ਦਿੱਲੀ ਪੁਲਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦੀਪ ਸਿੱਧੂ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ

Tuesday, Apr 13, 2021 - 12:19 PM (IST)

ਨਵੀਂ ਦਿੱਲੀ (ਬਿਊਰੋ) : ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਬਾਰੇ ਫ਼ੈਸਲਾ ਹੁਣ ਵੀਰਵਾਰ ਨੂੰ ਹੋਵੇਗਾ। ਸੋਮਵਾਰ ਨੂੰ ਅਦਾਲਤ ਨੇ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਹੈ। ਸੁਣਵਾਈ ਮਗਰੋਂ ਵਿਸ਼ੇਸ਼ ਜੱਜ ਨੀਲੋਫਰ ਆਬਿਦਾ ਪ੍ਰਵੀਨ ਨੇ ਕਿਹਾ ਕਿ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ 15 ਅਪ੍ਰੈਲ ਨੂੰ ਸੁਣਾਇਆ ਜਾਵੇਗਾ। ਇਸ ਮੌਕੇ ਦੀਪ ਸਿੱਧੂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਲਾਲ ਕਿਲੇ 'ਤੇ ਸਿਰਫ਼ ਮੌਜੂਦਗੀ ਨਾਲ ਹੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਹਿੰਸਾ ਕਰਨ ਵਾਲੇ ਲੋਕਾਂ ਨਾਲ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਇਮਾਨਦਾਰ ਨਾਗਰਿਕ ਹੈ ਅਤੇ ਉਹ ਸਿਰਫ਼ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਦੀਪ ਸਿੱਧੂ ਨੂੰ ਲਾਲ ਕਿਲੇ 'ਤੇ ਹਿੰਸਾ ਲਈ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੂਜੇ ਪਾਸੇ ਦਿੱਲੀ ਪੁਲਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਦੀਪ ਸਿੱਧੂ ਨੇ ਹਿੰਸਾ ਭੜਕਾਉਣ ਅਤੇ ਕੌਮੀ ਝੰਡੇ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਉਹ ਲਾਲ ਕਿਲੇ 'ਤੇ ਭੀੜ ਇਕੱਠੀ ਕਰਨ ਦਾ ਮੁੱਖ ਸਾਜ਼ਿਸ਼ਘਾੜਾ ਹੈ। ਸਰਕਾਰੀ ਵਕੀਲ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਉਹ ਸਬੂਤਾਂ ਨੂੰ ਨਸ਼ਟ ਕਰ ਦੇਵੇਗਾ ਕਿਉਂਕਿ ਜਦੋਂ ਉਸ ਨੂੰ ਫੜ੍ਹਿਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਹੀ ਉਹ ਦੋ ਫੋਨ ਨਸ਼ਟ ਕਰ ਚੁੱਕਾ ਸੀ।

ਉਸ ਨੇ ਦੀਪ ਸਿੱਧੂ ਵੱਲੋਂ ਮੀਡੀਆ ਨੂੰ 25 ਜਨਵਰੀ ਨੂੰ ਦਿੱਤੇ ਗਏ ਇੰਟਰਵਿਊ ਦਾ ਹਵਾਲਾ ਵੀ ਦਿੱਤਾ ਤੇ ਦਾਅਵਾ ਕੀਤਾ ਕਿ ਉਸ ਨੇ ਇੱਕ ਹੋਰ ਇੰਟਰਵਿਊ 'ਚ ਕਬੂਲ ਕੀਤਾ ਹੈ ਕਿ ਉਸ ਨੇ ਬੈਰੀਕੇਡ ਤੋੜੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਦੀਪ ਸਿੱਧੂ ਦੀ ਹਾਜ਼ਰੀ 'ਚ ਕੌਮੀ ਝੰਡੇ ਦਾ ਅਪਮਾਨ ਕੀਤਾ ਗਿਆ ਤੇ ਉਸ ਨੇ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਸਰਕਾਰੀ ਵਕੀਲ ਨੇ ਕਿਹਾ ਕਿ ਉਸ ਨੇ ਜਾਣਬੁੱਝ ਕੇ ਰੂਟ ਦਾ ਪਾਲਣ ਨਹੀਂ ਕੀਤਾ ਤਾਂ ਜੋ ਮੁਲਕ ਦੀ ਬਦਨਾਮੀ ਕੀਤੀ ਜਾ ਸਕੇ। 
ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ 144 ਪੁਲਸ ਕਰਮੀਆਂ ਨੂੰ ਸੱਟਾਂ ਲੱਗੀਆਂ। ਜਾਂਚ ਅਧਿਕਾਰੀ ਨੇ ਕਿਹਾ ਕਿ ਦੀਪ ਸਿੱਧੂ ਫਰਾਰ ਸੀ ਅਤੇ ਉਸ 'ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਉਸ ਦੀ ਭੂਮਿਕਾ ਹੋਰਾਂ ਨਾਲੋਂ ਵੱਖਰੀ ਸੀ ਤੇ ਜ਼ਮਾਨਤ 'ਤੇ ਛੱਡੇ ਗਏ ਲੋਕਾਂ ਨਾਲ ਉਸ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ। ਦੀਪ ਸਿੱਧੂ ਦੇ ਵਕੀਲ ਨੇ ਪੁਲਸ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਪ੍ਰਦਰਸ਼ਨ ਦੌਰਾਨ ਏਕਤਾ ਦੀ ਗੱਲ ਕਰ ਰਿਹਾ ਸੀ ਤੇ ਕਿਸਾਨ ਆਗੂਆਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਆਖ ਰਿਹਾ ਸੀ। ਉਨ੍ਹਾਂ ਕਿਹਾ ਕਿ ਧਾਰਮਿਕ ਜੈਕਾਰੇ ਕਿਵੇਂ ਹਿੰਸਾ ਭੜਕਾ ਸਕਦੇ ਹਨ।


sunita

Content Editor

Related News