ਫ਼ਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਵਿਵੇਕ ਰੰਜਨ, ਪੱਲਵੀ ਜੋਸ਼ੀ ਤੇ ਦਰਸ਼ਨ ਕੁਮਾਰ

Saturday, Mar 12, 2022 - 11:58 AM (IST)

ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਸ’ 1990 ਦੇ ਦਹਾਕੇ ’ਚ ਕਸ਼ਮੀਰੀ ਪੰਡਿਤਾਂ ਦੇ ਹਿਜਰਤ ਦੀ ਇਤਿਹਾਸਕ ਘਟਨਾ ’ਤੇ ਬਣੀ ਹੈ। ਇਹ ਫਿਲਮ 11 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫਿਲਮ ਮੇਕਰਸ ਦਾ ਦਾਅਵਾ ਹੈ ਕਿ ਇਸ ਦੀ ਕਹਾਣੀ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਲੋਕਾਂ ਦੇ ਸਾਹਮਣੇ ਲਿਆਏਗੀ। ਇਸ ’ਚ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਦਰਸ਼ਨ ਕੁਮਾਰ, ਪੱਲਵੀ ਜੋਸ਼ੀ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ। ‘ਦਿ ਤਾਸ਼ਕੰਦ ਫਾਈਲਸ’ ਤੋਂ ਬਾਅਦ ਵਿਵੇਕ ਮੁੜ ਰੌਂਗਟੇ ਖੜੇ ਕਰ ਦੇਣ ਵਾਲੀ ਫਿਲਮ ਲੈ ਕੇ ਆਏ ਹਨ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ, ਐਕਟਰੈੱਸ ਪੱਲਵੀ ਜੋਸ਼ੀ ਅਤੇ ਦਰਸ਼ਨ ਕੁਮਾਰ ਨੇ ਜਗ ਬਾਣੀ/ਨਵੋਦਯਾ ਟਾਈਮਸ/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਲੋਕ ਅੱਜ ਵੀ ਹਨ ਦਹਿਸ਼ਤ ’ਚ : ਵਿਵੇਕ ਰੰਜਨ ਅਗਨੀਹੋਤਰੀ
ਫਿਲਮ ਦੇ ਨਿਰਦੇਸ਼ਕ ਵਿਵੇਕ ਕਹਿੰਦੇ ਹਨ, ਤੁਸੀਂ ਖੁਦ ਸੋਚੋ ਕਿ ਅੱਜ ਤਕ ਇਸ ਮੁੱਦੇ ’ਤੇ ਫਿਲਮ ਨਹੀਂ ਬਣੀ, ਕਿਸੇ ਦੇ ਸਾਹਮਣੇ ਉਹ ਸੱਚਾਈ ਨਹੀਂ ਆ ਸਕੀ। ਜਿਨ੍ਹਾਂ ਲੋਕਾਂ ਦੇ ਨਾਲ ਇਹ ਘਟਨਾ ਵਾਪਰੀ ਸੀ ਉਹ ਅਜੇ ਖੌਫ ’ਚ ਹਨ, ਉਹ ਅੱਜ ਵੀ ਬੰਦੂਕਾਂ ਤੋਂ ਡਰਦੇ ਹਨ ਅਤੇ ਦਹਿਸ਼ਤ ’ਚ ਰਹਿੰਦੇ ਹਨ। 1990 ’ਚ ਹੋਇਆ ਕਸ਼ਮੀਰੀ ਕਤਲੇਆਮ ਭਾਰਤੀ ਸਿਆਸਤ ਦਾ ਇਕ ਅਹਿਮ ਅਤੇ ਸੰਵੇਦਨਸ਼ੀਲ ਮੁੱਦਾ ਹੈ। ਇਸ ਲਈ ਇਸ ਨੂੰ ਪਰਦੇ ’ਤੇ ਉਤਾਰਨਾ ਕੋਈ ਸੌਖਾ ਕੰਮ ਨਹੀਂ ਸੀ। ਜ਼ਰਾ ਸੋਚੋ ਉਨ੍ਹਾਂ ਕਸ਼ਮੀਰੀ ਪੰਡਿਤਾਂ ਬਾਰੇ ਜੋ ਰਾਤੋ-ਰਾਤ ਆਪਣੇ ਹੀ ਘਰੋਂ ਕੱਢ ਦਿੱਤੇ ਗਏ ਅਤੇ ਰਿਫਿਊਜੀ ਟੈਂਟ ’ਚ ਰਹਿਣ ਲਈ ਮਜਬੂਰ ਹੋਏ। ਕਿੰਨਿਅਾਂ ਨੇ ਆਪਣੀ ਜਾਨ ਵੀ ਗੁਆ ਦਿੱਤੀ। ਉਨ੍ਹਾਂ ਦਾ ਇਹ ਦਰਦਨਾਕ ਮੰਜ਼ਰ ਰੌਂਗਟੇ ਖੜੇ ਕਰ ਦਿੰਦਾ ਹੈ।

