ਧਰਮ ਪਰਿਵਰਤਨ ਤੇ ਨਿਕਾਹ ’ਤੇ ਉਰਮਿਲਾ ਨੇ ਦਿੱਤਾ ਕਰਾਰਾ ਜਵਾਬ, ਕੰਗਨਾ ਰਣੌਤ ਨੂੰ ਲਿਆ ਲੰਮੇ ਹੱਥੀਂ

01/05/2021 4:36:40 PM

ਮੁੰਬਈ (ਬਿਊਰੋ)– ਉਰਮਿਲਾ ਮਾਤੋਂਡਕਰ ਤੇ ਕੰਗਨਾ ਰਣੌਤ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਕੰਗਨਾ ਨੇ ਉਰਮਿਲਾ ਵਲੋਂ ਜਾਇਦਾਦ ਖਰੀਦਣ ’ਤੇ ਨਿਸ਼ਾਨਾ ਵਿੰਨ੍ਹਿਆ ਸੀ, ਹੁਣ ਕੰਗਨਾ ਨੇ ਉਸ ’ਤੇ ਧਰਮ ਪਰਿਵਰਤਨ ਨੂੰ ਲੈ ਕੇ ਟਿੱਪਣੀ ਕੀਤੀ ਹੈ। ਹਾਲਾਂਕਿ ਉਰਮਿਲਾ ਵੀ ਚੁੱਪ ਬੈਠਣ ਵਾਲੀ ਨਹੀਂ ਸੀ ਤੇ ਵੀਡੀਓ ਸਾਂਝੀ ਕਰਕੇ ਕੰਗਨਾ ਨੂੰ ਕਰਾਰਾ ਜਵਾਬ ਦਿੱਤਾ ਹੈ।

ਅਸਲ ’ਚ ਉਰਮਿਲਾ ਨੇ ਆਪਣੀ ਜਾਇਦਾਦ ਨੂੰ ਲੈ ਕੇ ਜੋ ਸਫਾਈ ਦਿੱਤੀ ਹੈ, ਉਸ ਵੀਡੀਓ ਦੇ ਅਖੀਰ ’ਚ ਉਹ ਕਹਿੰਦੀ ਹੈ, ‘ਗਣਪਤੀ ਬੱਪਾ ਮੋਰਿਆ।’ ਨਾਲ ਹੀ ਉਸ ਨੇ ਕੈਪਸ਼ਨ ’ਚ ਵੀ ਇਹੀ ਲਿਖਿਆ। ਇਸ ’ਤੇ ਕੰਗਨਾ ਨੇ ਟਵੀਟ ਕਰਦਿਆਂ ਕਿਹਾ, ‘ਚੰਗਾ ਲੱਗਾ ਕਿ ਤੁਸੀਂ ਆਪਣੀ ਮਿਹਨਤ ਨਾਲ ਘਰ ਲਿਆ। ਬਹੁਤ ਸ਼ੁਭਕਾਮਨਾਵਾਂ ਤੁਹਾਨੂੰ। ਸੁਣਿਆ ਹੈ ਤੁਸੀਂ ਨਿਕਾਹ ਲਈ ਧਰਮ ਪਰਿਵਰਤਨ ਕੀਤਾ ਹੈ। ਫਿਰ ਵੀ ਮਾਣ ਨਾਲ ਗਣਪਤੀ ਬੱਪਾ ਦੀ ਜੈ ਕਹਿੰਦੇ ਹੋ, ਇਹ ਵੀ ਦੇਖ ਕੇ ਚੰਗਾ ਲੱਗਾ। ਬਹੁਤ-ਬਹੁਤ ਸ਼ੁਭਕਾਮਨਾਵਾਂ।’

ਕੰਗਨਾ ਦੇ ਇਸ ਟਵੀਟ ’ਤੇ ਉਰਮਿਲਾ ਨੇ ਇਕ ਇੰਟਰਵਿਊ ’ਚ ਕਿਹਾ, ‘ਮੇਰੇ ਧਰਮ ਬਾਰੇ ਉਸ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਪੂਰੇ ਮਾਮਲੇ ਨੂੰ ਤੋੜ-ਮਰੋੜ ਕੇ ਤੇ ਜਾਣਬੁਝ ਕੇ ਧਰਮ ਵਰਗੇ ਬੇਮਤਲਬ ਮੁੱਦਿਆਂ ਨੂੰ ਚੁੱਕ ਕੇ ਲੋਕਾਂ ਨੂੰ ਭਟਕਾਇਆ ਜਾ ਰਿਹਾ ਹੈ। ਉਸ ਨੇ ਮੇਰੀ ਗੱਲ ਨੂੰ ਸਹੀ ਸਾਬਿਤ ਕਰ ਦਿੱਤਾ ਕਿ ਅਸਲ ਮੁੱਦਿਆਂ ’ਤੇ ਬੋਲਣ ਲਈ ਉਸ ਦੇ ਕੋਲ ਹਿੰਮਤ ਨਹੀਂ ਹੈ। ਉਸ ਨੇ ਮੇਰੀ ਨਿੱਜੀ ਜ਼ਿੰਦਗੀ, ਮੇਰੇ ਪਤੀ ਦਾ ਨਾਂ ਮੇਰੇ ਨਿਕਾਹ ਤੇ ਮੇਰੇ ਸਹੁਰੇ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਨਾਲ ਮੇਰਾ ਮਨੋਬਲ ਨਹੀਂ ਡਿੱਗੇਗਾ।’

