ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਵਿਰੋਧ ਤੋਂ ਪਹਿਲਾਂ ਫਿਲਮ ਤਾਂ ਵੇਖ ਲਓ : ਅੰਨੂ ਕਪੂਰ

06/07/2024 3:41:14 PM

ਕਮਲ ਚੰਦਰਾ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਹਮਾਰੇ ਬਾਰਾਂ’ ਰਿਲੀਜ਼ ਤੋਂ ਪਹਿਲਾਂ ਹੀ ਸੁਰਖ਼ੀਆਂ ’ਚ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਵਿਵਾਦਾਂ ’ਚ ਘਿਰ ਗਿਆ ਸੀ। ਇਸ ਸਬੰਧੀ ਕਈ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਫਿਲਮ ਦਾ ਵਿਸ਼ਾ ਮੁਸਲਿਮ ਭਾਈਚਾਰੇ ’ਚ ਆਬਾਦੀ ਵਿਸਫੋਟ ਨਾਲ ਜੁੜਿਆ ਹੋਇਆ ਹੈ। ਫਿਲਮ ’ਚ ਅੰਨੂ ਕਪੂਰ, ਅਸ਼ਵਨੀ ਕਾਲਸੇਕਰ, ਅਭਿਮੰਨਿਊ ਸਿੰਘ, ਪਾਰਥ ਸਮਥਾਨ, ਅਦਿਤੀ ਭਟਪਹਿਰੀ ਅਤੇ ਇਸ਼ਲਿਨ ਪ੍ਰਸਾਦ ਮੁੱਖ ਭੂਮਿਕਾਵਾਂ ’ਚ ਹਨ। ਅੰਨੂ ਕਪੂਰ ਤੇ ਫਿਲਮ ਦੇ ਕਲਾਕਾਰਾਂ ਨੇ ਫਿਲਮ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਅੰਨੂ ਕਪੂਰ

ਤੁਹਾਡਾ ਇਸ ਤਰ੍ਹਾਂ ਦੀ ਫਿਲਮ ਅਤੇ ਵਿਸ਼ਾ ਚੁਣਨ ਦਾ ਕਾਰਨ ਕੀ ਸੀ?
ਮੈਨੂੰ ਲੱਗਦਾ ਹੈ ਕਿ ਸੱਚ ਜਿੰਨਾ ਸੰਭਵ ਹੋਵੇ, ਓਨਾ ਸਾਹਮਣੇ ਜ਼ਰੂਰ ਲਿਆਉਣਾ ਚਾਹੀਦਾ ਹੈ ਤੇ ਮੈਂ ਉਸ ਲਈ ਕੰਮ ਕਰਦਾ ਹਾਂ। ਮੈਂ ਇਸ ਨੂੰ ਆਪਣੀ ਖ਼ੁਸ਼ਕਿਸਮਤੀ ਸਮਝਦਾ ਹਾਂ ਕਿ ਮੈਨੂੰ ਇਸ ਤਰ੍ਹਾਂ ਦੀ ਕੰਟੈਂਟ ਆਧਾਰਿਤ ਫਿਲਮ ’ਚ ਕੰਮ ਕਰਨ ਦਾ ਮੌਕਾ ਮਿਲਿਆ। ਅੱਜ 42 ਸਾਲਾਂ ਬਾਅਦ ਮੈਨੂੰ ਨਾਲ ਕੰਮ ਕਰਨ ਵਾਲੇ ਲੋਕਾਂ ਤੋਂ ਇੰਨਾ ਸਨਮਾਨ ਮਿਲ ਰਿਹਾ ਹੈ, ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਮੇਰਾ ਕੰਮ ਫਿਲਮਾਂ ’ਚ ਕੰਮ ਕਰ ਕੇ ਪੈਸਾ ਕਮਾਉਣਾ ਹੈ ਪਰ ਇਸ ਲਈ ਮੈਂ ਨਾ ਤਾਂ ਚੋਰੀ ਕਰਾਂਗਾ, ਨਾ ਕੋਈ ਗ਼ੈਰ-ਕਾਨੂੰਨੀ ਕੰਮ ਕਰਾਂਗਾ ਤੇ ਨਾ ਹੀ ਆਪਣੇ ਦੇਸ਼ ਖ਼ਿਲਾਫ਼ ਕੁਝ ਕਰਾਂਗਾ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ’ਚ ਚੰਗੇ ਕੰਮ ਕਰ ਕੇ ਹੀ ਜਾਣਾ ਹੈ।

