ਖੇਤਾਂ 'ਚ ਚੁਗਿਆ ਨਰਮਾ, ਰਾਤਾਂ ਨੂੰ ਕੀਤੀ ਨਾਟਕਾਂ ਦੀ ਰਿਹਰਸਲ, ਅੱਜ ਇਹ 'ਬੇਬੇ' ਬਣੀ ਵੱਡੀ ਫ਼ਿਲਮ ਦਾ ਹਿੱਸਾ

Thursday, Feb 27, 2025 - 12:31 PM (IST)

ਖੇਤਾਂ 'ਚ ਚੁਗਿਆ ਨਰਮਾ, ਰਾਤਾਂ ਨੂੰ ਕੀਤੀ ਨਾਟਕਾਂ ਦੀ ਰਿਹਰਸਲ, ਅੱਜ ਇਹ 'ਬੇਬੇ' ਬਣੀ ਵੱਡੀ ਫ਼ਿਲਮ ਦਾ ਹਿੱਸਾ

ਚੰਡੀਗੜ੍ਹ : ਕਲਾ ਵਗਦੇ ਅਤੇ ਛੂਕਦੇ ਰਹਿਣ ਵਾਲੇ ਉਨ੍ਹਾਂ ਦਰਿਆਵਾਂ ਵਾਂਗ ਹੁੰਦੀ ਹੈ, ਜੋ ਲੱਖਾਂ ਵਾ-ਵਰੋਲਿਆਂ ਦਰਮਿਆਨ ਵੀ ਆਪਣੇ ਵਜ਼ੂਦ ਨੂੰ ਕਦੇ ਦਫ਼ਨ ਨਹੀਂ ਹੋਣ ਦਿੰਦੇ। ਕੁਝ ਅਜਿਹੇ ਹੀ ਹਾਲਾਤਾਂ ਨੂੰ ਪ੍ਰਤੀਬਿੰਬ ਕਰ ਰਹੀ ਹੈ, ਪਾਲੀਵੁੱਡ ਦੀ ਦਿੱਗਜ ਅਦਾਕਾਰਾ ਧਰਮਿੰਦਰ ਕੌਰ ਮਾਨ, ਜਿੰਨ੍ਹਾਂ ਨੇ ਮਾਲਵਾ ਦੇ ਇੱਕ ਨਿੱਕੇ ਜਿਹੇ ਹਿੱਸੇ ਅਤੇ ਰੂੜੀਵਾਦੀ ਮਾਹੌਲ ਵਿੱਚੋਂ ਉੱਠ ਕੇ ਅੱਜ ਦੁਨੀਆ ਭਰ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਦਾ ਮਾਣ ਹਾਸਲ ਕਰ ਲਿਆ ਹੈ। ਅਦਾਕਾਰਾ ਖੁਦ ਦੱਸਦੀ ਹੈ ਕਿ ਉਹ ਸੰਘਰਸ਼ ਦੇ ਸਮੇਂ ਦਿਨੇ ਨਰਮਾ ਚੁਗਦੀ ਸੀ ਅਤੇ ਰਾਤ ਨੂੰ ਨਾਟਕ ਦੀ ਰਿਹਰਸਲ ਕਰਨ ਜਾਂਦੀ ਹੁੰਦੀ ਸੀ।

ਇਹ ਵੀ ਪੜ੍ਹੋ-  ਧੀ ਤੋਂ ਛੋਟੀ ਉਮਰ ਦੀ ਅਦਾਕਾਰਾ ਨਾਲ ਗੋਵਿੰਦਾ ਦਾ ਅਫੇਅਰ!

ਪਾਲੀਵੁੱਡ ਦੀਆਂ ਬੇਸ਼ੁਮਾਰ ਵੱਡੀਆਂ ਸਫ਼ਲ ਅਤੇ ਮਲਟੀ ਸਟਾਰਰ ਫ਼ਿਲਮਾਂ ਵਿੱਚ ਪ੍ਰਭਾਵੀ ਭੂਮਿਕਾਵਾਂ ਨਿਭਾ ਚੁੱਕੀ ਹੈ ਇਹ ਬਿਹਤਰੀਨ ਅਦਾਕਾਰਾ, ਜਿੰਨ੍ਹਾਂ ਨੂੰ ਹਾਲ ਹੀ ਵਿੱਚ ਪੰਜਾਬ ਵਿੱਚ ਵੀ ਸ਼ੂਟ ਕੀਤੀ ਗਈ ਅਤੇ 'ਅਜੇ ਦੇਵਗਨ ਹੋਮ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਬਹੁ-ਚਰਚਿਤ ਹਿੰਦੀ ਸੀਕਵਲ ਫ਼ਿਲਮ 'ਸੰਨ ਆਫ਼ ਸਰਦਾਰ 2' ਦਾ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ। ਮਲਵਈ ਜ਼ਿਲ੍ਹੇ ਮਾਨਸਾ ਨਾਲ ਸੰਬੰਧਤ ਅਦਾਕਾਰਾ ਨੇ ਆਪਣੇ ਫਿਲਮੀ ਪੈਂਡੇ ਦਾ ਆਗਾਜ਼ ਸਾਲ 2011 ਵਿੱਚ ਆਈ ਅਤੇ ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਉੱਘੇ ਨਾਵਲਕਾਰ ਰਹੇ ਮਰਹੂਮ ਗੁਰਦਿਆਲ ਸਿੰਘ ਦੀ ਲਿਖੀ ਕਹਾਣੀ ਆਧਾਰਿਤ ਨੈਸ਼ਨਲ ਐਵਾਰਡ ਵਿਨਿੰਗ ਪੰਜਾਬੀ ਫ਼ਿਲਮ 'ਅੰਨੇ ਘੋੜੇ ਦਾ ਦਾਨ' ਨਾਲ ਕੀਤਾ, ਜਿਸ ਨੇ ਇਸ ਖਿੱਤੇ ਵਿੱਚ ਉਨ੍ਹਾਂ ਦੇ ਕੁਝ ਕਰ ਗੁਜ਼ਰਨ ਦੇ ਵੇਖੇ ਸੁਫ਼ਨਿਆਂ ਨੂੰ ਤਾਬੀਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...