ਸੋਨੇ ’ਤੇ ਸੁਹਾਗਾ ਹੈ ਅਨੁਪਮ ਦਾ ਕਸ਼ਮੀਰੀ ਪੰਡਿਤ ਹੋਣਾ
ਕਾਸਟਿੰਗ ਦੇ ਸਮੇਂ ਕੋਈ ਵੀ ਡਾਇਰੈਕਟਰ ਇਹ ਨਹੀਂ ਸੋਚਦਾ ਕਿ ਐਕਟਰ ਦੀ ਜਾਤ ਅਤੇ ਮਜਹਬ ਕੀ ਹੈ? ਅਨੁਪਮ ਖੇਰ ਚੋਟੀ ਦੇ ਐਕਟਰ ਹਨ, ਦੋ ਵਾਰ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। ਹਾਲੀਵੁੱਡ ’ਚ ਵੀ ਕੰਮ ਕਰਦੇ ਹਨ। ਹਾਂ, ਉਨ੍ਹਾਂ ਦਾ ਕਸ਼ਮੀਰੀ ਪੰਡਿਤ ਹੋਣਾ ਇਸ ਫਿਲਮ ਲਈ ਸੋਨੇ ’ਤੇ ਸੁਹਾਗਾ ਜ਼ਰੂਰ ਹੈ।

ਫਿਲਮ ’ਚ 100 ਫੀਸਦੀ ਸੱਚਾਈ 
ਫਿਲਮ ਦਾ ਇਕੋ-ਇਕ ਡਾਇਲਾਗ, ਸ਼ਾਰਟ ਅਤੇ ਕਰੈਕਟਰ ਸਭ ਕੁਝ ਬਿਲਕੁਲ ਸੱਚ ਹੈ। ਮੇਰੇ ਕੋਲ ਸਭ ਰਿਕਾਰਡ ਹਨ, ਮੈਂ ਪੂਰੇ ਵਰਲਡ ’ਚ ਟ੍ਰੈਵਲ ਕਰਦੇ ਹੋਏ ਕਸ਼ਮੀਰੀ ਪੰਡਿਤਾਂ ਨਾਲ ਗੱਲ ਕੀਤੀ ਹੈ ਅਤੇ ਮੈਂ ਇਸ ਨੂੰ ਸੌ-ਸੌ ਰੈਫਰੈਂਸ ਦੇ ਨਾਲ ਸਾਬਿਤ ਕਰ ਸਕਦਾ ਹੈ।