ਇਸ ਫਿਲਮ ਦਾ ਲੋਕਾਂ ’ਤੇ ਕੀ ਅਸਰ ਪਵੇਗਾ?
ਸਾਡਾ ਕੰਮ ਫਿਲਮ ’ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਹੈ। ਕਲਾਕਾਰ ਆਪਣੀ ਜਨਤਾ ਲਈ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਸ ਨੂੰ ਦੇਖਣ ਵਾਲੇ ਲੋਕ ਉਸ ਨੂੰ ਪਿਆਰ ਕਰਨ ਪਰ ਇਥੇ ਬਿਨਾਂ ਦੇਖੇ ਹੀ ਮਾਮਲਾ ਗੜਬੜ ਹੋ ਗਿਆ। ਲੋਕ ਇਸ ਨੂੰ ਕਿਤੇ ਨਾ ਕਿਤੇ ਗ਼ਲਤ ਲੈ ਰਹੇ ਹਨ ਪਰ ਮੈਂ ਕਹਿਣਾ ਚਾਹਾਂਗਾ ਕਿ ਪਹਿਲਾਂ ਫਿਲਮ ਤਾਂ ਦੇਖ ਲਓ। ਫਿਲਮ ਦੇਖਣ ਤੋਂ ਬਾਅਦ ਇਸ ਬਾਰੇ ਗੱਲ ਕਰਨਾ। ਇਸ ਫਿਲਮ ਰਾਹੀਂ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਅੰਕਿਤਾ ਦਿਵੇਦੀ

ਇਹ ਇਕ ਵਿਸ਼ਾ ਆਧਾਰਤ ਫਿਲਮ ਹੈ, ਇਸ ਲਈ ਕਿਰਦਾਰਾਂ ਨੂੰ ਪਰਦੇ ’ਤੇ ਉਤਾਰਨਾ ਕਿੰਨਾ ਔਖਾ ਸੀ?
ਅਸੀਂ ਸਾਰਿਆਂ ਨੇ ਫਿਲਮ ’ਚ ਭੂਮਿਕਾਵਾਂ ਲਈ ਆਡੀਸ਼ਨ ਦਿੱਤੇ ਸੀ ਅਤੇ ਜਦੋਂ ਮੈਨੂੰ ਇਹ ਰੋਲ ਮਿਲਿਆ ਤਾਂ ਮੈਂ ਬਹੁਤ ਘਬਰਾਈ ਹੋਈ ਸੀ। ਇਹ ਕਿਰਦਾਰ ਮੇਰੇ ਲਈ ਕਾਫ਼ੀ ਚੁਣੌਤੀਪੂਰਨ ਸੀ। ਜਿਉਂ-ਜਿਉਂ ਮੈਂ ਰੁਖ਼ਸਾਰ ਦੀ ਭੂਮਿਕਾ ’ਚ ਖ਼ੁਦ ਨੂੰ ਢਾਲ ਰਹੀ ਸੀ ਤੇ ਉਸ ਦੀ ਜ਼ਿੰਦਗੀ ਬਾਰੇ ਜਾਣ ਰਹੀ ਸੀ ਤਾਂ ਕਈ ਵਾਰ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਉਸ ਦਾ ਸਫ਼ਰ ਇੰਨਾ ਦਰਦਨਾਕ ਸੀ ਕਿ ਅਦਾਕਾਰਾ ਵਜੋਂ ਮੈਂ ਆਪਣੇ-ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਅਜਿਹੀ ਚੁਣੌਤੀਪੂਰਨ ਭੂਮਿਕਾ ਮਿਲੀ। ਇਸ ਤੋਂ ਇਲਾਵਾ ਇਸ ਦੌਰਾਨ ਮੈਂ ਬਹੁਤ ਕੁਝ ਸਿੱਖਿਆ। ਮੇਰੇ ਅੰਦਰ ਬਹੁਤ ਬਦਲਾਅ ਆਇਆ ਹੈ। ਮੈਂ ਉਸ ਕਿਰਦਾਰ ’ਚ ਪੂਰੀ ਤਰ੍ਹਾਂ ਖੁੱਭ ਚੁੱਕੀ ਸੀ। ਇਸ ਫਿਲਮ ’ਚ ਕੰਮ ਕਰਨਾ ਬਹੁਤ ਵਧੀਆ ਅਨੁਭਵ ਰਿਹਾ। ਅੰਨੂ ਸਰ ਨਾਲ ਕੰਮ ਕਰ ਕੇ ਬਹੁਤ ਖ਼ੁਸ਼ ਹਾਂ।

