ਅਜਿਹੀਆਂ ਫਿਲਮਾਂ ਘੱਟ ਬਣੀਆਂ, ਜੋ ਨੌਜਵਾਨਾਂ ਦੀ ਨੁਮਾਇੰਦਗੀ ਕਰਨ, ਇਸ ਲਈ ਬਣਾਈ ''ਇਸ਼ਕ-ਵਿਸ਼ਕ ਰੀਬਾਊਂਡ''

Sunday, Jun 23, 2024 - 02:02 PM (IST)

ਅਜਿਹੀਆਂ ਫਿਲਮਾਂ ਘੱਟ ਬਣੀਆਂ, ਜੋ ਨੌਜਵਾਨਾਂ ਦੀ ਨੁਮਾਇੰਦਗੀ ਕਰਨ, ਇਸ ਲਈ ਬਣਾਈ ''ਇਸ਼ਕ-ਵਿਸ਼ਕ ਰੀਬਾਊਂਡ''

ਚੰਡੀਗੜ੍ਹ- ਸ਼ਾਹਿਦ ਕਪੂਰ ਅਤੇ ਅੰਮ੍ਰਿਤਾ ਰਾਓ ਦੀ ਰੋਮਾਂਟਿਕ ਫਿਲਮ 'ਇਸ਼ਕ-ਵਿਸ਼ਕ' 2003 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਜਿਸ ਵਿਚ ਇਸ ਜੋੜੀ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ। ਹੁਣ 'ਇਸ਼ਕ-ਵਿਸ਼ਕ' ਦੀ ਫ੍ਰੈਂਚਾਇਜ਼ੀ ਨੂੰ ਅੱਗੇ ਵਧਾਉਂਦਿਆਂ 'ਇਸ਼ਕ-ਵਿਸ਼ਕ ਰੀਬਾਊਂਡ' ਵੱਡੇ ਪਰਦੇ 'ਤੇ ਦਿਸੇਗੀ। ਇਸ ਦਾ ਟ੍ਰੇਲਰ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਫਿਲਮ ਵਿਚ ਪਸ਼ਮੀਨਾ ਰੋਸ਼ਨ, ਰੋਹਿਤ ਸ਼ਰਾਫ਼, ਨੈਲਾ ਗਰੇਵਾਲ ਤੇ ਜ਼ਿਬਰਾਨ ਖ਼ਾਨ ਮੁੱਖ ਭੂਮਿਕਾ ’ਚ ਹਨ। ਫਿਲਮ ਰਮੇਸ਼ ਤੌਰਾਨੀ ਅਤੇ ਜਯਾ ਤੌਰਾਨੀ ਵੱਲੋਂ ਪ੍ਰੋਡਿਊਸ ਹੈ ਅਤੇ ਨਿਪੁੰਨ ਅਵਿਨਾਸ਼ ਧਰਮਾਧਿਕਾਰੀ ਵੱਲੋਂ ਨਿਰਦੇਸ਼ਤ ਹੈ। ਇਹ ਫਿਲਮ 21 ਜੂਨ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਈ। ਫਿਲਮ ਬਾਰੇ ਪਸ਼ਮੀਨਾ ਰੋਸ਼ਨ, ਰੋਹਿਤ ਸ਼ਰਾਫ਼, ਨੈਲਾ ਗਰੇਵਾਲ, ਜ਼ਿਬਰਾਨ ਖ਼ਾਨ, ਰਮੇਸ਼ ਤੌਰਾਨੀ ਅਤੇ ਨਿਪੁੰਨ ਧਰਮਾਧਿਕਾਰੀ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

-ਇਸ ਫਿਲਮ 'ਚ ਇਹ ਰੋਲ ਤੁਹਾਨੂੰ ਕਿਵੇਂ ਆਫਰ ਹੋਇਆ?