ਇਕ ਨਹੀਂ, ਕਈ ਕਿੱਸੇ ਹਨ : ਪੱਲਵੀ ਜੋਸ਼ੀ
ਪੱਲਵੀ ਜੋਸ਼ੀ ਨੇ ਦੱਸਿਆ ਕਿ ਮੈਂ ਕਿਸੇ ਇਕ ਕਿੱਸੇ ਬਾਰੇ ਨਹੀਂ ਦੱਸ ਸਕਦੀ ਕਿਉਂਕਿ ਮੈਂ ਬਹੁਤ ਸਾਰੇ ਅਜਿਹੇ ਪਰਿਵਾਰਾਂ ਨੂੰ ਮਿਲੀ ਸੀ, ਜਿਨ੍ਹਾਂ ਨੇ ਕਿਸੇ ਆਪਣੇ ਨੂੰ ਗੁਆਇਆ ਸੀ, ਭਾਵੇਂ ਉਹ ਉਨ੍ਹਾਂ ਦੇ ਬੱਚੇ ਹੋਣ ਜਾਂ ਉਨ੍ਹਾਂ ਦੇ ਪਿਤਾ ਨੂੰ ਟਾਰਗੈੱਟ ਬਣਾ ਕੇ ਮਾਰਿਆ ਗਿਆ ਹੋਵੇ ਜਾਂ ਉਨ੍ਹਾਂ ਦੀ ਮਾਂ ਤੇ ਭੈਣ ਦੇ ਨਾਲ ਜਬਰ-ਜ਼ਨਾਹ ਹੋਇਆ ਹੋਵੇ। ਉਹ ਦੋ-ਢਾਈ ਮਹੀਨੇ ਦਾ ਸਫਰ ਬਹੁਤ ਦਰਦਨਾਕ ਸੀ। ਤੁਸੀਂ ਖੁਦ ਹੀ ਸੋਚੋ, ਜਿਨ੍ਹਾਂ ਦੇ ਨਾਲ ਇਹ ਸਭ ਹੋਇਆ ਹੋਵੇ, ਉਹ ਕਿਵੇਂ 32 ਸਾਲ ਪੁਰਾਣਾ ਦਰਦ ਬਿਆਨ ਕਰਨਗੇ, ਉਨ੍ਹਾਂ ਦੇ ਅੱਥਰੂ ਨਹੀਂ ਰੁੱਕ ਰਹੇ ਸਨ ਅਤੇ ਉਹ ਸਭ ਉਨ੍ਹਾਂ ਦੇ ਸਾਹਮਣੇ ਬੈਠ ਕੇ ਸੁਣਨਾ ਕਿੰਨਾ ਮੁਸ਼ਕਲ ਸੀ।
ਇਹ ਭਾਰਤ ਦੀ ਸਭ ਤੋਂ ਦਰਦਨਾਕ ਰਿਸਰਚ ਸੀ : ਰਿਸਰਚ ਬੇਸਡ ਫਿਲਮਾਂ ਬਹੁਤ ਡਾਇਰੈਕਟਰਸ ਬਣਾਉਂਦੇ ਹਨ, ਸਾਡੀ ਤਾਂ ਖਾਸੀਅਤ ਹੈ ਕਿ ਅਸੀਂ ਆਪਣੀਅਾਂ ਫਿਲਮਾਂ ਬਣਾਉਂਦੇ ਹੀ ਕਾਫੀ ਰਿਸਰਚ ਤੋਂ ਬਾਅਦ ਹਾਂ ਪਰ ਮੈਂ ਇਹ ਪੂਰੇ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਇਸ ਫਿਲਮ ਲਈ ਜਿੰਨੀ ਰਿਸਰਚ ਹੋਈ ਹੈ, ਓਨੀ ਭਾਰਤ ’ਚ ਅੱਜ ਤਕ ਕਿਸੇ ਨੇ ਨਹੀਂ ਕੀਤੀ ਹੋਵੇਗੀ। ਇਹ ਬਹੁਤ ਦਰਦਨਾਕ ਅਤੇ ਭਿਆਨਕ ਰਿਸਰਚ ਸੀ।

ਤੁਹਾਨੂੰ ਲੱਗੇਗਾ, ਤੁਸੀਂ ਇਸ ਫਿਲਮ ਦਾ ਹਿੱਸਾ ਹੋ, ਯਕੀਨ ਮੰਨੋ ਇਹ ਫਿਲਮ ਪੌਪਕਾਰਨ ਅਤੇ ਸਮੋਸਾ ਖਾਂਦੇ ਹੋਏ ਦੇਖਣ ਵਾਲੀ ਨਹੀਂ ਹੈ, ਇਸ ਦਾ ਮਕਸਦ ਵੀ ਇਹ ਨਹੀਂ ਸੀ। ਸਾਡੇ ਸਿਸਟਮ ਨੇ ਜਿਸ ਸੱਚ ਨੂੰ ਸਾਡੇ ਕੋਲੋਂ 32 ਸਾਲ ਤੋਂ ਲੁਕਾਇਆ, ਉਹ ਇਸ ’ਚ ਦਿਖਾਇਆ ਗਿਆ ਹੈ। ਇਸ ’ਚ ਕੋਈ ਗਾਣਾ, ਡਾਂਸ ਜਾਂ ਰਿਲੀਫ ਦੇਣ ਵਾਲਾ ਕੁਝ ਨਹੀਂ ਹੈ। ਤੁਸੀਂ ਇਸ ਨੂੰ ਫੀਲ ਕਰ ਸਕੋ, ਇਹੀ ਅਸੀਂ ਚਾਹੁੰਦੇ ਹਾਂ। ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਇਸ ਦਾ ਹਿੱਸਾ ਹੋ।

