ਕਾਲੇ ਧਨ ਅਤੇ ਮਨੀ ਲਾਂਡਰਿੰਗ ਦੀ ਧੁੰਦਲੀ ਦੁਨੀਆ ਨੂੰ ਦਿਖਾਉਂਦੀ ਹੈ ਵੈੱਬ ਸੀਰੀਜ਼ ‘ਕਾਲਾ’
Friday, Sep 15, 2023 - 10:07 AM (IST)
ਵੈੱਬ ਸੀਰੀਜ਼ ‘ਕਾਲਾ’ ਰਿਵਰਸ ਹਵਾਲਾ ਦੀ ਦੁਨੀਆ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦੀ ਹੈ। ਇਸ ਲੜੀ ਵਿਚ ਅਪਰਾਧ ਅਤੇ ਧੋਖੇ ਦੀਆਂ ਪਰਤਾਂ ਨੂੰ ਦਿਖਾਇਆ ਗਿਆ ਹੈ। ‘ਕਾਲਾ’ ਦਾ ਨਿਰਦੇਸ਼ਨ ਬਿਜੋਏ ਨਾਂਬਿਆਰ ਨੇ ਕੀਤਾ ਹੈ। ਇਸ ਦੇ ਨਾਲ ਹੀ ਇਸ ਦੇ ਨਿਰਮਾਤਾ ਭੂਸ਼ਣ ਕੁਮਾਰ, ਕਿਸ਼ਨ ਕੁਮਾਰ ਅਤੇ ਬਿਜੋਏ ਨਾਂਬਿਆਰ ਖੁਦ ਹਨ। ਇਹ ਸੀਰੀਜ਼ ਡਿਜ਼ਨੀ ਪਲੱਸ ਹੌਟਸਟਾਰ ’ਤੇ ਅੱਜ ਮਤਲਬ 15 ਸਤੰਬਰ ਨੂੰ ਰਿਲੀਜ਼ ਹੋਵੇਗੀ। ‘ਕਾਲਾ’ ਵਿਚ ਅਵਿਨਾਸ਼ ਤਿਵਾੜੀ, ਰੋਹਨ ਵਿਨੋਦ ਮਹਿਰਾ, ਨਿਵੇਧਾ ਪੇਥੂਰਾਜ, ਤਾਹਿਰ ਸ਼ਬੀਰ, ਜਿਤਿਨ ਗੁਲਾਟੀ, ਅਲੀਸ਼ਾ ਮੇਅਰ ਅਤੇ ਹਿਤੇਨ ਤੇਜਵਾਨੀ ਸਮੇਤ ਕਈ ਹੋਰ ਕਲਾਕਾਰ ਹਨ। ਵੈੱਬ ਸੀਰੀਜ਼ ਦੀ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਤਾਹਿਰ ਸ਼ਬੀਰ
ਤੁਹਾਨੂੰ ਇਸ ਫਿਲਮ ਲਈ ਕਿਵੇਂ ਅਪ੍ਰੋਚ ਕੀਤਾ ਗਿਆ?
ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਲਈ ਚੁਣਿਆ ਗਿਆ। ਕਈ ਸਾਲਾਂ ਤੋਂ ਮੈਂ ਬਿਜੋਏ ਨਾਂਬਿਆਰ ਸਰ ਨੂੰ ਬੇਨਤੀ ਕਰ ਰਿਹਾ ਸੀ ਕਿ ਮੈਨੂੰ ਕੁਝ ਦੇ ਦਿਓ। ਫਿਰ ਇਕ ਦਿਨ ਮੈਨੂੰ ਉਨ੍ਹਾਂ ਦਾ ਫੋਨ ਆਇਆ ਕਿ ਇਹ ਤਾਂ ਡਾਰਕ ਕਿਰਦਾਰ ਹੈ, ਤੂੰ ਕਰੇਂਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕੁਝ ਵੀ ਕਰ ਲਵਾਂਗਾ। ਇਸ ਤੋਂ ਬਾਅਦ ਮੈਂ ਇਸ ਬਾਰੇ ਬਹੁਤ ਪੜ੍ਹਿਆ ਅਤੇ ਫਿਰ ਇਕ ਵਾਰ ਆਡੀਸ਼ਨ ਵੀ ਦਿੱਤਾ। ਉਨ੍ਹਾਂ ਨੂੰ ਇਹ ਪਸੰਦ ਆਇਆ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਸੀਨ ਹੁੰਦਾ ਗਿਆ, ਮੈਂ ਉਨ੍ਹਾਂ ਨੂੰ ਦਿਖਾਉਂਦਾ ਰਿਹਾ ਅਤੇ ਸਭ ਕੁਝ ਆਪਣੇ-ਆਪ ਹੋ ਗਿਆ। ਮੇਰੇ ਲਈ ਇਹ ਇਕ ਸੁਪਨੇ ਵਰਗਾ ਹੈ। ਮੈਂ ਇੱਥੇ ਹਾਂ ਪਰ ਮੈਨੂੰ ਹਾਲੇ ਵੀ ਵੀ ਇਸ ’ਤੇ ਵਿਸ਼ਵਾਸ ਨਹੀਂ ਹੋ ਰਿਹਾ।
ਇਕ ਐਕਟਰ ਲਈ ਇਕ ਵਿਲੇਨ ਦਾ ਕਿਰਦਾਰ ਨਿਭਾਅ ਕੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨਾ ਕਿੰਨਾ ਔਖਾ ਹੈ?
ਬਤੌਰ ਐਕਟਰ ਤੁਹਾਨੂੰ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਕਿਰਦਾਰ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਹੋਵੇਗਾ ਅਤੇ ਦੋਵਾਂ ਵਿਚ ਬਹੁਤਾ ਅੰਤਰ ਨਹੀਂ ਹੈ। ਜਦੋਂ ਤੁਸੀਂ ਨਕਾਰਾਤਮਕ ਭੂਮਿਕਾ ਨਿਭਾਉਂਦੇ ਹੋ ਤਾਂ ਤੁਹਾਡੇ ਲਈ ਆਪਣੇ ਕਿਰਦਾਰ ਨਾਲ ਜੁੜਨ ਵਿਚ ਥੋੜ੍ਹੀ ਮੁਸ਼ਕਿਲ ਹੁੰਦੀ ਹੈ।
ਅਵਿਨਾਸ਼ ਤਿਵਾੜੀ
‘ਬੰਬਈ ਮੇਰੀ ਜਾਨ’ ਵਿਚ ਡੌਨ ਦਾ ਕਿਰਦਾਰ ਨਿਭਾਇਆ ਹੈ ਅਤੇ ਇਸ ਸੀਰੀਜ਼ ਵਿਚ ਜਾਂਚ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹੋ। ਦੋਨਾਂ ਦਾ ਐਕਸਪੀਰੀਐਂਸ ਕਿਹੋ ਜਿਹਾ ਰਿਹਾ?
ਮੈਨੂੰ ਚੋਰ-ਪੁਲਸ ਵਾਂਗ ਬਹੁਤ ਮਜ਼ਾ ਆਇਆ। ਚਾਹੇ ਤਾਂ ਇਹ ਖੇਡ ਸਾਰੀ ਉਮਰ ਜਾਰੀ ਰਹੇ, ਮੈਨੂੰ ਕੋਈ ਸਮੱਸਿਆ ਨਹੀਂ ਹੈ। ਇਸ ਸ਼ੋਅ ਦੀ ਗੱਲ ਕਰੀਏ ਤਾਂ ਦਰਸ਼ਕਾਂ ਨੂੰ ‘ਕਾਲਾ’ ਹੀ ਨਹੀਂ ਸਗੋਂ ਹੋਰ ਰੰਗ ਵੀ ਦੇਖਣ ਨੂੰ ਮਿਲਣਗੇ। ਤੁਸੀਂ ਇਸ ਦੀ ਕਹਾਣੀ ਨਾਲ ਬਹੁਤ ਜਲਦੀ ਜੁੜੋਗੇ। ਉਮੀਦ ਹੈ ਕਿ ਦਰਸ਼ਕ ਇਸ ਸ਼ੋਅ ਨੂੰ ਪਸੰਦ ਕਰਨਗੇ।
ਕਾਲੇ ਰੰਗ ਤੋਂ ਇਲਾਵਾ ਤੁਹਾਨੂੰ ਹੋਰ ਕੀ ਕਾਲਾ ਪਸੰਦ ਹੈ?
