‘ਦਿ ਕੇਰਲ ਸਟੋਰੀ’ ਕੁਝ ਅੱਗੇ ਦੀ ਕਹਾਣੀ ਵੀ ਹੈ

Monday, May 08, 2023 - 02:36 PM (IST)

ਮੁੰਬਈ (ਬਿਊਰੋ)– ਫ਼ਿਲਮ ਹੁਣ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੈ। ਉਹ ਹੋਰ ਵੀ ਬਹੁਤ ਕੁਝ ਕਹਿੰਦੀ ਹੈ, ਜਿਸ ਦਾ ਇਕ ਪੱਖ ਵੀ ਹੋ ਸਕਦਾ ਹੈ। ਅਜਿਹਾ ਪੱਖ ਜੋ ਕੁਝ ਨੂੰ ਰਾਸ ਨਾ ਆਵੇ। ਇਸ ਲਈ ਫ਼ਿਲਮ ’ਤੇ ਵਿਵਾਦ ਹੁੰਦਾ ਹੈ। ਪਿਛਲੇ ਸਾਲ ਵਿਵਾਦਾਂ ’ਚ ਆਈ ‘ਦਿ ਕਸ਼ਮੀਰ ਫਾਈਲਸ’ ਤੋਂ ਬਾਅਦ ਬੀਤੇ ਹਫ਼ਤੇ ‘ਦਿ ਕੇਰਲ ਸਟੋਰੀ’ ਆਈ। ਫ਼ਿਲਮ ਦਾ ਧਰਮ ਪਰਿਵਰਤਨ ਇਕ ਵਿਸ਼ਾ ਹੈ ਤੇ ਦੂਜਾ ਆਈ. ਐੱਸ. ਆਈ. ਐੱਸ. ਦੇ ਮੰਤਵ ਦੇ ਕੰਮ ਆਉਣ ਤੇ ਔਰਤਾਂ ਨੂੰ ਸੀਰੀਆ ਤੇ ਅਫ਼ਗਾਨਿਸਤਾਨ ਭੇਜੇ ਜਾਣ ਦਾ।

ਕੇਰਲ ਤੋਂ ਸੀਰੀਆ ਭੇਜੇ ਜਾਣ ਦੇ ਮਾਮਲੇ ਕਈ ਹਨ। ਉਂਝ ਤਾਂ ਧਰਮ ਤਬਦੀਲੀ ਪੂਰੇ ਦੇਸ਼ ’ਚ ਹੈ ਪਰ ਕੇਰਲ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸਮੇਤ ਦੱਖਣੀ ਸੂਬਿਆਂ ’ਚ ਇਹ ਵਧੇਰੇ ਹੈ। ਕੇਰਲ ਦਾ ਆਈ. ਐੱਸ. ਆਈ. ਐੱਸ. ਕਨੈਕਟ ਤਾਂ ਵੱਖਰਾ ਹੈ। ਇਸ ਨੂੰ ਸਮਝਣ ਲਈ ਕੇਰਲ ਦੇ ਸਮਾਜਿਕ ਢਾਂਚੇ ਨੂੰ ਵੀ ਸਮਝਣਾ ਹੋਵੇਗਾ।

ਸਾਲ 2017 ’ਚ ਅਮਰੀਕਾ ਨੇ ਜਦੋਂ ਆਈ. ਐੱਸ. ਆਈ. ਐੱਸ. ਦੇ ਗੜ੍ਹ ਖੁਰਾਸਾਨ ਸੂਬੇ ’ਤੇ ਇਸ ਅੱਤਵਾਦੀ ਸੰਗਠਨ ਨੂੰ ਨਿਸ਼ਾਨਾ ਬਣਾਉਂਦਿਆਂ ਮਦਰ ਆਫ ਬੰਬ, ਜੀ. ਯੂ. ਬੀ.-46-ਬੀ ਨੂੰ ਡੇਗਿਆ ਸੀ ਤਾਂ ਜਿਹੜੇ ਵਿਅਕਤੀ ਮਾਰੇ ਗਏ ਸਨ, ਉਨ੍ਹਾਂ ’ਚ 13 ਭਾਰਤੀ ਵੀ ਸਨ। ਇਨ੍ਹਾਂ ’ਚੋਂ ਕਈ ਕੇਰਲ ਦੇ ਸਨ। ਮਰਨ ਵਾਲਿਆਂ ’ਚ ਇਕ ਡਾਕਟਰ, ਇਕ ਸਕੂਲ ਮੁਲਾਜ਼ਮ, ਦੋ ਸਾਲ ਦਾ ਇਕ ਬੱਚਾ ਤੇ ਕਈ ਗਰਭਵਤੀ ਔਰਤਾਂ ਸ਼ਾਮਲ ਸਨ।

