ਬਿਨਾਂ ਵੀਜ਼ਾ ਦੁਬਈ ਪਹੁੰਚੇ ਵਿਵੇਕ ਓਬਰਾਏ, ਏਅਰਪੋਰਟ ’ਤੇ ਹੋਏ ਵਿਵਹਾਰ ਦੀ ਸਾਂਝੀ ਕੀਤੀ ਵੀਡੀਓ
Friday, Jan 15, 2021 - 03:02 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਕੁਝ ਦਿਨ ਪਹਿਲਾਂ ਹੀ ਆਪਣੇ ਨਿੱਜੀ ਕੰਮ ਲਈ ਯੂ. ਏ. ਈ. ਪਹੁੰਚੇ। ਦੁਬਈ ਏਅਰਪੋਰਟ ਪਹੁੰਚਣ ’ਤੇ ਵਿਵੇਕ ਮੁਸ਼ਕਿਲਾਂ ’ਚ ਘਿਰ ਗਏ ਸਨ। ਇਸ ਤੋਂ ਬਾਅਦ ਵਿਵੇਕ ਨੂੰ ਇਸ ਮੁਸ਼ਕਿਲ ਤੋਂ ਬਾਹਰ ਕੱਢਣ ’ਚ ਉਨ੍ਹਾਂ ਦੀ ਮਦਦ ਏਅਰਪੋਰਟ ਦੇ ਕੁਝ ਅਧਿਕਾਰੀਆਂ ਨੇ ਕੀਤੀ। ਇਸ ਪੂਰੇ ਕਿੱਸੇ ਬਾਰੇ ਵਿਵੇਕ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕਰਕੇ ਦੱਸਿਆ ਹੈ। ਇਸ ਵੀਡੀਓ ’ਚ ਉਨ੍ਹਾਂ ਨੇ ਦੁਬਈ ਏਅਰਪੋਰਟ ਦੇ ਅਧਿਕਾਰੀਆਂ ਦੀ ਨਿਮਰਤਾ ਬਾਰੇ ਦੱਸਿਆ, ਨਾਲ ਹੀ ਉਨ੍ਹਾਂ ਦੀ ਮਦਦ ਕਰਨ ਲਈ ਸਾਰੇ ਅਧਿਕਾਰੀਆਂ ਨੂੰ ਧੰਨਵਾਦ ਵੀ ਕੀਤਾ।
ਵੀਡੀਓ ’ਚ ਵਿਵੇਕ ਨੇ ਕਿਹਾ, ‘ਮੈਂ ਦੁਬਈ ਕੁਝ ਕੰਮ ਲਈ ਆਇਆ ਹਾਂ। ਅੱਜ ਮੇਰੇ ਨਾਲ ਇਕ ਅਜੀਬ ਕਿੱਸਾ ਹੋਇਆ। ਮੈਨੂੰ ਲੱਗਾ ਕਿ ਇਸ ਨੂੰ ਮੈਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੀਦਾ ਹੈ। ਅਸਲ ’ਚ ਜਦੋਂ ਮੈਂ ਦੁਬਈ ’ਚ ਦਾਖ਼ਲ ਹੋਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣਾ ਵੀਜ਼ਾ ਲਿਆਉਣਾ ਭੁੱਲ ਗਿਆ ਹਾਂ ਤੇ ਮੇਰੇ ਕੋਲ ਫੋਨ ’ਚ ਵੀ ਇਸ ਦੀ ਡਿਜੀਟਲ ਕਾਪੀ ਨਹੀਂ ਹੈ। ਮੇਰੇ ਕੋਲੋਂ ਇਹ ਗੜਬੜ ਹੋ ਗਈ ਪਰ ਮੈਂ ਸਿਰਫ ਦੁਬਈ ਦੇ ਲੋਕਾਂ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ। ਇਥੋਂ ਦੇ ਲੋਕ ਬਹੁਤ ਪਿਆਰੇ ਹਨ। ਇੰਮੀਗ੍ਰੇਸ਼ਨ ਕੰਟਰੋਲ, ਪਾਸਪੋਰਟ ਅਫਸਰ ਮੇਰੇ ਕੋਲ ਆਏ ਤੇ ਉਨ੍ਹਾਂ ਨੇ ਮੇਰੇ ਨਾਲ ਬਹੁਤ ਚੰਗਾ ਵਿਵਹਾਰ ਕੀਤਾ।’
ਵਿਵੇਕ ਨੇ ਵੀਡੀਓ ’ਚ ਅੱਗੇ ਕਿਹਾ, ‘ਦੁਬਈ ਏਅਰਪੋਰਟ ਦੇ ਅਧਿਕਾਰੀਆਂ ਨੇ ਮੈਨੂੰ ਇਸ ਮੁਸ਼ਕਿਲ ’ਚੋਂ ਬਾਹਰ ਕੱਢਿਆ। ਉਨ੍ਹਾਂ ਨੇ ਆਪਣੇ ਸਿਸਟਮ ਨਾਲ ਮੇਰੇ ਵੀਜ਼ਾ ਦੀ ਕਾਪੀ ਕੱਢ ਕੇ ਮੋਹਰ ਲਗਾ ਕੇ ਮੈਨੂੰ ਦਿੱਤੀ। ਖਾਸ ਰੂਪ ਨਾਲ ਮਰਹਬਾ ਸੇਵਾ ਦੀ ਇਕ ਮਹਿਲਾ ਅਫਸਰ ਰੋਸ਼ੇਲ ਨੇ ਮੇਰੀ ਬਹੁਤ ਮਦਦ ਕੀਤੀ। ਜੋ ਮੈਨੂੰ ਏਅਰਪੋਰਟ ਦੇ ਸਾਰੇ ਵਿਭਾਗਾਂ ’ਚ ਲੈ ਗਈ ਤੇ ਮੇਰਾ ਮਸਲਾ ਹੱਲ ਕਰਵਾਇਆ। ਮੈਨੂੰ ਅਸਲ ’ਚ ਇਹ ਬਹੁਤ ਪਸੰਦ ਆਇਆ। ਮੈਂ ਸਿਰਫ ਉਨ੍ਹਾਂ ਪਿਆਰੇ ਅਧਿਕਾਰੀਆਂ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ ਤੇ ਇੰਨੇ ਯੋਗ ਹੋਣ ਤੇ ਇੰਨੇ ਮਦਦਗਾਰ ਹੋਣ ਲਈ ਦੁਬਈ ਏਅਰਪੋਰਟ ਦਾ ਧੰਨਵਾਦ ਅਦਾ ਕਰਦਾ ਹਾਂ। ਉਮੀਦ ਹੈ ਕਿ ਹੁਣ ਮੈਂ ਇਥੇ ਆਪਣੀ ਯਾਤਰਾ ਕਰ ਸਕਦਾ ਹਾਂ। ਆਰਾਮ ਕਰ ਸਕਦਾ ਹਾਂ ਤੇ ਆਪਣੀ ਯਾਤਰਾ ਦਾ ਆਨੰਦ ਮਾਣ ਸਕਦਾ ਹਾਂ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।