ਮੈਨੂੰ ਬਲੈਕ ਥ੍ਰਿਲਰ ਕਾਮੇਡੀ ਪਸੰਦ ਹੈ।
ਜਿਤਿਨ ਗੁਲਾਟੀ
ਤੁਸੀਂ ਇਕ ਬੈਂਕਰ ਸੀ। ਫਿਰ ਤੁਸੀਂ ਐਕਟਰ ਕਿਵੇਂ ਬਣੇ?
ਮੈਂ ਹਮੇਸ਼ਾ ਐਕਟਰ ਬਣਨਾ ਚਾਹੁੰਦਾ ਸੀ। ਮੈਂ ਫਰੀਦਾਬਾਦ ਤੋਂ ਹਾਂ ਅਤੇ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹਾਂ, ਜਿੱਥੇ ਲੋਕ ਸੁਪਨਿਆਂ ਨਾਲੋਂ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਉੱਥੋਂ ਮੁੰਬਈ ਤੱਕ ਦਾ ਸਫਰ ਅਤੇ ਪਰਦੇ ’ਤੇ ਖੁਦ ਨੂੰ ਦੇਖਣ ਦਾ ਸੁਪਨਾ, ਇਹ ਮੇਰੇ ਲਈ ਕਿੰਨਾ ਮਹੱਤਵਪੂਰਨ ਹੈ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਜਦੋਂ ਮੈਂ 11 ਸਾਲ ਦਾ ਸੀ ਤਾਂ ਮੈਂ ਅਮਿਤਾਭ ਬਚਨ ਨੂੰ ਫਿਲਮ ‘ਹਮ’ ਵਿਚ ਦੇਖਿਆ ਸੀ। ਇਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਸ ਕਿੱਤੇ ਤੋਂ ਵੱਧ ਖੁਸ਼ੀ ਕੋਈ ਨਹੀਂ ਦੇ ਸਕਦਾ। ਮੈਂ 9 ਸਾਲ ਇਕ ਬੈਂਕ ਵਿਚ ਕੰਮ ਕੀਤਾ ਪਰ ਨੌਕਰੀ ਦੇ ਨਾਲ-ਨਾਲ ਥਿਏਟਰ ਅਤੇ ਟ੍ਰੇਨਿੰਗ ਕਰਦਾ ਰਿਹਾ। ਇਸ ਤੋਂ ਬਾਅਦ ਆਪਣੀ ਨੌਕਰੀ ਨਾਲ ਮੁੰਬਈ ਸ਼ਿਫਟ ਹੋ ਗਿਆ। ਬੇਸ਼ੱਕ ਇਸ ਨੂੰ ਪੂਰਾ ਕਰਨ ਵਿਚ ਬਹੁਤ ਸਮਾਂ ਲੱਗਿਆ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਕਰ ਦਿਖਾਇਆ।
ਬਿਜੋਏ ਸਟਾਰਕਾਸਟ ਨੂੰ ਸੈੱਟ ’ਤੇ ਕਿੰਨੀ ਰਚਨਾਤਮਕ ਆਜ਼ਾਦੀ ਦਿੰਦੇ ਹਨ?
