ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਅਫਸੋਸ ਜਤਾਉਂਦਿਆਂ ਵਿਨੇਪਾਲ ਬੁੱਟਰ ਨੇ ਘੇਰੀ ਪੰਜਾਬ ਸਰਕਾਰ
Thursday, Jun 02, 2022 - 01:28 PM (IST)
ਚੰਡੀਗੜ੍ਹ (ਬਿਊਰੋ)– ‘ਆਮ ਜਿਹੇ ਨੂੰ’ ਤੇ ‘ਮੁਆਫ਼ੀਨਾਮਾ’ ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ’ਚ ਘਰ ਕਰਨ ਵਾਲੇ ਵਿਨੇਪਾਲ ਬੁੱਟਰ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਵਿਨੇਪਾਲ ਨੇ ਇਕ ਪੋਸਟ ਫੇਸਬੁੱਕ ਪੇਜ ’ਤੇ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰ ਵਾਇਰਲ
ਇਸ ’ਚ ਉਸ ਨੇ ਲਿਖਿਆ, ‘‘ਸੱਚੀ ਛੋਟੇ ਵੀਰ ਤੇਰੇ ਜਿਊਂਦਿਆਂ ਵੀ ਤੇ ਹੁਣ ਤੇਰੇ ਤੁਰ ਜਾਣ ਤੋਂ ਬਾਅਦ ਵੀ, ਸਿੱਧੂ ਮੂਸੇ ਵਾਲਾ, ਮੂਸੇ ਵਾਲਾ ਹੋਈ ਪਈ ਆ। ਤੇਰੇ ਪਿਛਲੇ ਆਸਟ੍ਰੇਲੀਆ ਟੂਰ ’ਤੇ ਪ੍ਰਬੰਧਕਾਂ ਨਾਲ ਮਾਮੁਲੀ ਜਿਹੇ ਮਨ ਮੁਟਾਵ/ਗਿਲੇ ਸ਼ਿਕਵੇ ਕਰਕੇ ਮੈਂ ਆਇਆ ਨਹੀਂ, ਇਸ ਦਾ ਅਫਸੋਸ ਹੈ ਤੇ ਹੁਣ ਉਨ੍ਹਾਂ ਪ੍ਰਬੰਧਕਾਂ ਨਾਲ ਤੇਰੇ ਤੁਰ ਜਾਣ ਦਾ ਅਫਸੋਸ ਕਰਨਾ ਬਿਲਕੁਲ ਉਸੇ ਤਰ੍ਹਾਂ ਹੀ ਹੈ, ਜਿਵੇਂ ਪੰਜਾਬ ਸਰਕਾਰ ਤੇਰੀ ਬਲੀ ਦੇਣ ਤੋਂ ਬਾਅਦ ਬਾਕੀ ਸਾਰਿਆਂ ਦੀ ਸਕਿਓਰਿਟੀ ਵਾਪਸ ਕਰ ਰਹੀ ਹੈ। ਵਿਨੇਪਾਲ ਸਿੰਘ ਬੁੱਟਰ।’’
ਇਸ ਪੋਸਟ ’ਚ ਵਿਨੇਪਾਲ ਨੇ ਜਿਥੇ ਸਿੱਧੂ ਦੇ ਆਸਟ੍ਰੇਲੀਆ ਟੂਰ ਦੇ ਪ੍ਰਬੰਧਕਾਂ ਨਾਲ ਹੋਈ ਤਕਰਾਰ ਦਾ ਜ਼ਿਕਰ ਕੀਤਾ ਹੈ, ਉਥੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ, ਜੋ ਪਹਿਲਾਂ ਕਲਾਕਾਰਾਂ ਦੀ ਸੁਰੱਖਿਆ ਖੋਹਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਬਹਾਲ ਕਰ ਰਹੀ ਹੈ।
ਦੱਸ ਦੇਈਏ ਕਿ ਵਿਨੇਪਾਲ ਨੇ ਇਸ ਤੋਂ ਪਹਿਲਾਂ ਵੀ ਸਿੱਧੂ ਲਈ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਲਿਖਿਆ ਸੀ, ‘‘ਮੇਰੀ ਮੰਮੀ ਨਾਲ ਗੱਲ ਹੋ ਰਹੀ ਸੀ ਹੁਣੇ, ਉਨ੍ਹਾਂ ਨੇ ਛੋਟੇ ਵੀਰ ਮਰਹੂਮ ਸਿੱਧੂ ਮੂਸੇ ਵਾਲਾ ਦੀ ਗੱਲ ਚੱਲਦਿਆਂ, ਸਹਿ ਸੁਭਾਅ ਜਿਹੇ ਕਿਹਾ ਕਿ ਸਿਆਣਿਆਂ ਤੋਂ ਸੁਣਿਆ ਸੀ ਕਿ ਫਲਾਣੇ ਬੰਦੇ ਦੇ ਮਰਨ ’ਤੇ ਤਾਂ ਕਿੱਕਰਾਂ-ਝਾੜੀਆਂ, ਵੱਟਾਂ-ਖ਼ਾਹਲਾਂ ਵੀ ਰੋਣ ਲੱਗ ਪੀਆਂ ਸੀ, ਕਹਿੰਦੇ ਵੀ ਅੱਜ ਉਹ ਗੱਲ ਸੱਚ ਹੁੰਦਿਆਂ ਵੀ ਦੇਖ ਲਈ। ਰੈਸਟ ਇਨ ਪੀਸ ਛੋਟੇ ਭਰਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।