ਪਸ਼ਮੀਨਾ ਰੋਸ਼ਨ : ਇਸ ਫਿਲਮ ਲਈ ਮੈਂ ਨਿਪੁੰਨ ਸਰ ਸਾਹਮਣੇ ਆਡੀਸ਼ਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਮੇਰਾ ਆਡੀਸ਼ਨ ਚੰਗਾ ਲੱਗਿਆ ਅਤੇ ਇਸ ਤਰ੍ਹਾਂ ਫਿਲਮ ਵਿਚ ਮੇਰੀ ਕਾਸਟਿੰਗ ਹੋਈ।

ਰੋਹਿਤ ਸ਼ਰਾਫ਼ : ਮੈਂ ਇਸ ਫਿਲਮ 'ਚ ਰਾਘਵ ਦਾ ਕਿਰਦਾਰ ਨਿਭਾ ਰਿਹਾ ਹਾਂ। ਜਦੋਂ ਮੈਨੂੰ ਪਤਾ ਲੱਗਾ ਕਿ 'ਇਸ਼ਕ-ਵਿਸ਼ਕ' ਬਣਨ ਵਾਲੀ ਹੈ ਤਾਂ ਇਹ ਜਾਣਨ ਦੀ ਬਹੁਤ ਉਤਸੁਕਤਾ ਸੀ ਕਿ ਕੀ ਇਹ ਦੂਜਾ ਪਾਰਟ ਹੋਵੇਗਾ ਜਾਂ ਰੀਮੇਕ ਜਾ ਫਿਰ ਸੀਕੁਅਲ। ਮੈਂ ਇਸ ਲਈ ਕਾਫ਼ੀ ਉਤਸ਼ਾਹਿਤ ਸੀ, ਫਿਰ ਜਦੋਂ ਮੈਂ ਆਪਣੀ ਦੂਜੀ ਫਿਲਮ ਲਈ ਸ਼ੂਟਿੰਗ ਕਰ ਰਿਹਾ ਸੀ, ਉਦੋਂ ਮੈਨੂੰ ਰਮੇਸ਼ ਜੀ ਦਾ ਫੋਨ ਆਇਆ ਤੇ ਉਨ੍ਹਾਂ ਕਿਹਾ ਕਿ ਇਕ ਨਰੇਸ਼ਨ ਕਰਦੇ ਹਾਂ, ਉਸ ਤੋਂ ਬਾਅਦ ਦੇਖਾਂਗੇ ਕੀ ਹੋਵੇਗਾ। ਫਿਰ ਮੈਨੂੰ ਪਤਾ ਲੱਗਾ ਕਿ ਇਹ ਸੀਕਵਲ ਜਾਂ ਰੀਮੇਕ ਨਹੀਂ ਹੈ। ਮੈਂ ਜਦੋਂ ਆਪਣੀ ਸ਼ੂਟਿੰਗ ਪੂਰੀ ਕਰ ਕੇ ਮੁੰਬਈ ਆਇਆ ਤਾਂ ਰਮੇਸ਼ ਤੇ ਨਿਪੁੰਨ ਜੀ ਨੂੰ ਮਿਲਿਆ ਤਾਂ ਇਸ ਤਰ੍ਹਾਂ ਮੇਰੀ ਕਾਸਟਿੰਗ ਹੋਈ।

ਨੈਲਾ ਗਰੇਵਾਲ : ਮੈਂ ਇਸ ਫਿਲਮ 'ਚ ਨਾਯਲਾ ਦਾ ਕਿਰਦਾਰ ਨਿਭਾ ਰਹੀ ਹਾਂ। ਮੈਂ ਦਿੱਲੀ ’ਚ ਸੀ ਤੇ ਉਸ ਟਾਈਮ ਕੋਵਿਡ ਵੀ ਸੀ, ਅਸੀਂ ਰਿਕਾਰਡ ਕਰ ਕੇ ਆਡੀਸ਼ਨ ਭੇਜਦੇ ਸੀ ਤਾਂ ਮੈਨੂੰ ਕਾਸਟਿੰਗ ਟੀਮ ਨੇ ਸੱਦਾ ਭੇਜਿਆ। ਫਿਲਮ ਬਾਰੇ ਦੱਸਿਆ ਤਾਂ ਮੈਨੂੰ ਵੀ ਅਜਿਹਾ ਲੱਗਾ ਕਿ ਸ਼ਾਇਦ ਇਹ ਇਕ ਰੀਮੇਕ ਹੋਵੇਗਾ ਜਾਂ ਫਿਰ ਸੀਕੁਅਲ। ਫਿਰ ਮੈਂ ਆਪਣਾ ਸੀਨ ਕੀਤਾ ਤੇ ਕੁਝ ਦਿਨਾਂ ਬਾਅਦ ਮੈਨੂੰ ਕਾਲ ਆਈ ਕਿ ਮੈਂ ਮੁੰਬਈ ਆਵਾਂ ਤੇ ਨਿਪੁੰਨ ਅਤੇ ਰਮੇਸ਼ ਸਰ ਨਾਲ ਮਿਲਾਂ। ਫਿਰ ਬਹੁਤ ਹੀ ਘੱਟ ਸਮੇਂ ’ਚ ਸਾਰੀਆਂ ਚੀਜ਼ਾਂ ਹੋਈਆਂ ਤੇ ਫਿਰ ਅਸੀਂ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਾਂ।

ਜ਼ਿਬਰਾਨ ਖ਼ਾਨ : ਮੈਂ ਕੋਵਿਡ ਸਮੇਂ ਰਮੇਸ਼ ਜੀ ਨੂੰ ਮਿਲਿਆ ਸੀ। ਉਦੋਂ ਸਾਡੀ ਗੱਲਬਾਤ ਹੋਈ ਸੀ ਤੇ ਉਨ੍ਹਾਂ ਕਿਹਾ ਸੀ ਕਿ ਤੂੰ ਕੰਮ ਕਰਦਾ ਰਹਿ, ਕਦੇ ਕੁਝ ਹੋਵੇਗਾ ਤਾਂ ਮੈਂ ਤੈਨੂੰ ਜ਼ਰੂਰ ਯਾਦ ਕਰਾਂਗਾ। ਫਿਰ ਇਕ ਮਹੀਨੇ ਬਾਅਦ ਕਾਲ ਆਈ ਕਿ ਅਸੀਂ ‘ਇਸ਼ਕ ਵਿਸ਼ਕ’ ਲਈ ਕਾਸਟਿੰਗ ਕਰ ਰਹੇ ਹਾਂ। ‘ਇਸ਼ਕ ਵਿਸ਼ਕ’ ਸੁਣ ਕੇ ਹੀ ਮੇਰੇ ਅੰਦਰ ਊਰਜਾ ਆ ਗਈ ਸੀ ਅਤੇ ਮੇਰਾ ਜੋ ਆਡੀਸ਼ਨ ਦਾ ਸੀਨ ਸੀ, ਉਹ ਵੀ ਬਹੁਤ ਪਾਵਰਫੁੱਲ ਸੀ, ਫਿਰ ਕੁਝ ਦਿਨ ਬਾਅਦ ਨਿਪੁੰਨ ਜੀ ਨੇ ਸਾਡਾ ਆਡੀਸ਼ਨ ਲਿਆ ਸੀ ਅਤੇ ਫਿਰ ਕਾਲ ਆਈ ਕਿ ਮੇਰੀ ਕਾਸਟਿੰਗ ਹੋ ਗਈ ਹੈ।

- 'ਇਸ਼ਕ-ਵਿਸ਼ਕ ਰੀਬਾਊਂਡ' ਸੀਕੁਅਲ ਨਹੀਂ ਹੈ ਤਾਂ ਕੀ ਹੈ ਤੇ 'ਇਸ਼ਕ-ਵਿਸ਼ਕ' ਫਿਲਮ ਤੋਂ ਕਿਵੇਂ ਵੱਖਰੀ ਹੈ?

