ਜਾਣੋ ਸੰਨੀ ਦਿਓਲ ਦੀਆਂ ਫਿਲਮਾਂ ਪਾਕਿਸਤਾਨ ''ਚ ਕਿਉਂ ਹੁੰਦੀਆਂ ਹਨ ਬੈਨ
Thursday, Jan 22, 2026 - 04:19 PM (IST)
ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਨੀ ਦਿਓਲ ਇਕ ਵਾਰ ਫਿਰ ਸਿਨੇਮਾਘਰਾਂ ਵਿਚ 'ਗਦਰ' ਮਚਾਉਣ ਲਈ ਤਿਆਰ ਹਨ। ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਬਾਰਡਰ 2' 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿਚ ਸੰਨੀ ਦਿਓਲ ਦੇ ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ, ਅਹਾਨ ਸ਼ੈੱਟੀ, ਮੋਨਾ ਸਿੰਘ ਅਤੇ ਸੋਨਮ ਬਾਜਵਾ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਪਾਕਿਸਤਾਨ ਅਤੇ ਖਾੜੀ ਦੇਸ਼ਾਂ ਵਿਚ ਪਾਬੰਦੀ
ਹਾਲਾਂਕਿ ਇਹ ਫਿਲਮ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ, ਪਰ ਖਬਰ ਸਾਹਮਣੇ ਆਈ ਹੈ ਕਿ ਇਹ ਖਾੜੀ ਦੇਸ਼ਾਂ ਵਿਚ ਰਿਲੀਜ਼ ਨਹੀਂ ਹੋਵੇਗੀ। ਇਨ੍ਹਾਂ ਦੇਸ਼ਾਂ ਵਿਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਯੂ.ਏ.ਈ. ਸ਼ਾਮਲ ਹਨ। ਫਿਲਮ ਨੂੰ ਇੱਥੇ ਬੈਨ ਕਰਨ ਦਾ ਮੁੱਖ ਕਾਰਨ ਇਸ ਵਿਚ ਮੌਜੂਦ 'ਪਾਕਿਸਤਾਨ ਵਿਰੋਧੀ ਕੰਟੈਂਟ' ਦੱਸਿਆ ਜਾ ਰਿਹਾ ਹੈ।
ਪਾਕਿਸਤਾਨ 'ਚ ਕਿਉਂ ਬੈਨ ਹਨ ਸੰਨੀ ਦਿਓਲ?
ਸਰੋਤਾਂ ਮੁਤਾਬਕ ਪਾਕਿਸਤਾਨ ਵਿਚ ਸੰਨੀ ਦਿਓਲ ਦੀਆਂ ਫਿਲਮਾਂ 'ਤੇ ਮੁਕੰਮਲ ਪਾਬੰਦੀ ਹੈ। 'ਬਾਰਡਰ 2' ਤੋਂ ਪਹਿਲਾਂ ਸੰਨੀ ਦਿਓਲ ਦੀਆਂ ਪੰਜ ਹੋਰ ਦੇਸ਼ ਭਗਤੀ ਵਾਲੀਆਂ ਫਿਲਮਾਂ ਬਾਰਡਰ, ਗਦਰ, ਇੰਡੀਅਨ, ਮਾਂ ਤੁਝੇ ਸਲਾਮ, ਅਤੇ 'ਦਿ ਹੀਰੋ' ਵੀ ਪਾਕਿਸਤਾਨ ਵਿਚ ਰਿਲੀਜ਼ ਨਹੀਂ ਹੋਈਆਂ ਸਨ। ਇਨ੍ਹਾਂ ਫਿਲਮਾਂ ਦੇ ਭਾਰਤ-ਪਾਕਿਸਤਾਨ ਦੁਸ਼ਮਣੀ ਦੇ ਪਿਛੋਕੜ ਅਤੇ ਪ੍ਰਬਲ ਦੇਸ਼ ਭਗਤੀ ਦੀ ਭਾਵਨਾ ਕਾਰਨ ਪਾਕਿਸਤਾਨੀ ਸੈਂਸਰ ਬੋਰਡ ਵੱਲੋਂ ਇਨ੍ਹਾਂ ਨੂੰ ਹਰੀ ਝੰਡੀ ਨਹੀਂ ਦਿੱਤੀ ਜਾਂਦੀ।
ਬਜਟ ਅਤੇ ਕਮਾਈ ਦੇ ਅੰਦਾਜ਼ੇ
150 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਸ ਫਿਲਮ ਨੂੰ ਐਡਵਾਂਸ ਬੁਕਿੰਗ ਵਿਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਸਪੈਸ਼ਲ ਸਕ੍ਰੀਨਿੰਗ ਤੋਂ ਬਾਅਦ ਆਏ ਰਿਵਿਊਜ਼ ਵਿਚ ਫਿਲਮ ਨੂੰ ਬਿਹਤਰੀਨ ਦੱਸਿਆ ਗਿਆ ਹੈ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਸਾਲ 2026 ਦੀ ਪਹਿਲੀ 1000 ਕਰੋੜ ਕਮਾਉਣ ਵਾਲੀ ਫਿਲਮ ਬਣ ਸਕਦੀ ਹੈ।
ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਇਹ ਫਿਲਮ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