ਕੇਰਲ ਦੇ ਕਨੂੰਰ ’ਚ ਉਨ੍ਹਾਂ ਦਿਨਾਂ ’ਚ ਅਬਦੁਲ ਰਸ਼ੀਦ ਅਬਦੁਲਾ ਇਕ ਉਪਦੇਸ਼ਕ ਵਜੋਂ ਸਰਗਰਮ ਸੀ। ਉਹ ਭਾਈਚਾਰੇ ਦੇ ਲੋਕਾਂ ਨੂੰ ਕੱਟੜਪੰਥੀ ਬਣਾ ਕੇ ਉਨ੍ਹਾਂ ਨੂੰ ਅਫਗਾਨਿਸਤਾਨ ’ਚ ਇਸਲਾਮਿਕ ਸਟੇਟ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦਾ ਸੀ। ਅਬਦੁਲ ਖ਼ੁਦ ਇਕ ਇੰਜੀਨੀਅਰ ਸੀ ਤੇ ਆਪਣੀ ਨੌਕਰੀ ਛੱਡ ਕੇ ਆਈ. ਐੱਸ. ਆਈ. ਐੱਸ. ਲਈ ਕੰਮ ਕਰਨ ਲੱਗਾ ਸੀ। ਉਸ ਨੇ 2014 ’ਚ ਨਰਿੰਦਰ ਮੋਦੀ ਵਜੋਂ ਹਿੰਦੂਤਵ ਦੀ ਜਿੱਤ ਨੂੰ ਆਪਣੇ ਭਾਈਚਾਰੇ ਨੂੰ ਗੁੰਮਰਾਹ ਕਰਨ ਲਈ ਮੋਹਰਾ ਬਣਾਇਆ।

ਹੁਣ ਥੋੜ੍ਹਾ ਹੋਰ ਪਿੱਛੇ ਚੱਲਦੇ ਹਾਂ, ਜਿਥੋਂ ਸੁਦਿਪਤੋ ਸੇਨ ਦੀ ਫ਼ਿਲਮ ‘ਦਿ ਕੇਰਲ ਸਟੋਰੀ’ ਆਪਣੀ ਲਾਈਨ ਫੜਦੀ ਹੈ। 24 ਜੁਲਾਈ, 2010 ਨੂੰ ਨਵੀਂ ਦਿੱਲੀ ’ਚ ਇਕ ਪੱਤਰਕਾਰ ਸੰਮੇਲਨ ’ਚ ਕੇਰਲ ਦੇ ਕਮਿਊਨਿਸਟ ਨੇਤਾ ਤੇ ਸਾਬਕਾ ਮੁੱਖ ਮੰਤਰੀ ਵੀ. ਐੱਚ. ਅਚੁਤਾਨੰਦਨ ਇਕ ਬਿਆਨ ਦਿੰਦੇ ਹਨ। ਉਹ ਸੂਬੇ ’ਚ ਪੀ. ਐੱਫ. ਆਈ. ਦੀਆਂ ਸਰਗਰਮੀਆਂ ਨੂੰ ਇਕ ਚਿਤਾਵਨੀ ਦੱਸਦਿਆਂ ਕਹਿੰਦੇ ਹਨ ਕਿ ਇਸ ਸੰਗਠਨ ਦਾ ਮੰਤਵ ਅਗਲੇ 20 ਸਾਲਾਂ ’ਚ ਕੇਰਲ ਨੂੰ ਮੁਸਲਿਮ ਬਹੁਗਿਣਤੀ ਖ਼ੇਤਰ ’ਚ ਬਦਲ ਦੇਣਾ ਹੈ। ‘ਦਿ ਕੇਰਲ ਸਟੋਰੀ’ ਜਿਸ ਨੂੰ ਇਕ ਸੱਚੀ ਕਥਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਸੈਂਸਰ ਬੋਰਡ ਨੇ ‘ਏ’ ਸਰਟੀਫਿਕੇਟ ਦਿੱਤਾ ਹੈ, ਦੇ ਆਉਣ ਤੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਕੇਰਲ ’ਚ 32,000 ਔਰਤਾਂ ਨੂੰ ਇਸਲਾਮ ’ਚ ਤਬਦੀਲ ਕਰਕੇ ਦੇਸ਼ ਤੋਂ ਬਾਹਰ ਭੇਜਿਆ ਗਿਆ ਹੈ। ਧਰਮ ਤਬਦੀਲੀ ਦੇ ਕੁਝ ਅੰਕੜੇ 2012 ’ਚ ਕੇਰਲ ਵਿਧਾਨ ਸਭਾ ’ਚ ਇਕ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ ਨੇ ਹਾਊਸ ’ਚ ਰੱਖੇ ਸਨ।