ਇਹ ਨਾ ਸੀਕੁਅਲ ਹੈ ਤੇ ਨਾ ਰੀਮੇਕ। 21 ਸਾਲ ਪਹਿਲਾਂ ਜੋ ਫਿਲਮ ਆਈ ਸੀ, ਉਹ ਇਕ ਅਜਿਹੀ ਫਿਲਮ ਸੀ, ਜਿਸ ਨੇ ਨੌਜਵਾਨਾਂ ਦੇ ਜਜ਼ਬਾਤ, ਉਨ੍ਹਾਂ ਦੀਆਂ ਭਾਵਨਾਵਾਂ ’ਤੇ ਗੱਲ ਕੀਤੀ ਸੀ। ਅਜਿਹੀਆਂ ਫਿਲਮਾਂ ਫਿਰ ਬਾਅਦ 'ਚ ਘੱਟ ਬਣੀਆਂ, ਜੋ ਨੌਜਵਾਨਾਂ ਦੀ ਨੁਮਾਇੰਦਗੀ ਕਰਨ ਤਾਂ ਮੈਨੂੰ ਅਜਿਹਾ ਲੱਗਾ ਕਿ ਇਕ ਵਾਰ ਫਿਰ ਇਸ ਤਰ੍ਹਾਂ ਦੀ ਫਿਲਮ ਬਣਨੀ ਚਾਹੀਦੀ ਹੈ। ਸਾਡੀ ਪ੍ਰੋਡਿਊਸਰ ਜਯਾ ਨੂੰ ਇਹ ਵਿਚਾਰ ਆਇਆ। ਫਿਰ ਉਨ੍ਹਾਂ ਨੇ ਸਟੋਰੀ ਤਿਆਰ ਕਰਵਾਈ । ਸਾਡਾ ਜੋ ਫਿਲਮ ਨੂੰ ਲੈ ਕੇ ਵਿਚਾਰ ਸੀ ਉਹ ਇਹੀ ਸੀ ਕਿ ਹੁਣ ਦੀ ਪੀੜ੍ਹੀ ਤੇ ਉਸ ਦੇ ਵਿਚਾਰਾਂ ਬਾਰੇ ਕੁਝ ਗੱਲ ਕਰਦੇ ਹਾਂ ਕਿਉਂਕਿ ਅਜਿਹਾ ਲੱਗਦਾ ਹੈ ਕਿ ਤਕਨਾਲੋਜੀ ਕਾਰਨ ਸਭ ਠੀਕ ਹੋ ਰਿਹਾ ਹੈ ਪਰ ਕਿਤੇ ਨਾ ਕਿਤੇ ਚੀਜ਼ਾਂ ਉਲਝਦੀਆਂ ਹਨ, ਜੋ ਬੇਵਜ੍ਹਾ ਹੁੰਦੀਆਂ ਹਨ ਤਾਂ ਇਸ ਕਹਾਣੀ ’ਚ ਅਸੀਂ ਇਹੀ ਸਭ ਚੀਜ਼ਾਂ ਦਿਖਾਉਣ ਵਾਲੇ ਹਾਂ।

-ਤੁਸੀਂ ਫਿਲਮ ਨਾਲ ਜੁੜੇ ਪਰਿਵਾਰ ਤੋਂ ਹੋ ਤਾਂ ਕੀ ਤੁਸੀਂ ਬਚਪਨ ਤੋਂ ਹੀ ਐਕਟਿੰਗ 'ਚ ਆਉਣਾ ਚਾਹੁੰਦੀ ਸੀ?

