OTT ’ਤੇ ਹੁਣ ਨਹੀਂ ਚੱਲਣਗੀਆਂ ਗਾਲ੍ਹਾਂ ਤੇ ਅਸ਼ਲੀਲਤਾ, ਸਰਕਾਰ ਲੈਣ ਜਾ ਰਹੀ ਵੱਡਾ ਫ਼ੈਸਲਾ

Tuesday, Mar 21, 2023 - 11:28 AM (IST)

ਮੁੰਬਈ (ਬਿਊਰੋ)– OTT ਸਮੱਗਰੀ ਦੀ ਲਗਾਤਾਰ ਅਸ਼ਲੀਲਤਾ ਦੀਆਂ ਸ਼ਿਕਾਇਤਾਂ ਵਿਚਕਾਰ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ। ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ OTT ਸਮੱਗਰੀ ’ਤੇ ਅਸ਼ਲੀਲ ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ OTT ਕੰਟੈਂਟ ’ਤੇ ਆ ਰਹੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਤੇ ਕੰਟੈਂਟ ਨੂੰ ਬਿਹਤਰ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ OTT ਸਮੱਗਰੀ ’ਤੇ ਰਚਨਾਤਮਕਤਾ ਦੇ ਨਾਂ ’ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਨੂੰ ਰੋਕਣ ਲਈ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹੱਟਾਂਗੇ।

ਪ੍ਰੈੱਸ ਕਾਨਫਰੰਸ ’ਚ ਅਨੁਰਾਗ ਠਾਕੁਰ ਨੇ ਕਿਹਾ, ‘‘ਅਸੀਂ OTT ਕੰਟੈਂਟ ’ਤੇ ਆ ਰਹੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਗੰਭੀਰ ਯੋਜਨਾ ਬਣਾ ਰਹੇ ਹਾਂ। ਅਸੀਂ ਇਸ ਰੁਝਾਨ ਨੂੰ ਰੋਕਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਇਨ੍ਹਾਂ ਪਲੇਟਫਾਰਮਜ਼ ਨੂੰ ਰਚਨਾਤਮਕਤਾ ਲਈ ਛੋਟ ਦਿੱਤੀ ਗਈ ਸੀ ਨਾ ਕਿ ਅਸ਼ਲੀਲ ਸਮੱਗਰੀ ਬਣਾਉਣ ਲਈ। ਲਗਾਤਾਰ ਦੁਰਵਿਵਹਾਰ ਕਰਨਾ ਰਚਨਾਤਮਕਤਾ ਨਹੀਂ ਹੈ। ਰਚਨਾਤਮਕਤਾ ਦੇ ਨਾਂ ’ਤੇ ਇਸ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’’

ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਕੱਲ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਅਨੁਰਾਗ ਠਾਕੁਰ ਨੇ ਅੱਗੇ ਕਿਹਾ, ‘‘ਜੇਕਰ ਸਾਨੂੰ ਇਸ ਨੂੰ ਕੰਟਰੋਲ ਕਰਨ ਲਈ ਨਿਯਮਾਂ ਨੂੰ ਬਦਲਣਾ ਹੈ ਤਾਂ ਮੰਤਰਾਲਾ ਇਸ ਲਈ ਤਿਆਰ ਹੈ। ਅਸੀਂ ਇਸ ਰੁਝਾਨ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕ ਸਕਦੇ ਹਾਂ। OTT ਪਲੇਟਫਾਰਮ ਦੀ ਸਮੱਗਰੀ ਦੀ ਜਾਂਚ ਕਰਨ ਲਈ ਇਕ ਤਿੰਨ ਪੜਾਅ ਦੀ ਵਿਧੀ ਹੈ। ਪਿਛਲੇ ਕੁਝ ਦਿਨਾਂ ਤੋਂ OTT ਕੰਟੈਂਟ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਹਨ।’’

ਸੈਂਸਰਸ਼ਿਪ ਦੀ ਮੌਜੂਦਾ ਪ੍ਰਣਾਲੀ ਦੀ ਵਿਆਖਿਆ ਕਰਦਿਆਂ ਠਾਕੁਰ ਨੇ ਕਿਹਾ, ‘‘ਹੁਣ ਤੱਕ ਜੋ ਪ੍ਰਕਿਰਿਆ ਚੱਲ ਰਹੀ ਹੈ, ਉਸ ਦੇ ਅਨੁਸਾਰ ਨਿਰਮਾਤਾ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਰੂਰੀ ਕਦਮ ਚੁੱਕਣੇ ਪੈਂਦੇ ਹਨ, ਜ਼ਰੂਰੀ ਬਦਲਾਅ ਕਰਨੇ ਪੈਂਦੇ ਹਨ। ਲਗਭਗ 90 ਤੋਂ 92 ਫ਼ੀਸਦੀ ਸ਼ਿਕਾਇਤਾਂ ਇਸ ਕਦਮ ਨਾਲ ਹੀ ਹੱਲ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਵੀ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਐਸੋਸੀਏਸ਼ਨ ਉਸ ਦੀ ਜ਼ਿੰਮੇਵਾਰੀ ਲਵੇਗੀ। ਆਖਰੀ ਪੜਾਅ ’ਤੇ ਸਰਕਾਰ ਰਾਹੀਂ, ਮੰਤਰਾਲੇ ਰਾਹੀਂ, ਨਿਯਮਾਂ ਅਨੁਸਾਰ ਵਿਭਾਗ ਦੀ ਕਮੇਟੀ ਤੁਹਾਨੂੰ ਹੱਲ ਦਿੰਦੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News