ਸਟੂਡੈਂਟ ਦਾ ਕਿਰਦਾਰ ਨਿਭਾ ਰਿਹਾ ਹਾਂ : ਦਰਸ਼ਨ
ਐਕਟਰ ਦਰਸ਼ਨ ਨੇ ਦੱਸਿਆ ਕਿ ਮੈਂ ਇਸ ’ਚ ਇਕ ਕਾਲਜ ਸਟੂਡੈਂਟ ਦਾ ਕਿਰਦਾਰ ਨਿਭਾ ਰਿਹਾ ਹਾਂ, ਜੋ ਕਸ਼ਮੀਰੀ ਪੰਡਿਤ ਹੈ ਪਰ ਉਸ ਨੂੰ ਸਿਰਫ ਇੰਨਾ ਪਤਾ ਹੈ ਕਿ ਕਸ਼ਮੀਰੀ ਪੰਡਿਤਾਂ ਨੇ ਕਸ਼ਮੀਰ ਛੱਡ ਦਿੱਤਾ ਸੀ ਅਤੇ ਬਾਕੀ ਉਸ ਨੇ ਜੋ ਸੁਣਿਆ, ਉਹ ਆਪਣੇ ਦਾਦਾ ਜੀ ਕੋਲੋਂ ਸੁਣਿਆ ਹੈ। ਇਸ ਤੋਂ ਇਲਾਵਾ ਉਹ ਭਿਆਨਕ ਘਟਨਾ ਤੇ ਕਦੋਂ, ਕਿਵੇਂ, ਤੇ ਕੀ ਹੋਇਆ ਸੀ, ਉਹ ਸਭ ਉਸ ਨੂੰ ਨਹੀਂ ਪਤਾ। ਮੈਨੂੰ ਜਦੋਂ ਪੱਲਵੀ ਮੈਮ ਅਤੇ ਸਰ ਨੇ ਆਪਣੇ ਆਫਿਸ ਬੁਲਾਇਆ ਤਾਂ ਉਨ੍ਹਾਂ ਦੱਸਿਆ ਕਿ ਉਹ ਲਗਭਗ 700 ਲੋਕਾਂ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਸਾਰਿਅਾਂ ਦੇ ਵੀਡੀਓ ਵੀ ਰਿਕਾਰਡ ਕੀਤੇ ਹਨ। ਉਦੋਂ ਮੈਮ ਨੇ ਮੈਨੂੰ 30 ਮਿੰਟ ਦੀ ਇਕ ਵੀਡੀਓ ਦਿਖਾਈ, ਜਿਸ ਨੂੰ ਦੇਖ ਕੇ ਮੈਂ ਸੁੰਨ ਹੋ ਗਿਆ। ਮੈਨੂੰ ਸਮਝ ਹੀ ਨਹੀਂ ਆਇਆ ਕਿ ਇਹ ਸੱਚਾਈ ਹੈ। ਸਰ ਨੇ ਮੈਨੂੰ ਸਕ੍ਰਿਪਟ ਦਿੱਤੀ, ਜਿਸ ਨੂੰ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਹ ਬਿਲਕੁਲ ਉਸ ਤਰ੍ਹਾਂ ਦੀ ਸੀ ਜੋ ਮੈਂ ਵੀਡੀਓ ’ਚ ਦੇਖਿਆ ਸੀ। ਸਰ ਨੇ ਉਸ ਨੂੰ ਡਾਇਲਾਗਸ ’ਚ ਬੜੀ ਖੂਬਸੂਰਤੀ ਨਾਲ ਪਿਰੋਇਆ ਸੀ।

ਦੇਹਰਾਦੂਨ, ਮੰਸੂਰੀ ਅਤੇ ਕਸ਼ਮੀਰ ’ਚ ਸ਼ੂਟ ਹੋਈ : ਇਸ ਕਿਰਦਾਰ ’ਚੋਂ ਨਿਕਲਣ ’ਚ 2-3 ਹਫਤੇ ਲੱਗੇ। ਇਹ ਇੰਨਾ ਦਰਦ ਭਰਿਆ ਕਿਰਦਾਰ ਸੀ ਕਿ ਇਸ ਨੂੰ ਮੈਨੂੰ ਬਹੁਤ ਡੂੰਘਾਈ ਨਾਲ ਇਮੈਜਿਨ ਕਰਨਾ ਪੈਂਦਾ ਸੀ ਕਿ ਉਹ ਕਿਸ ਤਰ੍ਹਾਂ ਦੇ ਕੱਪੜੇ ਪਹਿਣਨਦਾ ਹੋਵੇਗਾ? ਕਿਵੇਂ ਰਹਿੰਦਾ ਹੋਵੇਗਾ? ਕਿਵੇਂ ਸੋਚਦਾ ਹੋਵੇਗਾ? ਬਸ ਮੈਂ ਇਸ ਨੂੰ ਜਿਊਣ ਦੀ ਕੋਸ਼ਿਸ਼ ਕਰਦਾ ਸੀ। ਰੋਜ਼ ਵੀਡੀਓਜ਼ ਦੇਖਦਾ ਸੀ। ਇਸ ਨਾਲ ਬਹੁਤ ਮਦਦ ਮਿਲਦੀ ਸੀ।


Rahul Singh

Content Editor

Related News