ਘਰ ’ਚ ਇਕੱਲੀ ਰਹਿ ਰਹੀ ਸੀ ਕਿਉਂਕਿ ਗਗਨ ਆਪਣਾ ਸਾਮਾਨ ਲੈ ਕੇ ਘਰ ਛੱਡ ਗਿਆ ਸੀ।

ਦੱਸਣਯੋਗ ਹੈ ਕਿ ਦਿਵਿਆ ਭਟਨਾਗਰ ਸੀਰੀਅਲ ‘ਤੇਰਾ ਯਾਰ ਹੂੰ ਮੈਂ’ ਦੀ ਸ਼ੂਟਿੰਗ ਕਰ ਰਹੀ ਸੀ, ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ’ਚ ਦਿਵਿਆ ਦਾ ਕੋਰੋਨਾ ਟੈਸਟ ਹੋਇਆ ਤੇ ਪਾਜ਼ੇਟਿਵ ਆਈ। ਦਿਵਿਆ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਸੀਰੀਅਲ ਨਾਲ ਜੁੜੇ ਸਾਰੇ ਲੋਕਾਂ ਨੇ ਆਪਣਾ ਟੈਸਟ ਕਰਵਾਇਆ ਹੈ।


Rahul Singh

Content Editor Rahul Singh