ਅਸੀਂ ਸਾਰੇ ਸੈੱਟ ’ਤੇ ਇਕ ਪਰਿਵਾਰ ਵਾਂਗ ਕੰਮ ਕਰਦੇ ਸੀ। ਇਸ ਦੇ ਨਾਲ ਹੀ ਬਿਜੋਏ ਸਰ ਅਜਿਹੇ ਹਨ, ਜੋ ਅਸੀਂ ਸੋਚ ਵੀ ਨਹੀਂ ਸਕਦੇ, ਉਨ੍ਹਾਂ ਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ। ਸ਼ੂਟਿੰਗ ਦੌਰਾਨ ਅਜਿਹੀਆਂ ਕਈ ਗੱਲਾਂ ਵਾਪਰੀਆਂ, ਜਿਨ੍ਹਾਂ ਨੂੰ ਦੇਖ ਕੇ ਅਸੀਂ ਸੋਚਿਆ, ਓਏ ਅਸੀਂ ਕਦੇ ਅਜਿਹਾ ਸੋਚਿਆ ਹੀ ਨਹੀਂ। ਸੈੱਟ ’ਤੇ ਹਰ ਕਿਸੇ ਨੂੰ ਕਾਫੀ ਰਚਨਾਤਮਕ ਆਜ਼ਾਦੀ ਸੀ। ਅਜਿਹੀ ਸਥਿਤੀ ਵਿਚ, ਅਸੀਂ ਸਾਰਿਆਂ ਨੇ ਜਿੰਨਾ ਹੋ ਸਕੇ, ਓਨੇ ਵਧੀਆ ਢੰਗ ਨਾਲ ਆਪਣੇ ਕਿਰਦਾਰ ਨੂੰ ਨਿਭਾਇਆ ਹੈ।
ਰੋਹਨ ਵਿਨੋਦ ਮਹਿਰਾ
‘ਕਾਲਾ’ ਤੋਂ ਬਾਅਦ ਤੁਹਾਡੀਆਂ ਹੋਰ ਕਿਹੜੀਆਂ ਫਿਲਮਾਂ ਆਉਣ ਵਾਲੀਆਂ ਹਨ?
‘ਬਾਜ਼ਾਰ’ ਅਤੇ ‘ਕਾਲਾ’ ਕਰਨ ਤੋਂ ਬਾਅਦ ਹੁਣ ਮੈਂ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਕਰਨ ਬਾਰੇ ਸੋਚ ਰਿਹਾ ਹਾਂ। ਉਮੀਦ ਹੈ ਕਿ ਅਜਿਹਾ ਹੀ ਹੋਵੇ। ਜੇਕਰ ਸ਼ੋਅ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ ਮੇਰਾ ਇਕ ਵੱਖਰਾ ਅਵਤਾਰ ਦੇਖਣ ਨੂੰ ਮਿਲੇਗਾ। ਉਮੀਦ ਹੈ ਕਿ ਦਰਸ਼ਕ ਇਸ ਵਿਚ ਮੈਨੂੰ ਪਸੰਦ ਕਰਨਗੇ।
ਤੁਹਾਡੇ ਪਿਤਾ ਦੀ ਕੋਈ ਅਜਿਹੀ ਗੱਲ, ਜੋ ਕੰਮ ਕਰਦੇ ਸਮੇਂ ਹਮੇਸ਼ਾ ਯਾਦ ਰੱਖਦੇ ਹੋ ?
ਬਦਕਿਸਮਤੀ ਨਾਲ, ਮੈਂ ਆਪਣੇ ਪਿਤਾ ਨੂੰ ਨਹੀਂ ਮਿਲ ਸਕਿਆ, ਕਿਉਂਕਿ ਉਹ ਬਹੁਤ ਜਲਦੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਅਜਿਹੇ ਵਿਚ ਉਹ ਮੈਨੂੰ ਸਿੱਧੇ ਤੌਰ ’ਤੇ ਤਾਂ ਕੁਝ ਨਹੀਂ ਕਹਿ ਸਕੇ ਪਰ ਉਨ੍ਹਾਂ ਦਾ ਮੰਨਣਾ ਸੀ ਕਿ ਤੁਸੀਂ ਚਾਹੇ ਕੋਈ ਵੀ ਹੋਵੋ, ਭਾਵੇਂ ਐਕਟਰ ਹੀ ਕਿਉਂ ਨਾ ਹੋਵੋ ਪਰ ਉਸ ਤੋਂ ਪਹਿਲਾਂ ਤੁਸੀਂ ਚੰਗੇ ਇਨਸਾਨ ਬਣੋ।