ਜਨਮਦਿਨ ਮੌਕੇ ਜਾਣੋ ਦਿਲਜੀਤ ਦੋਸਾਂਝ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ

Wednesday, Jan 06, 2021 - 01:42 PM (IST)

ਜਨਮਦਿਨ ਮੌਕੇ ਜਾਣੋ ਦਿਲਜੀਤ ਦੋਸਾਂਝ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ, 1984 ਨੂੰ ਪਿੰਡ ਦੋਸਾਂਝ ਕਲਾਂ ’ਚ ਹੋਇਆ। ਹਾਲ ਦੇ ਦਿਨਾਂ ’ਚ ਦਿਲਜੀਤ ਦੋਸਾਂਝ ਨੇ ਮੰਨੋ ਜਿਵੇਂ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਪਣੇ ਟੈਲੇਂਟ ਦੇ ਦਮ ’ਤੇ ਬਾਲੀਵੁੱਡ ’ਚ ਧੁੰਮਾਂ ਪਾਉਣ ਵਾਲੇ ਦਿਲਜੀਤ ਦੋਸਾਂਝ ਨੂੰ ਸ਼ੋਹਰਤ ਇੰਨੀ ਸੌਖੀ ਨਹੀਂ ਮਿਲੀ ਹੈ। ਦਿਲਜੀਤ ਦੀ ਸ਼ੋਹਰਤ ਪਿੱਛੇ ਲੰਮਾ ਸੰਘਰਸ਼ ਜੁੜਿਆ ਹੈ। ਅੱਜ ਤੁਹਾਨੂੰ ਦਿਲਜੀਤ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਪਹਿਲਾਂ ਤੁਸੀਂ ਨਹੀਂ ਸੁਣੀਆਂ ਹੋਣਗੀਆਂ–

ਗੁਰਬਾਣੀ ਕੀਰਤਨ ਸਿੱਖਣ ਲਈ ਮਾਂ ਨੇ ਭੇਜਿਆ ਸੀ ਚਾਚੇ ਕੋਲ
ਦਿਲਜੀਤ ਦੋਸਾਂਝ ਦਾ ਜਨਮ ਇਕ ਆਮ ਪਰਿਵਾਰ ’ਚ ਹੋਇਆ। ਦਿਲਜੀਤ ਦਾ ਬਚਪਨ ਜਲੰਧਰ ਜ਼ਿਲੇ ਦੇ ਪਿੰਡ ਦੋਸਾਂਝ ਕਲਾਂ ’ਚ ਬਤੀਤ ਹੋਇਆ। ਦਿਲਜੀਤ ਦਾ ਪ੍ਰਸਿੱਧੀ ਹਾਸਲ ਕਰਨ ਦਾ ਸੁਪਨਾ ਬਚਪਨ ਤੋਂ ਹੀ ਸੀ। ਗੁਰੂ ਘਰ ਜਾ ਕੇ ਦਿਲਜੀਤ ਇਕੋ ਅਰਦਾਸ ਕਰਦੇ ਸਨ, ‘ਹੇ ਵਾਹਿਗੁਰੂ, ਮੈਂ ਕਿਸੇ ਨੂੰ ਨਾ ਜਾਣਾ, ਮੈਨੂੰ ਸਭ ਜਾਣਨ।’ ਦਿਲਜੀਤ ਜਦੋਂ 11 ਸਾਲਾਂ ਦੇ ਹੋਏ ਤਾਂ ਉਨ੍ਹਾਂ ਦੀ ਮਾਂ ਨੇ ਇਹ ਸੋਚ ਕੇ ਦਿਲਜੀਤ ਨੂੰ ਸ਼ਹਿਰ ਭੇਜ ਦਿੱਤਾ ਕਿ ਚਾਚੇ ਨਾਲ ਰਹਿ ਕੇ ਉਹ ਕੁਝ ਸਿੱਖ ਲੈਣਗੇ। ਦਿਲਜੀਤ ਦੇ ਚਾਚਾ ਗੁਰਬਾਣੀ ਕੀਰਤਨ ਕਰਦੇ ਸਨ। ਹਾਲਾਂਕਿ ਦਿਲਜੀਤ ਉਸ ਸਮੇਂ ਨਾਰਾਜ਼ ਸਨ, ਉਨ੍ਹਾਂ ਨੂੰ ਲੱਗਾ ਕਿ ਪਰਿਵਾਰ ਨੇ ਉਨ੍ਹਾਂ ਨੂੰ ਖੁਦ ਤੋਂ ਦੂਰ ਕਰ ਦਿੱਤਾ ਹੈ। ਇਕ ਇੰਟਰਵਿਊ ’ਚ ਦਿਲਜੀਤ ਨੇ ਕਿਹਾ ਸੀ, ‘ਘਰ ਛੱਡਣ ਤੋਂ ਬਾਅਦ ਮੈਂ ਮਾਂ ਨਾਲ ਬਹੁਤ ਨਾਰਾਜ਼ ਸੀ। ਦੀਵਾਲੀ ਮੈਨੂੰ ਬਹੁਤ ਪਸੰਦ ਸੀ ਪਰ ਉਹ ਇਕ ਵਾਰ ਜੋ ਘਰ ਛੱਡਿਆ ਤਾਂ ਫਿਰ ਕਦੇ ਮੈਂ ਇਹ ਤਿਉਹਾਰ ਨਹੀਂ ਮਨਾ ਸਕਿਆ।’