ਜਦੋਂ ਮੈਂ ਛੋਟੀ ਸੀ ਤਾਂ ਮੈਂ ਅਤੇ ਮੇਰੀ ਭੈਣ ਹਮੇਸ਼ਾ ਸੈੱਟ 'ਤੇ ਜਾਂਦੇ ਸਨ। ਉਸ ਟਾਈਮ 'ਕੋਈ ਮਿਲ ਗਯਾ' ਦੇ ਸੈੱਟ 'ਤੇ ਮੈਂ ਅਕਸਰ ਜਾਂਦੀ ਸੀ ਅਤੇ ਸੋਚਦੀ ਸੀ ਕਿ ਅਸੀਂ ਕਦੇਂ ਘਰ ਹੀ ਨਾ ਜਾਈਏ, ਇਹੀ ਸਾਡਾ ਘਰ ਹੈ। ਅਸੀਂ ਵੀ ਉਸ ਦੁਨੀਆ 'ਚ ਵੱਸ ਜਾਂਦੇ ਸੀ ਤਾਂ ਮੈਨੂੰ ਅਜਿਹਾ ਲੱਗਦਾ ਹੈ ਕਿ ਉਦੋਂ ਤੋਂ ਮੈਨੂੰ ਸਿਨੇਮਾ ਨਾਲ ਪਿਆਰ ਹੋ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਮੈਂ ਸੈੱਟ 'ਤੇ ਹੁੰਦੀ ਹਾਂ ਅਤੇ ਕੰਮ ਕਰਦੀ ਹਾਂ, ਉਦੋਂ ਵੀ ਮੈਨੂੰ ਉਹੀ ਬਚਪਨ ਵਾਲੀ ਖ਼ੁਸ਼ੀ ਹੁੰਦੀ ਹੈ। ਹੁਣ ਵੀ ਮੈਨੂੰ ਅਜਿਹਾ ਹੀ ਲੱਗਦਾ ਹੈ ਕਿ ਮੈਂ ਘਰ ਨਾ ਜਾਵਾਂ, ਸਿਰਫ਼ ਕੰਮ ਕਰਾਂ। ਉਸ ਬਚਪਨ ਦੀ ਫੀਲਿੰਗ ਨੂੰ ਅੱਜ ਤੱਕ ਰੱਖਦੇ ਹੋਏ ਹੀ ਮੈਂ ਆਪਣਾ ਕਰੀਅਰ ਬਣਾ ਰਹੀ ਹਾਂ ਪਰ ਜੀਵਨ ਦੀਆਂ ਸਟੇਜਾਂ ਹੁੰਦੀਆਂ ਹਨ, ਜਿਥੇ ਚੀਜ਼ਾਂ ਬਦਲ ਜਾਂਦੀਆਂ ਹਨ ਤਾਂ ਮੈਂ ਮਾਰਕੀਟਿੰਗ ਲਾਈਨ ’ਚ ਜਾਣ ਦਾ ਵੀ ਸੋਚਿਆ ਸੀ।

-ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫਿਲਮ ਕਿਸ ਤਰ੍ਹਾਂ ਦੇ ਦਰਸ਼ਕਾਂ ਨਾਲ ਕਨੈਕਟ ਕਰੇਗੀ?

ਮੈਨੂੰ ਲੱਗਦਾ ਹੈ ਕਿ ਇਹ ਫਿਲਮ ਅੱਜ-ਕੱਲ ਦੇ ਨੌਜਵਾਨਾਂ ਨੂੰ ਕਾਫ਼ੀ ਪਸੰਦ ਆਵੇਗੀ। ਇਸ ਦੇ ਨਾਲ ਹੀ ਇਸ ਨੂੰ ਪਰਿਵਾਰ ਵੀ ਦੇਖ ਸਕਦਾ ਹੈ। ਤੁਸੀਂ ਦੇਖੋ ਕਿ ਬਹੁਤ ਸਮੇਂ ਤੋਂ ਕੋਈ ਰੋਮਾਂਟਿਕ ਫਿਲਮ ਨਹੀਂ ਆਈ। ਅੱਜਕੱਲ੍ਹ ਕਾਫ਼ੀ ਸੀਰੀਅਸ ਸਿਨੇਮਾ ਆ ਰਿਹਾ ਹੈ, ਜਿਵੇਂ ਫ਼ੌਜ ਨਾਲ ਜੁੜੀਆਂ ਜਾਂ ਬਾਇਓਪਿਕ ਫਿਲਮਾਂ।