ਹਾਊਸ ’ਚ ਉਨ੍ਹਾਂ ਬਿਆਨ ਦਿੱਤਾ ਸੀ ਕਿ ਸਾਲ 2006-12 ਦਰਮਿਆਨ ਕੇਰਲ ’ਚ 2667 ਔਰਤਾਂ ਦਾ ਧਰਮ ਤਬਦੀਲ ਕੀਤਾ ਗਿਆ, ਭਾਵ ਇਹ ਕਿ ਉਸ ਵੇਲੇ ਦੇ ਮੁੱਖ ਮੰਤਰੀ ਵੀ ਮੰਨ ਰਹੇ ਸਨ ਕਿ ਔਰਤਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਹੈ। ਫ਼ਿਲਮ ਦੱਸਦੀ ਹੈ ਕਿ ਯੋਜਨਾਬੱਧ ਢੰਗ ਨਾਲ ਦੂਜੇ ਧਰਮ ਦੀਆਂ ਕੁੜੀਆਂ ਨਾਲ ਨੇੜਤਾ ਵਧਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

ਇਸ ਲਈ ਇਸਲਾਮ ਕਬੂਲ ਕਰਨ ਲਈ ਉਨ੍ਹਾਂ ਨੂੰ ਤਿਆਰ ਕੀਤਾ ਜਾਂਦਾ ਹੈ। ਫ਼ਿਲਮ ਦੇ ਨਿਰਦੇਸ਼ਕ ਸੁਦਿਪਤੋ ਦਾ ਦਾਅਵਾ ਹੈ ਕਿ ਕੁਝ ਲੋਕ ਸਿਰਫ ਫ਼ਿਲਮ ਦਾ ਇਸ ਲਈ ਵਿਰੋਧ ਕਰ ਰਹੇ ਹਨ ਤਾਂ ਜੋ ਅਸਲ ਕਹਾਣੀ ਬਾਹਰ ਨਾ ਆ ਸਕੇ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਫ਼ਿਲਮ ਲਈ 7 ਸਾਲ ਤੱਕ ਖੋਜ ਕੀਤੀ ਗਈ। ਇਕ ਹਫਤਾ ਪਹਿਲਾਂ ਇਸ ਫ਼ਿਲਮ ਨੂੰ ਜੇ. ਐੱਨ. ਯੂ. ’ਚ ਵੀ ਵਿਖਾਇਆ ਗਿਆ। 2-3 ਦਿਨ ਤੋਂ ਕਰਨਾਟਕ ਦੇ ਚੋਣ ਪ੍ਰਚਾਰ ’ਚ ਵੀ ਇਸ ਦੀ ਬਹੁਤ ਚਰਚਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਦਾ ਰੈਲੀਆਂ ’ਚ ਜ਼ਿਕਰ ਕਰ ਰਹੇ ਹਨ। ਫ਼ਿਲਮ ਦਾ ਵਿਰੋਧ ਕਾਂਗਰਸ ਨੇ ਕੀਤਾ ਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਅਦਾਲਤ ਨੇ ਵੀ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਫ਼ਿਲਮ ਸੈਂਸਰ ਬੋਰਡ ਵਲੋਂ ਪਾਸ ਹੋ ਚੁੱਕੀ ਹੈ, ਇਸ ਲਈ ਇਸ ’ਤੇ ਰੋਕ ਲਾਉਣ ਦੀ ਕੋਈ ਤੁੱਕ ਨਹੀਂ ਬਣਦੀ। ਮੇਰਠ ’ਚ ਅੱਜ ਤੋਂ 20 ਸਾਲ ਪਹਿਲਾਂ ਮੈਂ ਅਜਿਹੇ ਹਾਲਾਤ ਵੇਖੇ ਹਨ, ਜਦੋਂ ਕੁੜੀਆਂ ਦੇ ਸਕੂਲਾਂ ਤੇ ਕਾਲਜਾਂ ਦੇ ਅੱਗੇ ਆਪਣਾ ਨਾਂ ਗੁੱਡੂ, ਬਬਲੂ ਦੱਸਣ ਵਾਲੇ ਮੁੰਡੇ ਖੜ੍ਹੇ ਰਹਿੰਦੇ ਸਨ। ਮਹਿੰਗੀ ਬਾਈਕ, ਗਲੇ ’ਚ ਸੋਨੇ ਦੀ ਭਾਰੀ ਚੇਨ ਤੇ ਬਹੁਤ ਵਧੀਆ ਰੁਤਬਾ ਵਿਖਾਉਂਦੇ ਹੋਏ ਇਹ ਮੁੰਡੇ ਆਪਣੇ ਆਪ ਨੂੰ ਕਿਸੇ ਫ਼ਿਲਮੀ ਹੀਰੋ ਤੋਂ ਘੱਟ ਨਹੀਂ ਸਮਝਦੇ ਸਨ। ਉਨ੍ਹਾਂ ਦਾ ਪਹਿਲਾ ਮੰਤਵ ਉਹ ਕੁੜੀਆਂ ਹੁੰਦੀਆਂ ਸਨ, ਜੋ ਛੋਟੇ ਕਸਬਿਆਂ ਜਾਂ ਪਿੰਡਾਂ ਤੋਂ ਆਉਂਦੀਆਂ ਸਨ।

ਤੈਅ ਹੈ ਕਿ ਇਨ੍ਹਾਂ ਕੁੜੀਆਂ ਨੂੰ ਪੈਸੇ ਦੇ ਪ੍ਰਦਰਸ਼ਨ ਨਾਲ ਫਸਾ ਕੇ ਘੁਮਾਉਣਾ ਸੌਖਾ ਹੁੰਦਾ ਸੀ ਤੇ ਉਹ ਆਪਣੀਆਂ ਸੈਕਸ ਇੱਛਾਵਾਂ ਨੂੰ ਪੂਰਾ ਕਰਨ ’ਚ ਸਮਰੱਥ ਹੋ ਜਾਂਦੇ ਸਨ। ਇਸ ਦਾ ਦੂਜਾ ਪੜਾਅ ਉਦੋਂ ਸ਼ੁਰੂ ਹੁੰਦਾ ਸੀ, ਜਦੋਂ ਕੁੜੀ ਵਿਆਹ ਲਈ ਕਹਿੰਦੀ ਸੀ ਤਾਂ ਉਸ ’ਤੇ ਧਰਮ ਤਬਦੀਲੀ ਦਾ ਦਬਾਅ ਬਣਾਇਆ ਜਾਂਦਾ ਸੀ। ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਚਾਰਾ ਵੀ ਨਹੀਂ ਹੁੰਦਾ ਸੀ।

