ਤੁਨਿਸ਼ਾ ਸੁਸਾਈਡ ਕੇਸ : ਸ਼ੀਜ਼ਾਨ ਖ਼ਿਲਾਫ਼ 524 ਪੇਜਾਂ ਦੀ ਚਾਰਜਸ਼ੀਟ ਦਾਖ਼ਲ, ਚੰਦਨ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

02/17/2023 11:11:46 AM

ਮੁੰਬਈ (ਬਿਊਰੋ) : ਅਦਾਕਾਰਾ ਤੁਨਿਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ 'ਚ ਅਦਾਕਾਰ ਸ਼ੀਜ਼ਾਨ ਖ਼ਾਨ ਹਾਲੇ ਤੱਕ ਜੇਲ੍ਹ 'ਚ ਹੈ। ਹੁਣ ਇਸ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਹੈ। ਮੀਰਾਭਾਇੰਦਰ ਪੁਲਸ ਨੇ ਦੋਸ਼ੀ ਸ਼ੀਜਾਨ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰਜਸ਼ੀਟ ਕਰੀਬ 524 ਪੰਨਿਆਂ ਦੀ ਹੈ। ਰਿਪੋਰਟ ਮੁਤਾਬਕ, ਸ਼ੀਜਾਨ ਦੀ ਜ਼ਮਾਨਤ ਨੂੰ ਲੈ ਕੇ ਕੱਲ ਬੰਬੇ ਹਾਈ ਕੋਰਟ 'ਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਵਸਈ ਦੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਦੇ ਨਾਲ ਹੀ ਤੁਨਿਸ਼ਾ ਖ਼ੁਦਕੁਸ਼ੀ ਮਾਮਲੇ ਦੀ ਅਗਲੀ ਸੁਣਵਾਈ 23 ਫਰਵਰੀ ਨੂੰ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

ਦੱਸ ਦਈਏ ਕਿ ਹਾਲ ਹੀ 'ਚ ਤੁਨਿਸ਼ਾ ਦੀ ਖੁਦਕੁਸ਼ੀ ਦੇ ਕਰੀਬ ਦੋ ਮਹੀਨੇ ਬਾਅਦ ਟੀ. ਵੀ. ਅਦਾਕਾਰ ਚੰਦਨ ਕੇ ਆਨੰਦ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਤੁਨਿਸ਼ਾ ਡਿਪ੍ਰੈਸ਼ਨ 'ਚ ਨਹੀਂ ਸੀ। ਉਹ ਖ਼ੁਦਕੁਸ਼ੀ ਤੋਂ ਇਕ ਦਿਨ ਪਹਿਲਾਂ ਮੈਨੂੰ ਕੁਝ ਦੱਸਣਾ ਵੀ ਚਾਹੁੰਦੀ ਸੀ ਪਰ ਮੈਂ ਉਸ ਨੂੰ ਸਮਾਂ ਨਹੀਂ ਦੇ ਸਕਿਆ। ਇਕ ਇੰਟਰਵਿਊ ਦੌਰਾਨ ਚੰਦਨ ਨੇ ਕਿਹਾ, ''ਤੁਨਿਸ਼ਾ ਨੇ ਮੈਨੂੰ ਕੁਝ ਕਹਿਣਾ ਸੀ ਪਰ ਸਮਾਂ ਨਹੀਂ ਮਿਲਿਆ। ਕਈ ਵਾਰ ਸੈੱਟ 'ਤੇ ਕੋਈ ਨਾ ਕੋਈ ਚੀਜ਼ ਆ ਜਾਂਦੀ ਸੀ। ਫਿਰ ਅਗਲੇ ਦਿਨ ਉਸ ਨੇ ਅਜਿਹਾ ਕਦਮ ਚੁੱਕਿਆ। ਮੈਨੂੰ ਨਹੀਂ ਪਤਾ ਕਿ ਉਹ ਮੇਰੇ ਨਾਲ ਕਿਸ ਬਾਰੇ ਗੱਲ ਕਰਨਾ ਚਾਹੁੰਦੀ ਸੀ।''
'ਅਲੀ ਬਾਬਾ ਦਾਸਤਾਨ-ਏ-ਕਾਬੁਲ' 'ਚ ਤੁਨਿਸ਼ਾ ਦੇ ਮਾਮੇ ਦਾ ਕਿਰਦਾਰ ਨਿਭਾਉਣ ਵਾਲੇ ਚੰਦਨ ਨੇ ਕਿਹਾ, ''ਲੋਕ ਕਹਿ ਰਹੇ ਹਨ ਕਿ ਤੁਨਿਸ਼ਾ ਡਿਪ੍ਰੈਸ਼ਨ 'ਚ ਸੀ ਪਰ ਅਜਿਹਾ ਨਹੀਂ ਹੈ। ਮੈਨੂੰ ਬੁਰਾ ਲੱਗਦਾ ਸੀ ਜਦੋਂ ਸਾਰੇ ਕਹਿਣ ਲੱਗੇ ਕਿ ਉਹ ਡਿਪ੍ਰੈਸ਼ਨ 'ਚ ਹੈ। ਹਾਂ ਇਹ ਸੱਚ ਹੈ ਕਿ ਉਸ ਦਾ ਦਿਲ ਟੁੱਟ ਗਿਆ ਸੀ ਤੇ ਉਹ ਬੁਰਾ ਮਹਿਸੂਸ ਕਰ ਰਹੀ ਸੀ ਪਰ ਉਸ ਦੇ ਦਿਲ 'ਚ ਕੀ ਸੀ ਇਹ ਕੋਈ ਨਹੀਂ ਜਾਣਦਾ। ਮੈਨੂੰ ਨਹੀਂ ਪਤਾ ਪਰ ਜਦੋਂ ਮੈਂ ਉਸ ਬਾਰੇ ਸੋਚਦਾ ਹਾਂ, ਮੈਨੂੰ ਸੈੱਟ 'ਤੇ ਉਸ ਦੀ ਮਿਹਨਤ ਯਾਦ ਆਉਂਦੀ ਹੈ। ਉਹ ਬਹੁਤ ਫੋਕਸ ਅਤੇ ਖੁਸ਼ਮਿਜ਼ਾਜ ਕੁੜੀ ਸੀ ਪਰ ਕੀ ਕਰੀਏ? ਕੋਈ ਕੁਝ ਨਹੀਂ ਕਰ ਸਕਦਾ।''

ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ

ਦੱਸਣਯੋਗ ਹੈ ਕਿ ਤੁਨਿਸ਼ਾ ਸ਼ਰਮਾ ਨੇ ਪਿਛਲੇ ਸਾਲ 24 ਦਸੰਬਰ ਨੂੰ 'ਅਲੀ ਬਾਬਾ ਦਾਸਤਾਨ-ਏ-ਕਾਬੁਲ' ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਸਾਬਕਾ ਪ੍ਰੇਮੀ ਅਤੇ ਸਹਿ-ਅਦਾਕਾਰ ਸ਼ੀਜਾਨ ਖ਼ਾਨ 'ਤੇ ਅਦਾਕਾਰਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ। ਤੁਨਿਸ਼ਾ ਦੀ ਮੌਤ ਤੋਂ ਬਾਅਦ ਸ਼ੀਜਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਹ ਇਸ ਸਮੇਂ ਜੇਲ੍ਹ 'ਚ ਹੈ। ਹਾਲਾਂਕਿ ਇਸ ਦੌਰਾਨ ਸ਼ੀਜਾਨ ਨੇ ਜ਼ਮਾਨਤ ਲੈਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


sunita

Content Editor

Related News