ਅਦਿਤੀ ਭਟਪਹਿਰੀ

ਇਹ ਤੁਹਾਡੀ ਡੈਬਿਊ ਫਿਲਮ ਹੈ, ਕੀ ਤੁਹਾਨੂੰ ਕਦੇ ਅਜਿਹਾ ਲੱਗਾ ਕਿ ਮੈਂ ਅਜਿਹਾ ਨਹੀਂ ਕਰ ਸਕਾਂਗੀ?
ਇਕ ਵਾਰ ਤਾਂ ਮੈਂ ਡਰ ਗਈ ਸੀ ਪਰ ਫਿਲਮ ਨਿਰਦੇਸ਼ਕ ਨੇ ਮੈਨੂੰ ਕਿਹਾ ਕਿ ਤੁਸੀਂ ਕਰੋ, ਬਾਕੀ ਮੈਂ ਦੇਖ ਲਵਾਂਗਾ। ਜਦੋਂ ਕੋਈ ਹੋਰ ਤੁਹਾਡੇ ’ਤੇ ਭਰੋਸਾ ਦਿਖਾਉਂਦਾ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਵਧ ਜਾਂਦੀ ਹੈ। ਜਦੋਂ ਤੁਹਾਡੇ ਸਿਰ ’ਤੇ ਕਿਸੇ ਹੋਰ ਦਾ ਹੱਥ ਹੁੰਦਾ ਹੈ ਤਾਂ ਅਜਿਹਾ ਹੁੰਦਾ ਹੈ ਕਿ ਮੈਂ ਇਹ ਆਪਣੇ ਲਈ ਸ਼ਾਇਦ ਨਾ ਕਰਾਂ ਪਰ ਇਸ ਵਿਅਕਤੀ ਨੇ ਮੇਰੇ ’ਤੇ ਇੰਨਾ ਭਰੋਸਾ ਕੀਤਾ ਹੈ, ਮੈਂ ਇਸ ਭਰੋਸੇ ਨੂੰ ਤੋੜ ਨਹੀਂ ਸਕਦੀ। ਮੈਂ ਇਸ ਫਿਲਮ ’ਚ ਜ਼ਰੀਨ ਦਾ ਕਿਰਦਾਰ ਨਿਭਾਇਆ ਹੈ। ਮੈਂ ਇਸ ਕਿਰਦਾਰ ਨੂੰ ਅਸਲ ਜ਼ਿੰਦਗੀ ’ਚ ਵੀ ਮਹਿਸੂਸ ਕੀਤਾ ਹੈ। ਕੁੜੀ ਨੂੰ ਆਪਣੇ ਸੁਪਨਿਆਂ ਲਈ ਲੜਨਾ ਪੈਂਦਾ ਹੈ ਅਤੇ ਮੁੰਡਿਆਂ ਨਾਲੋਂ ਵੱਧ ਮਿਹਨਤ ਕਰਨੀ ਪੈਂਦੀ ਹੈ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਦਾ ਪਤਾ ਲੱਗਾ, ਜੋ ਅੱਜ ਵੀ ਦੇਸ਼ ’ਚ ਹੋ ਰਹੀਆਂ ਹਨ। ਮੈਨੂੰ ਮਾਣ ਹੈ ਕਿ ਅਸੀਂ ਅਸਲੀਅਤ ਦਿਖਾ ਰਹੇ ਹਾਂ। ਜੇ ਮੈਂ ਇਸ ਫਿਲਮ ਨਾਲ ਕਿਸੇ ਦੀ ਜ਼ਿੰਦਗੀ ਇਕ ਫ਼ੀਸਦੀ ਵੀ ਬਦਲ ਸਕੀ ਤਾਂ ਮੈਂ ਅਦਾਕਾਰਾ ਵਜੋਂ ਸੰਤੁਸ਼ਟ ਹਾਂ।