ਜਦੋਂ ਕੋਈ ਫਿਲਮ ਤੇ ਗਾਣੇ ਚੰਗੇ ਬਣਦੇ ਹਨ ਤਾਂ ਟ੍ਰੇਲਰ ਉਸ ਨੂੰ ਚੰਗਾ ਬਣਾਉਂਦਾ ਹੈ ਤੇ ਲੋਕ ਫਿਰ ਟ੍ਰੇਲਰ ਤੋਂ ਹੀ ਉਸ ਫਿਲਮ ਨੂੰ ਦੇਖਣ ਸਿਨੇਮਾਘਰਾਂ 'ਚ ਜਾਂਦੇ ਹਨ। ਮੈਨੂੰ ਇਸ ਫਿਲਮ ਤੋਂ ਕਾਫ਼ੀ ਉਮੀਦਾਂ ਹਨ ਤੇ ਮੈਨੂੰ ਲੱਗਦਾ ਹੈ ਕਿ ਲੋਕ ਇਸ ਨੂੰ ਦੇਖਣ ਸਿਨੇਮਾਘਰਾਂ ’ਚ ਜ਼ਰੂਰ ਆਉਣਗੇ।

-ਤੁਸੀਂ ਕਈ ਫਿਲਮਾਂ ਜਾਂ ਸੀਰੀਜ਼ 'ਚ ਕੰਮ ਕੀਤਾ ਹੈ ਤਾਂ ਇਸ ਫਿਲਮ ’ਚ ਕੰਮ ਕਰਨਾ ਕਿੰਨਾ ਵੱਖਰਾ ਜਾਂ ਮੁਸ਼ਕਲ ਰਿਹਾ?

ਇਹ ਕਿਰਦਾਰ ਨਿਭਾਉਣਾ ਮੇਰੇ ਲਈ ਮੁਸ਼ਕਲ ਤਾਂ ਨਹੀਂ ਰਿਹਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਉਸ ਤਰ੍ਹਾਂ ਦੀ ਫਿਲਮ ਨਹੀਂ ਹੈ। ਇਹ ਕਾਫ਼ੀ ਹਲਕੀ-ਫੁਲਕੀ ਰੋਮਾਂਟਿਕ ਫਿਲਮ ਹੈ ਅਤੇ ਜੋ ਵੀ ਕਿਰਦਾਰ ਹਨ, ਅਸੀਂ ਆਪਣੇ-ਆਪ ਨੂੰ ਉਸ 'ਚ ਫਿੱਟ ਬੈਠਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਅਸੀਂ ਵੱਖ-ਵੱਖ ਕਿਰਦਾਰ ਨਿਭਾਉਂਦੇ ਹਾਂ ਤਾਂ ਉਸ ਨੂੰ ਓਨੀ ਹੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹਾਂ। ਮੈਂ ਅੱਗੇ ਵੀ ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਖ਼ੁਦ ਨੂੰ ਸਾਬਤ ਕਰਨ ਲਈ ਤਿਆਰ ਹਾਂ। ਅਸੀਂ ਸਭ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਾਂ ਤਾਂ ਇਸ ਫਿਲਮ ਲਈ ਸਾਨੂੰ ਕੈਮਿਸਟਰੀ ਬਿਠਾਉਣਾ ਵੀ ਆਸਾਨ ਰਿਹਾ।


author

Priyanka

Content Editor

Related News