ਇਹੀ ਹਾਲ ਹੋਰਨਾਂ ਸੂਬਿਆਂ ’ਚ ਵੀ ਹੈ, ਜਿਥੇ ਭਾਈਚਾਰਿਆਂ ’ਚ ਆਰਥਿਕ ਫਰਕ ਹੈ। ਹੈਦਰਾਬਾਦ, ਕਰਨਾਟਕ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਉੱਤਰ ਪੂਰਬ ਆਦਿ ਸਭ ਥਾਵਾਂ ’ਤੇ ਤੁਹਾਨੂੰ ਅਜਿਹੀਆਂ ਉਦਾਹਰਣਾਂ ਮਿਲ ਜਾਣਗੀਆਂ। ਖ਼ਬਰਾਂ ਦਾ ਅਜਿਹਾ ਭੰਡਾਰ ਮਿਲ ਜਾਵੇਗਾ। ਹੈਦਰਾਬਾਦ ਤਾਂ ਅਜਿਹੀਆਂ ਘਟਨਾਵਾਂ ਦਾ ਕੇਂਦਰ ਰਿਹਾ ਹੈ, ਜਿਥੋਂ ਅਰਬ ਦੇਸ਼ਾਂ ਦੇ ਰਈਸਾਂ ਨਾਲ ਅਜਿਹੀਆਂ ਕੁੜੀਆਂ ਦਾ ਵਿਆਹ ਕੀਤਾ ਜਾਂਦਾ ਹੈ।

ਇਸ ਲਈ ਜੋ ਇਸ ਫ਼ਿਲਮ ਦਾ ਤੱਥ ਤੇ ਅੰਕੜਿਆਂ ਨੂੰ ਹੀ ਮੁੱਦਾ ਬਣਾ ਰਹੇ ਹਨ, ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੇ ਕੋਈ ਇਕ ਘਟਨਾ ਵੀ ਸਹੀ ਹੈ ਤਾਂ ਕਿ ਉਹ ਫ਼ਿਲਮ ਦੀ ਕਹਾਣੀ ਨਹੀਂ ਹੋ ਸਕਦੀ? ਜਿਹੜੇ ਲੋਕ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ, ਮੰਨਿਆ ਜਾ ਸਕਦਾ ਹੈ ਕਿ ਉਹ ਧੋਖਾ ਦੇ ਕੇ ਪਿਆਰ ਤੇ ਫਿਰ ਧਰਮ ਤਬਦੀਲੀ ਲਈ ਮਜਬੂਰ ਕਰਨ ਦੇ ਰੁਝਾਨ ਦੇ ਵਿਰੋਧ ’ਚ ਹਨ। ਮੇਰਾ ਮੰਨਣਾ ਹੈ ਕਿ ਇਹ ਸਿਰਫ ਹਿੰਦੂ-ਮੁਸਲਿਮ ਮਾਮਲਾ ਨਹੀਂ ਹੈ।

ਸਭ ਧਰਮਾਂ ਦੀਆਂ ਕੱਚੀ ਸਮਝ ਵਾਲੀਆਂ ਕੁੜੀਆਂ ਅਜਿਹੇ ਮਾੜੇ ਚੱਕਰ ’ਚ ਫਸ ਸਕਦੀਆਂ ਹਨ। ਚੌਕਸੀ ਲਈ ਨਜ਼ਰ ਰੱਖਣੀ ਜ਼ਰੂਰੀ ਹੈ ਤੇ ਜੇ ਅਜਿਹਾ ਹੋ ਰਿਹਾ ਹੈ ਤਾਂ ਕਾਨੂੰਨੀ ਪੱਖੋਂ ਵੱਧ ਸਮਾਜਿਕ ਤੌਰ ’ਤੇ ਚੌਕਸੀ ਦੇ ਵਿਆਪਕ ਦ੍ਰਿਸ਼ਟੀਕੋਣ ਦੀ ਲੋੜ ਹੈ।

ਨੋਟ– ‘ਦਿ ਕੇਰਲ ਸਟੋਰੀ’ ਫ਼ਿਲਮ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News