ਅਦਿਤੀ ਧੀਮਾਨ

ਤੁਹਾਨੂੰ ਇਹ ਰੋਲ ਕਿਵੇਂ ਮਿਲਿਆ?
ਇਸ ਲਈ ਮੇਰਾ ਆਡੀਸ਼ਨ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਮੇਰਾ ਕਿਰਦਾਰ ਕੁਝ ਅਜਿਹਾ ਹੈ, ਜੋ ਹਰ ਘਰ ਦੀ ਕਿਸੇ ਨਾ ਕਿਸੇ ਔਰਤ ਨਾਲ ਹੁੰਦਾ ਹੈ। ਇਹ ਭੂਮਿਕਾ ਮੇਰੇ ਲਈ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਮੈਨੂੰ ਇਸ ’ਚ ਕਮਜ਼ੋਰੀ ਅਤੇ ਤਾਕਤ ਦੋਵੇਂ ਦਿਖਾਉਣੀਆਂ ਸਨ। ਨਵੀਆਂ ਗੱਲਾਂ ਸਿੱਖਣ ਦਾ ਮੌਕਾ ਵੀ ਮਿਲਿਆ। ਖ਼ਾਸ ਕਰ ਕੇ ਜਦੋਂ ਮੈਂ ਸੋਚਦੀ ਹਾਂ ਕਿ ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਸਾਨੂੰ ਹਰ ਚੀਜ਼ ਦੀ ਆਜ਼ਾਦੀ ਹੈ ਪਰ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ, ਜੋ ਕਈ ਤਰ੍ਹਾਂ ਦੇ ਬੰਧਨਾਂ ’ਚ ਬੱਝੀਆਂ ਹੋਈਆਂ ਹਨ। ਉਨ੍ਹਾਂ ਸਾਰਿਆਂ ਦਾ ਦਰਦ ਸਮਝਣ ਦਾ ਮੌਕਾ ਮਿਲਿਆ। ਇਸ ਪੂਰੇ ਸਫ਼ਰ ’ਚ ਅੰਨੂ ਸਰ ਨੇ ਮੇਰੀ ਬਹੁਤ ਮਦਦ ਕੀਤੀ ਤੇ ਸਾਥ ਦਿੱਤਾ।

ਸ਼ਗੁਨ ਮਿਸ਼ਰਾ

ਫ਼ਿਲਮ ’ਚ ਤੁਸੀਂ ਜੋ ਕਿਰਦਾਰ ਨਿਭਾਅ ਰਹੇ ਹੋ, ਉਸ ਤੋਂ ਬਾਅਦ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?
ਮੈਂ ਆਪਣੇ-ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇੰਨੇ ਵੱਡੇ ਮੰਚ ’ਤੇ ਇਕ ਔਰਤ ਦੇ ਦਰਦ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ। ਇਕ ਔਰਤ ਹੋਣ ਦੇ ਨਾਤੇ ਮੈਂ ਕਿਸੇ ਹੋਰ ਔਰਤ ਦੇ ਦਰਦ ਨੂੰ ਬਿਆਨ ਕਰ ਸਕੀ। ਫਿਲਮ ਮੇਕਰਜ਼ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਕਿ ਮੈਂ ਔਰਤ ਦੇ ਦੁੱਖ-ਦਰਦ ਨੂੰ ਸਭ ਦੇ ਸਾਹਮਣੇ ਲਿਆ ਸਕਾਂ। ਮੈਂ ਅੰਨੂ ਸਰ ਦੀ ਧੀ ਬਣ ਕੇ ਅਜਿਹਾ ਕਰ ਸਕੀ ਹਾਂ, ਇਹ ਮੇਰੇ ਲਈ ਵੱਡੀ ਗੱਲ ਹੈ। ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਆਧਾਰਿਤ ਫਿਲਮ ਦਾ ਹਿੱਸਾ ਬਣ ਕੇ ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੀ ਹਾਂ।

