15 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਜੋਤੀ ਨੂਰਾਂ ਤੇ ਵਿਕਰਮ ਸਾਹਨੀ ਦਾ ਪੰਜਾਬੀ ਗੀਤ ‘ਤੇਰੇ ਇਸ਼ਕ’ (ਵੀਡੀਓ)

Friday, Feb 25, 2022 - 06:49 PM (IST)

ਚੰਡੀਗੜ੍ਹ (ਬਿਊਰੋ)– ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਬਾਲੀਵੁੱਡ ਤੇ ਪਾਲੀਵੁੱਡ ਗਾਇਕਾ ਜੋਤੀ ਨੂਰਾਂ ਦਾ ਨਵਾਂ ਗੀਤ ‘ਤੇਰੇ ਇਸ਼ਕ’ ਲੋਕਾਂ ਦੀ ਕਚਹਿਰੀ ’ਚ 11 ਫਰਵਰੀ ਨੂੰ ਰਿਲੀਜ਼ ਹੋਇਆ ਸੀ। ਇਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਰੋਮੀ ਬੈਂਸ ਤੇ ਟ੍ਰੈਡੀਸ਼ਨਲ ਬੋਲ ਬਾਬਾ ਬੁੱਲ੍ਹੇ ਸ਼ਾਹ ਵਲੋਂ ਲਿਖੇ ਗਏ ਹਨ। ਗੀਤ ਦੀ ਆਵਾਜ਼ ਜੀਤੂ ਗਾਬਾ ਦੁਆਰਾ ਤਿਆਰ ਕੀਤੀ ਗਈ ਹੈ। ਗੀਤ ਦਾ ਕੰਸੈਪਟ ਤੇ ਵੀਡੀਓ ਮਸ਼ਹੂਰ ਕਲਾ ਨਿਰਦੇਸ਼ਕ ਜਗਮੀਤ ਬੱਲ ਵਲੋਂ ਤਿਆਰ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਨਾਅਰੇ ਲਾਉਣ ਵਾਲਿਆਂ ਨੂੰ ਸਿਰਸਾ ਨੇ ਦੱਸਿਆ ਸ਼ਰਾਰਤੀ ਅਨਸਰ

ਇਹ ਸ਼ਾਨਦਾਰ ਵੀਡੀਓ ਤੁਰਕੀ ਦੇ ਇਸਤਾਂਬੁਲ ਦੇ ਵੱਖ-ਵੱਖ ਪੁਰਾਣੇ ਮਹਿਲਾ ਤੇ ਵਿਰਾਸਤੀ ਸਥਾਨਾਂ ’ਤੇ ਫ਼ਿਲਮਾਈ ਗਈ ਹੈ, ਜਿਸ ਨੂੰ ਯੂਟਿਊਬ ’ਤੇ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ ਜੀਵੰਤ ਸੰਗੀਤ ਤੇ ਸੂਫ਼ੀ ਗੀਤਾਂ ਦੀ ਧਰਤੀ ਦੇ ਅਮੀਰ ਦ੍ਰਿਸ਼ਾਂ ਨੂੰ ਦਰਸਾਉਂਦਾ ਹੈ। ਇਹ ਗੀਤ ਕੋਵਿਡ ਤੋਂ ਪ੍ਰੇਰਿਤ ਵਿਕਰਮ ਸਾਹਨੀ ਤੇ ਜੋਤੀ ਨੂਰਾ ਦੁਆਰਾ ਗਾਏ ਗਏ ਪਹਿਲੇ ਗੀਤ ‘ਇਕ ਤੂੰ ਹੀ ਤੂੰ’ ਦੀ ਨਿਰੰਤਰਤਾ ’ਚ ਹੈ, ਜਿਸ ਨੇ ਰਿਲੀਜ਼ ਦੇ ਸਿਰਫ ਇਕ ਮਹੀਨੇ ’ਚ 10 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਸੀ।

ਵਿਕਰਮ ਸਾਹਨੀ ਨੇ ਕਿਹਾ ਕਿ ਇਹ ਗੀਤ ਬਾਬਾ ਬੁੱਲ੍ਹੇ ਸ਼ਾਹ ਨੂੰ ਸਮਰਪਿਤ ਹੈ ਤੇ ਇਸ ਦਾ ਰੇਖਾਂਕਿਤ ਅਰਥ ‘ਇਸ਼ਕ ਹਕੀਕੀ’ ਹੈ। ਉਨ੍ਹਾਂ ਨੇ ਕਿਹਾ ਸੂਫ਼ੀ ਸੰਗੀਤ ਗਾਉਣਾ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਧੁਨਿਕ ਸੰਗੀਤ ਨਾਲ ਮਿਲਾਏ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਜੋੜਨਾ ਮੇਰਾ ਜਨੂੰਨ ਹੈ। ਜੋਤੀ ਨੂਰਾਂ ਨੇ ਕਿਹਾ ਕਿ ਇਹ ਸੂਫੀ ਗੀਤ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ ਤੇ ਮੈਂ ਇਸ ਗੀਤ ਦੇ ਸੰਗੀਤਕ ਕੰਪੋਜੀਸ਼ਨ ਤੇ ਭਰਪੂਰ ਵੀਡੀਓ ਤੋਂ ਬਹੁਤ ਪ੍ਰਭਾਵਿਤ ਹੋਈ ਹਾਂ।

ਵਿਕਰਮ ਸਾਹਨੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ 500 ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਤੇ ਹਜ਼ਾਰ ਤੋਂ ਵੱਧ ਆਕਸੀਜਨ ਸਿਲੰਡਰ ਸਪਲਾਈ ਕਰਕੇ ਕੋਵਿਡ ਰਾਹਤ ਪ੍ਰਦਾਨ ਕਰਨ ਲਈ ਸਰਗਰਮ ਰਹੇ ਹਨ। ਉਹ ਅੰਮ੍ਰਿਤਸਰ ਤੇ ਹੋਰ ਥਾਵਾਂ ’ਤੇ ਨਸ਼ਾ ਛੁਡਾਓ ਤੇ ਮੁੜ ਵਸੇਵਾ ਕੇਂਦਰ ਸਮੇਤ ਕਈ ਵਿਸ਼ਵ ਪੱਧਰੀ ਹੁਨਰ ਕੇਂਦਰ ਵੀ ਚਲਾ ਰਹੇ ਹਨ। ਸਾਹਨੀ ਨੇ ਹਾਲ ਹੀ ’ਚ ਅਫਗਾਨ ਸ਼ਰਨਾਰਥੀਆਂ ਨੂੰ ਬਾਹਰ ਕੱਢਿਆ ਹੈ ਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਇਕ ਹੋਰ ਪ੍ਰੋਗਰਾਮ ‘ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ’ ਚਲਾਇਆ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News