PunjabKesari

18 ਸਾਲ ਦੀ ਉਮਰ ’ਚ ਕੱਢੀ ਪਹਿਲੀ ਐਲਬਮ
ਹਾਲਾਂਕਿ ਦਿਲਜੀਤ ਨੂੰ ਚਾਚੇ ਨਾਲ ਰਹਿਣ ਦਾ ਫਾਇਦਾ ਮਿਲਿਆ। ਦਿਲਜੀਤ ਨੇ ਤਬਲਾ ਤੇ ਹਰਮੋਨੀਅਮ ਵਜਾਉਣਾ ਤਾਂ ਸਿੱਖ ਲਿਆ ਸੀ, ਨਾਲ ਹੀ ਉਨ੍ਹਾਂ ਦੇ ਸੁਰ ਵੀ ਪੱਕੇ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਛੇਤੀ ਹੀ ਜਨਤਕ ਪ੍ਰੋਗਰਾਮਾਂ ’ਚ ਸ਼ਿਰਕਤ ਕਰਨ ਲੱਗੇ। 18 ਸਾਲ ਦੀ ਉਮਰ ’ਚ ਦਿਲਜੀਤ ਦੀ ਪਹਿਲੀ ਐਲਬਮ ‘ਇਸ਼ਕ ਦਾ ਊੜਾ ਐੜਾ’ ਰਿਲੀਜ਼ ਹੋਈ। ਨਵੇਂ ਕਲਾਕਾਰ ਨੂੰ ਇਕ ਵੱਖਰੀ ਪਛਾਣ ਦੇਣ ਲਈ ਇਕ ਪ੍ਰੋਡਿਊਸਰ ਨੇ ਦਿਲਜੀਤ ਨੂੰ ਆਪਣਾ ਨਾਂ ਦਲਜੀਤ ਤੋਂ ਦਿਲਜੀਤ ਕਰਨ ਦੀ ਸਲਾਹ ਦਿੱਤੀ। ਕਈ ਸਾਲਾਂ ਬਾਅਦ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਵਸੇ ਉਨ੍ਹਾਂ ਦੇ ਦੋਸਾਂਝ ਕਲਾਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਤਾਂ ਦਿਲਜੀਤ ਨੇ ਆਪਣੇ ਪਿੰਡ ਦਾ ਨਾਂ ਸਰਨੇਮ ਦੇ ਰੂਪ ’ਚ ਜੋੜ ਲਿਆ।