ਬੀਰੇਂਦਰ ਭਗਤ
ਫਿਲਮ ਬਣਾਉਣ ਤੋਂ ਪਹਿਲਾਂ ਤੁਹਾਡੀ ਕੀ ਸੋਚ ਸੀ ਤੇ ਅਜਿਹਾ ਵਿਸ਼ਾ ਚੁਣਨ ਦਾ ਮਕਸਦ ਕੀ ਸੀ?

ਇਹ ਚੰਗਾ ਹੋਇਆ ਕਿ ਤੁਸੀਂ ਇਸ ਫਿਲਮ ਬਾਰੇ ਗੱਲ ਕੀਤੀ ਹੈ, ਨਹੀਂ ਤਾਂ ਹੁਣ ਤੱਕ ਸਾਨੂੰ ਸਿਰਫ਼ ਧਮਕੀਆਂ ਮਿਲ ਰਹੀਆਂ ਹਨ। ਇਹ ਇਕ ਮਾਂ ਤੇ ਉਸ ਦੇ 12 ਬੱਚਿਆਂ ਦੀ ਕਹਾਣੀ ਹੈ। ਇਹ ਅਜਿਹੇ ਦਰਦ ਦੀ ਕਹਾਣੀ ਹੈ, ਜਿਸ ਨੂੰ ਲੈ ਕੇ ਉਹ ਸੋਚਦੀ ਹੈ ਕਿ ਉਸ ਦਰਦ ਨੂੰ ਕਿੱਥੇ ਬਿਆਨ ਕਰੇ। ਫਿਲਮ ਇਕ ਮਾਧਿਅਮ ਹੈ, ਜਿਸ ਰਾਹੀਂ ਅਸੀਂ ਇਸ ਕਹਾਣੀ ਨੂੰ ਦਿਖਾ ਰਹੇ ਹਾਂ। ‘ਹਮਾਰੇ ਬਾਰਾਂ’ ਟਾਈਟਲ ਇਸ ਲਈ ਹੈ ਕਿਉਂਕਿ ਇਹ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜਿਸ ਦੇ 12 ਬੱਚੇ ਹਨ। ਇਕ ਦੁਖੀ ਮਾਂ ਹੈ, ਜੋ ਹਮੇਸ਼ਾ ਆਪਣੇ ਬੱਚਿਆਂ ਨਾਲ ਰੁੱਝੀ ਰਹਿੰਦੀ ਹੈ। ਉਸ ਮਾਂ ਦੀ ਨਿੱਜੀ ਜ਼ਿੰਦਗੀ ਬਚੀ ਹੀ ਨਹੀਂ। ਫਿਲਮ ਇਹ ਸੰਦੇਸ਼ ਦਿੰਦੀ ਹੈ ਕਿ ਦੇਸ਼ ਦਾ ਖੇਤਰਫਲ ਓਨਾ ਹੀ ਹੈ, ਆਬਾਦੀ ਜੇ ਵਧਦੀ ਜਾਵੇਗੀ ਤਾਂ ਕੀ ਹੋਵੇਗਾ। ਧਰਮ ਇਸ ਕਹਾਣੀ ਦਾ ਮੁੱਦਾ ਨਹੀਂ ਹੈ।


sunita

Content Editor

Related News