4 ਸਾਲ ਪਰਾਣੇ ਕੇਸ ''ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ
Sunday, Mar 06, 2022 - 03:58 PM (IST)
ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਬੀਤੇ ਦਿਨੀਂ ਅਦਾਕਾਰ ਸਲਮਾਨ ਖਾਨ ਨਾਲ ਫੇਕ ਵੇਡਿੰਗ ਫੋਟੋ ਵਾਇਰਲ ਹੋਣ ਤੋਂ ਬਾਅਦ ਖੂਬ ਚਰਚਾ 'ਚ ਆਈ ਸੀ। ਹਾਲਾਂਕਿ ਬਾਅਦ 'ਚ ਅਦਾਕਾਰਾ ਨੇ ਉਸ ਵਾਇਰਲ ਤਸਵੀਰ 'ਤੇ ਚੁੱਪੀ ਤੋੜਦੇ ਹੋਏ ਸੱਚਾਈ ਸਾਹਮਣੇ ਰੱਖੀ ਅਤੇ ਦੱਸਿਆ ਕਿ ਉਹ ਸਿਰਫ ਫੇਕ ਫੋਟੋ ਹੈ। ਉਧਰ ਹੁਣ ਖਬਰ ਤੋਂ ਬਾਅਦ ਸੋਨਾਕਸ਼ੀ ਇਕ ਵਾਰ ਫਿਰ ਚਰਚਾ 'ਚ ਹੈ। ਅਦਾਕਾਰਾ ਦੇ ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ 25 ਅਪ੍ਰੈਲ ਨੂੰ ਕੋਰਟ 'ਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਹਨ।
ਸੋਨਾਕਸ਼ੀ ਸਿਨਹਾ ਅਤੇ ਉਨ੍ਹਾਂ ਦੇ ਇਕ ਦੋਸਤ ਦੇ ਖ਼ਿਲਾਫ਼ ਧੋਖਾਧੜੀ ਦਾ ਦੋਸ਼ ਲੱਗਿਆ ਹੈ। ਸੋਨਾਕਸ਼ੀ ਪੈਸੇ ਲੈਣ ਦੇ ਬਾਵਜੂਦ ਇਕ ਇਵੈਂਟ 'ਚ ਨਹੀਂ ਪਹੁੰਚੀ ਸੀ। ਦਰਅਸਲ ਇਹ ਕੇਸ 4 ਸਾਲ ਪੁਰਾਣਾ ਹੈ। ਫਰਵਰੀ 2019 'ਚ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਦੋਂ ਤੋਂ ਅਦਾਕਾਰਾ ਅਤੇ ਉਨ੍ਹਾਂ ਦੇ ਦੋਸਤ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਚੱਲ ਰਿਹਾ ਹੈ ਜਿਸ ਦੀ ਸੁਣਵਾਈ 25 ਅਪ੍ਰੈਲ 2022 ਨੂੰ ਹੋਣੀ ਹੈ।
ਰਿਪੋਰਟ ਮੁਤਾਬਕ ਮੁਰਾਦਾਬਾਦ ਦੇ ਸ਼ਿਵਪੁਰੀ ਇਲਾਕੇ ਦੇ ਰਹਿਣ ਵਾਲੇ ਪ੍ਰਮੋਦ ਸ਼ਰਮਾ ਇਕ ਇਵੈਂਟ ਆਗਰੇਨਾਈਜ਼ਿੰਗ ਫਰਮ ਚਲਾਉਂਦੇ ਹਨ। ਇਸ ਫਰਮ ਵਲੋਂ 2019 'ਚ ਆਯੋਜਿਤ ਇਕ ਇਵੈਂਟ ਦੇ ਲਈ ਸੋਨਾਕਸ਼ੀ ਅਤੇ ਉਸ ਨਾਲ ਜੁੜੀ ਇਵੈਂਟ ਕੰਪਨੀਆਂ ਨੇ ਪ੍ਰਮੋਦ ਸ਼ਰਮਾ ਦੇ ਨਾਲ 37 ਲੱਖ ਦੀ ਧੋਖਾਧੜੀ ਕੀਤੀ ਹੈ। ਇਸ ਮਾਮਲੇ 'ਚ ਕਟਘਰ ਪੁਲਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਸੋਨਾਕਸ਼ੀ ਸਿਨਹਾ ਅਤੇ ਉਨ੍ਹਾਂ ਦੇ ਦੋਸਤ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਸਿਨਹਾ ਨੂੰ ਇਵੈਂਟ 'ਚ ਆਉਣ ਲਈ 28 ਲੱਖ 17 ਹਜ਼ਾਰ ਰੁਪਏ ਦਿੱਤੇ ਗਏ ਸਨ। ਜਿਸ ਦਾ ਭੁਗਤਾਨ ਚਾਰ ਕਿਸ਼ਤਾਂ 'ਚ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਸੋਨਾਕਸ਼ੀ ਉਸ ਇਵੈਂਟ 'ਚ ਨਹੀਂ ਪਹੁੰਚੀ ਸੀ ਜਿਸ ਤੋਂ ਬਾਅਦ ਉਸ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ।