ਟੀ.ਵੀ. ਤੇ 'ਹਨੂਮਾਨ' ਦਾ ਕਿਰਦਾਰ ਨਿਭਾਉਣ ਵਾਲੇ ਨਿਰਭੈ ਵਧਵਾ ਹੋਏ ਬੇਰੁਜ਼ਗਾਰ, ਗੁਜ਼ਾਰੇ ਲਈ ਵੇਚਣੀ ਪਈ ਬਾਈਕ
Wednesday, Jun 09, 2021 - 06:39 PM (IST)
ਮੁੰਬਈ- ਕੋਰੋਨਾ ਕਾਰਨ ਲੱਗੀ ਤਾਲਾਬੰਦੀ ਨੇ ਲੋਕਾਂ ਨੂੰ ਆਰਿਥਕ ਪੱਖੋਂ ਝੰਬ ਕੇ ਰੱਖ ਦਿੱਤਾ ਹੈ। ਤਾਲਾਬੰਦੀ ਕਾਰਨ ਲੋਕ ਆਪਣੀਆਂ ਨੌਕਰੀਆਂ ਅਤੇ ਰੁਜ਼ਗਾਰ ਗੁਆ ਬੈਠੇ ਹਨ। ਤਾਲਾਬੰਦੀ ਕਾਰਨ ਟੀ.ਵੀ. ਇੰਡਸਟਰੀ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਟੀ.ਵੀ. ਸੀਰੀਅਲਾਂ ਦੀ ਸ਼ੂਟਿੰਗ 'ਤੇ ਬਰੇਕ ਲੱਗ ਗਈ ਅਤੇ ਕਈ ਕਲਾਕਾਰ ਸੜਕ 'ਤੇ ਆ ਗਏ। ਟੀ.ਵੀ. 'ਹਨੂਮਾਨ' ਨਿਰਭੈ ਵਧਵਾ ਪਿਛਲੇ ਤਕਰੀਬਨ ਡੇਢ ਸਾਲ ਤੋਂ ਬੇਰੁਜ਼ਗਾਰ ਹੈ। ਤਾਲਾਬੰਦੀ ਦੌਰਾਨ ਕੋਈ ਕੰਮ ਨਾ ਮਿਲਣ ਕਰਕੇ ਉਸ ਨੂੰ ਆਰਥਿਕ ਤੌਰ 'ਤੇ ਮੁਸ਼ਕਲ ਸਥਿਤੀ ਵਿਚ ਪਾ ਦਿੱਤਾ ਗਿਆ ਅਤੇ ਅਦਾਕਾਰ ਨੂੰ ਆਪਣੀ ਮਨਪਸੰਦ ਸੁਪਰਬਾਈਕ ਵੇਚਣੀ ਪਈ।
ਟੀ.ਵੀ. 'ਹਨੂਮਾਨ' ਨਿਰਭੈ ਵਧਵਾ ਨੇ ਆਪਣੇ ਇਸ ਮੁਸ਼ਕਲ ਦੌਰ ਬਾਰੇ ਖੁੱਲ੍ਹ ਕੇ ਦੱਸਿਆ ਹੈ। ਇਕ ਚੈਨਲ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਤਕਰੀਬਨ ਡੇਢ ਸਾਲ ਘਰ ਬੈਠੇ ਰਹਿਣ ਨਾਲ ਸਾਰੀਆਂ ਚੀਜ਼ਾਂ ਵਿਗੜ ਗਈਆਂ ਅਤੇ ਇਸ ਤਾਲਾਬੰਦੀ ਕਾਰਨ ਮੇਰੀ ਸਾਰੀ ਬਚਤ ਖਤਮ ਹੋ ਗਈ। ਕੋਈ ਕੰਮ ਨਹੀਂ ਸੀ, ਲਾਈਵ ਸ਼ੋਅ ਵੀ ਨਹੀਂ ਹੋ ਰਹੇ ਸਨ। ਕੁਝ ਪੇਮੈਂਟ ਬਾਕੀ ਸੀ ਉਹ ਵੀ ਨਹੀਂ ਮਿਲੀ।
ਉਨ੍ਹਾਂ ਨੇ ਇਸ ਗੱਲਬਾਤ ਵਿਚ ਦੱਸਿਆ ਕਿ ਮੈਂ ਐਡਵੈਂਚਰ ਦਾ ਸ਼ੌਕੀਨ ਹਾਂ। ਇਸ ਲਈ ਉਸ ਕੋਲ ਇੱਕ ਸੁਪਰ ਬਾਈਕ ਸੀ। ਮਜਬੂਰੀ ਵਿਚ ਉਸ ਨੂੰ ਵੇਚਣਾ ਪਿਆ। ਖਰਚੇ ਚਲਾਉਣ ਲਈ ਉਸ ਨੇ ਬਾਈਕ ਵੇਚਣ ਦਾ ਵੱਡਾ ਫ਼ੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਹ ਬਾਇਕ ਵੇਚਣੀ ਸੌਖੀ ਨਹੀਂ ਸੀ ਕਿਉਂਕਿ ਇਹ ਬਹੁਤ ਮਹਿੰਗੀ ਬਾਈਕ ਸੀ। ਨਿਰਭੈ ਨੇ ਦੱਸਿਆ ਕਿ ਉਸ ਨੇ ਆਪਣੀ ਬਾਈਕ ਨੂੰ 22 ਲੱਖ ਰੁਪਏ ਵਿੱਚ ਖਰੀਦੀ ਸੀ। ਇਸ ਲਈ ਖਰੀਦਦਾਰਾਂ ਨੂੰ ਲੱਭਣਾ ਮੁਸ਼ਕਲ ਹੋ ਗਿਆ। ਆਖਰਕਾਰ ਸਾਢੇ ਨੌਂ ਲੱਖ ਵਿੱਚ ਕੰਪਨੀ ਨੂੰ ਵੇਚ ਦਿੱਤਾ ਗਿਆ। ਨਿਰਭੈ ਦੀਆਂ ਬਹੁਤ ਸਾਰੀਆਂ ਯਾਦਾਂ ਇਸ ਬਾਈਕ ਨਾਲ ਜੁੜੀਆਂ ਸਨ।