ਹੋਟਲਾਂ ’ਚ ਕੰਮ ਕਰਦੀ ਸੀ ਵਾਨੀ ਕਪੂਰ, ਇੰਝ ਬਾਲੀਵੁੱਡ ’ਚ ਚਮਕੀ ਕਿਸਮਤ
Tuesday, Aug 24, 2021 - 11:24 AM (IST)

ਮੁੰਬਈ (ਬਿਊਰੋ)– ‘ਬੈੱਲ ਬੌਟਮ’ ਦੀ ਅਦਾਕਾਰਾ ਵਾਨੀ ਕਪੂਰ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਵਾਨੀ ਆਪਣੇ ਆਉਣ ਵਾਲੇ ਵੱਡੇ ਪ੍ਰਾਜੈਕਟਾਂ ਨੂੰ ਲੈ ਕੇ ਰੁੱਝੀ ਹੋਈ ਹੈ। ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ’ਚ ‘ਸ਼ਮਸ਼ੇਰਾ’ ਸ਼ਾਮਲ ਹੈ। ਇਸ ਫ਼ਿਲਮ ’ਚ ਉਹ ਰਣਬੀਰ ਕਪੂਰ ਨਾਲ ਨਜ਼ਰ ਆਵੇਗੀ। ਵਾਨੀ ਆਯੂਸ਼ਮਾਨ ਖੁਰਾਣਾ ਨਾਲ ‘ਚੰਡੀਗੜ੍ਹ ਕਰੇ ਆਸ਼ਿਕੀ’ ਫ਼ਿਲਮ ’ਚ ਵੀ ਨਜ਼ਰ ਆਵੇਗੀ।
ਸਾਲ 2013 ’ਚ ਫ਼ਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਵਾਨੀ ਕਪੂਰ ਨੂੰ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਵਾਨੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਬਾਲੀਵੁੱਡ ਦੇ ਸਾਰੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ।
ਰਣਵੀਰ ਸਿੰਘ ਨਾਲ ‘ਬੇਫਿਕਰੇ’ ਹੋਵੇ ਜਾਂ ਰਿਤਿਕ ਰੌਸ਼ਨ ਨਾਲ ‘ਵਾਰ’, ਵਾਨੀ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਖੁਸ਼ ਕੀਤਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਵਾਨੀ ਦਾ ਬਾਲੀਵੁੱਡ ਨਾਲ ਪਹਿਲਾਂ ਕਦੇ ਕੋਈ ਸਬੰਧ ਨਹੀਂ ਸੀ। ਉਹ ਫ਼ਿਲਮਾਂ ’ਚ ਆਉਣ ਤੋਂ ਪਹਿਲਾਂ ਹੋਟਲਾਂ ’ਚ ਕੰਮ ਕਰਦੀ ਸੀ।
ਵਾਨੀ ਦਾ ਜਨਮ 23 ਅਗਸਤ, 1988 ਨੂੰ ਦਿੱਲੀ ’ਚ ਹੋਇਆ ਸੀ। ਉਸ ਦੇ ਪਿਤਾ ਸ਼ਿਵ ਕਪੂਰ ਦਾ ਦਿੱਲੀ ’ਚ ਫਰਨੀਚਰ ਦਾ ਕਾਰੋਬਾਰ ਹੈ, ਜਦਕਿ ਮਾਂ ਡਿੰਪੀ ਕਪੂਰ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਕੰਮ ਕਰਦੀ ਹੈ। ਵਾਨੀ ਕਪੂਰ ਨੇ ਆਪਣੀ ਪੂਰੀ ਪੜ੍ਹਾਈ ਦਿੱਲੀ ਤੋਂ ਹੀ ਕੀਤੀ ਹੈ।
ਵਾਨੀ ਕਪੂਰ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਸੈਰ-ਸਪਾਟੇ ’ਚ ਬੈਚਲਰ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ। ਸੈਰ -ਸਪਾਟੇ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਜੈਪੁਰ ਦੇ ਓਬਰਾਏ ਹੋਟਲ ਤੇ ਰਿਜ਼ੋਰਟ ’ਚ ਇੰਟਰਨਸ਼ਿਪ ਕੀਤੀ ਤੇ ਫਿਰ ਆਈ. ਟੀ. ਸੀ. ਹੋਟਲ ’ਚ ਵੀ ਕੰਮ ਕੀਤਾ।
ਵਾਨੀ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਮੁੰਬਈ ਚਲੀ ਗਈ ਤੇ ਕਈ ਆਡੀਸ਼ਨ ਦਿੱਤੇ। ਇਸ ਤੋਂ ਬਾਅਦ ਉਸ ਨੂੰ ‘ਸ਼ੁੱਧ ਦੇਸੀ ਰੋਮਾਂਸ’ ਫ਼ਿਲਮ ’ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਲਈ ਉਸ ਨੂੰ ਫ਼ਿਲਮਫੇਅਰ ਦਾ ਬੈਸਟ ਡੈਬਿਊ ਐਵਾਰਡ ਵੀ ਮਿਲਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।