ਇੰਝ ਸ਼ੁਰੂ ਹੋਇਆ ਸੀ ਵਿਵਾਦ
ਉਰਮਿਲਾ ਨੇ ਹਾਲ ਹੀ ’ਚ 3 ਕਰੋੜ ਦੀ ਜਾਇਦਾਦ ਖਰੀਦੀ ਹੈ, ਜਿਸ ’ਚ ਉਸ ਦਾ ਦਫਤਰ ਹੋਵੇਗਾ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਕੰਗਨਾ ਰਣੌਤ ਨੇ ਟਵੀਟ ਕਰਕੇ ਲਿਖਿਆ ਸੀ, ‘ਉਰਮਿਲਾ ਜੀ ਮੈਂ ਖੁਦ ਦੀ ਮਿਹਨਤ ਨਾਲ ਘਰ ਬਣਾਏ ਸਨ, ਕਾਂਗਰਸ ਉਨ੍ਹਾਂ ਨੂੰ ਤੋੜ ਰਹੀ ਹੈ। ਭਾਜਪਾ ਨੂੰ ਖੁਸ਼ ਕਰਕੇ ਮੇਰੇ ਹੱਥ ਸਿਰਫ 25-30 ਕੇਸ ਲੱਗੇ ਹਨ। ਕਾਸ਼ ਮੈਂ ਵੀ ਤੁਹਾਡੇ ਵਾਂਗ ਸਮਝਦਾਰ ਹੁੰਦੀ ਤਾਂ ਕਾਂਗਰਸ ਨੂੰ ਖੁਸ਼ ਕਰਦੀ। ਮੈਂ ਤਾਂ ਅਸਲ ’ਚ ਬੇਵਕੂਫ ਨਿਕਲੀ।’

ਇਸ ਤੋਂ ਬਾਅਦ ਉਰਮਿਲਾ ਨੇ ਵੀਡੀਓ ਸਾਂਝੀ ਕੀਤੀ, ਜਿਸ ’ਚ ਉਸ ਨੇ ਕਿਹਾ, ‘ਤੁਹਾਡੇ ਜਿਹੜੇ ਵੱਡੇ ਵਿਚਾਰ ਹਨ, ਉਹ ਮੈਂ ਸੁਣ ਚੁੱਕੀ ਹਾਂ, ਸਗੋਂ ਪੂਰਾ ਦੇਸ਼ ਸੁਣ ਚੁੱਕਿਆ ਹੈ। ਅੱਜ ਪੂਰੇ ਦੇਸ਼ ਦੇ ਸਾਹਮਣੇ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਜਗ੍ਹਾ ਤੇ ਸਮੇਂ ਦੀ ਚੋਣ ਤੁਸੀਂ ਕਰੋ ਮੈਂ ਸਾਰੇ ਕਾਗਜ਼ਾਤ ਲੈ ਕੇ ਪਹੁੰਚ ਜਾਵਾਂਗੀ। ਆਪਣੇ 25-30 ਸਾਲ ਦੇ ਕਰੀਅਰ ’ਚ ਮੈਂ ਜੋ ਪੈਸੇ ਕਮਾਏ, ਉਨ੍ਹਾਂ ਤੋਂ ਮੈਂ ਫਲੈਟ ਤੇ ਦਫਤਰ ਖਰੀਦੇ। ਇਨ੍ਹਾਂ ਸਾਰਿਆਂ ਦੇ ਕਾਗਜ਼ਾਤ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ। ਮੈਂ ਜੋ ਫਲੈਟ ਖਰੀਦਿਆ ਸੀ, ਉਹ ਰਾਜਨੀਤੀ ’ਚ ਆਉਣ ਤੋਂ ਕਾਫੀ ਪਹਿਲਾਂ ਲਿਆ ਸੀ।’

ਨੋਟ– ਉਰਮਿਲਾ ਮਾਤੋਂਡਕਰ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News