ਸੁਖਪਾਲ ਸੁੱਖ ਨੇ ਬਦਲੀ ਦਿਲਜੀਤ ਦੀ ਲੁੱਕ
ਦਿਲਜੀਤ ਦੋਸਾਂਝ ਦੀ ਲੁੱਕ ਬਦਲਣ ’ਚ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਸੁਖਪਾਲ ਸੁੱਖ ਦਾ ਵੱਡਾ ਯੋਗਦਾਨ ਹੈ। ਸੁਖਪਾਲ ਸੁੱਖ ਨੇ ‘ਇਸ਼ਕ ਦਾ ਉੜਾ ਐੜਾ’ ਤੋਂ ਬਾਅਦ ਦਿਲਜੀਤ ਨਾਲ ਦੋ ਐਲਬਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਦਿਲ’, ਜੋ 2004 ’ਚ ਰਿਲੀਜ਼ ਹੋਈ ਤੇ ਦੂਜੀ ‘ਸਮਾਈਲ’, ਜੋ 2005 ’ਚ ਰਿਲੀਜ਼ ਕੀਤੀ ਗਈ। ਇਨ੍ਹਾਂ ਐਲਬਮਾਂ ਰਾਹੀਂ ਦਿਲਜੀਤ ਨੂੰ ਸ਼ੋਹਰਤ ਮਿਲਣੀ ਸ਼ੁਰੂ ਹੋ ਗਈ। ਵਿਆਹਾਂ, ਡੀ. ਜੇ. ਪਾਰਟੀਆਂ ਤੋਂ ਇਲਾਵਾ ਯੂ. ਕੇ., ਅਮਰੀਕਾ ਤੇ ਕੈਨੇਡਾ ’ਚ ਲਾਈਵ ਪੇਸ਼ਕਾਰੀ ਦੇ ਆਫਰਜ਼ ਆਉਣ ਲੱਗੇ।

PunjabKesari

ਫ਼ਿਲਮਾਂ ਵੱਲ ਦਿਲਜੀਤ ਦਾ ਰੁਖ਼
ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ। ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ ਸਾਲ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ। ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।

ਬਾਲੀਵੁੱਡ ’ਚ ਵੀ ਪਾਈਆਂ ਧੁੰਮਾਂ
ਦਿਲਜੀਤ ਦੋਸਾਂਝ ਨੇ ਪੰਜਾਬੀ ਫ਼ਿਲਮਾਂ ਤੋਂ ਬਾਅਦ ਸਾਲ 2016 ’ਚ ਆਈ ਹਿੰਦੀ ਫ਼ਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ’ਚ ਉਡਾਰੀ ਮਾਰੀ। ਦਿਲਜੀਤ ਦੀ ਬਾਲੀਵੁੱਡ ’ਚ ਵੀ ਖੂਬ ਚਰਚਾ ਹੋਣ ਲੱਗੀ। ਦਿਲਜੀਤ ਨੇ ਸਰਦਾਰਾਂ ਦੀ ਇਮੇਜ ਨੂੰ ਬਾਲੀਵੁੱਡ ’ਚ ਜਾ ਕੇ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ‘ਉੜਤਾ ਪੰਜਾਬ’ ’ਚ ਆਪਣੇ ਕਿਰਦਾਰ ਕਰਕੇ ਦਿਲਜੀਤ ਨੂੰ ਬੈਸਟ ਮੇਲ ਡੈਬਿਊ ਦਾ ਫ਼ਿਲਮਫੇਅਰ ਐਵਾਰਡ ਵੀ ਮਿਲ ਚੁੱਕਾ ਹੈ।

PunjabKesari

ਅੱਜ ਆਪਣੇ 20 ਸਾਲਾਂ ਦੇ ਗਾਇਕੀ ਤੇ ਫ਼ਿਲਮੀ ਕਰੀਅਰ ’ਚ ਦਿਲਜੀਤ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਪੌੜੀ-ਪੌੜੀ ਚੜ੍ਹ ਕੇ ਹੀ ਪਾਇਆ ਹੈ। ਦਿਲਜੀਤ ਅਕਸਰ ਇਹ ਸ਼ਬਦ ਕਹਿੰਦੇ ਹਨ, ‘ਜਿੰਨੇ ਸਵਰਗ ਲੈਣਾ, ਉਸ ਨੂੰ ਮਰਨਾ ਵੀ ਪੈਂਦਾ ਹੈ’। ਭਾਵ ਜੇ ਕੁਝ ਬਣਨਾ ਹੈ ਤਾਂ ਉਸ ਲਈ ਮਿਹਨਤ ਵੀ ਕਰਨੀ ਪਵੇਗੀ। ਇਹ ਨਹੀਂ ਕਿ ਮਿਹਨਤ ਕੋਈ ਹੋਰ ਕਰੇ ਤੇ ਫਲ ਕਿਸੇ ਹੋਰ ਨੂੰ ਮਿਲੇ।

ਨੋਟ– ਦਿਲਜੀਤ ਦੋਸਾਂਝ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News