ਰੰਗਮੰਚ ਦੀ ਦੁਨੀਆ ਦੇ ਬਾਬਾ ਬੋਹੜ ਮੰਨੇ ਜਾਂਦੇ ਰਹੇ ਸਵਰਗੀ ਅਜਮੇਰ ਸਿੰਘ ਔਲਖ ਨਾਲ ਬਤੌਰ ਰੰਗਕਰਮੀ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਧਰਮਿੰਦਰ ਕੌਰ ਮਾਨ ਬੇਸ਼ੁਮਾਰ ਮਕਬੂਲ ਨਾਟਕਾਂ ਵਿੱਚ ਆਪਣੀ ਕਲਾ ਦਾ ਪ੍ਰਗਟਾਵਾ ਕਰਵਾ ਚੁੱਕੀ ਹੈ। ਇਸ ਵਿੱਚ 'ਸੱਸ ਚੰਦਰੀ ਦਾ ਭੂਤ', 'ਅੱਧ ਚਾਨਣੀ ਰਾਤ', 'ਬਿਗਾਨੇ ਬੋਹੜ ਦੀ ਛਾਂ', 'ਕੇਹਰ ਸਿੰਘ ਦੀ ਮੌਤ', 'ਗਾਨੀ' ਅਤੇ 'ਇੱਕ ਸੀ ਦਰਿਆ' ਆਦਿ ਸ਼ੁਮਾਰ ਰਹੇ ਹਨ।

ਇਹ ਵੀ ਪੜ੍ਹੋ- ਤਲਾਕ ਮਗਰੋਂ ਸ਼ਿਖਰ ਧਵਨ ਨੂੰ ਮਿਲਿਆ ਨਵਾਂ ਪਿਆਰ, ਇੰਸਟਾ 'ਤੇ ਕੀਤਾ ਫਾਲੋ

ਸਾਲ 2014 ਵਿੱਚ ਰਿਲੀਜ਼ ਹੋਈ ਅਤੇ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਲਘੂ ਫਿਲਮ 'ਸੁੱਤਾ ਨਾਗ' ਨਾਲ ਪੰਜਾਬੀ ਫ਼ਿਲਮ ਉਦਯੋਗ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵਧੀ ਇਸ ਸ਼ਾਨਦਾਰ ਅਦਾਕਾਰਾ ਵੱਲੋਂ ਹੁਣ ਤੱਕ ਕੀਤੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਹਾਣੀ', 'ਸੁਫਨਾਂ', 'ਲੇਖ', 'ਮੋਹ' ਅਤੇ 'ਜੱਟ ਐਂਡ ਜੂਲੀਅਟ 3' ਆਦਿ ਸ਼ਾਮਿਲ ਰਹੀਆਂ ਹਨ। ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ 'ਹੁਸ਼ਿਆਰ ਸਿੰਘ' (ਅਪਣਾ ਅਰਸਤੂ) ਦਾ ਵੀ ਖਾਸ ਹਿੱਸਾ ਰਹੀ ਹੈ ਇਹ ਉਮਦਾ ਅਦਾਕਾਰਾ, ਜਿੰਨ੍ਹਾਂ ਦੀਆਂ ਆਗਾਮੀ ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਜਗਦੀਪ ਸਿੱਧੂ ਵੱਲੋਂ ਲਿਖੀ ਪੰਜਾਬੀ ਫ਼ਿਲਮ 'ਫੱਫੇ ਕੁੱਟਣੀਆਂ' ਤੋਂ ਇਲਾਵਾ 'ਗੋਡੇ ਗੋਡੇ ਚਾਅ 2' ਵੀ ਸ਼ੁਮਾਰ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News