ਸੁਸ਼ਾਂਤ ਸਿੰਘ ਦੇ ਪਰਿਵਾਰ ’ਤੇ ਫਿਰ ਆਈ ਮੁਸੀਬਤ, ਦਿਲ ਦੀ ਬੀਮਾਰੀ ਕਾਰਨ ਪਿਤਾ ਹਸਪਤਾਲ ’ਚ ਦਾਖ਼ਲ
Sunday, Dec 20, 2020 - 03:03 PM (IST)

ਫਰੀਦਾਬਾਦ (ਬਿਊਰੋ)– ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ’ਤੇ ਇਕ ਵਾਰ ਫਿਰ ਮੁਸੀਬਤ ਆ ਗਈ ਹੈ। ਅਦਾਕਾਰ ਦੇ ਪਿਤਾ ਕੇ. ਕੇ. ਸਿੰਘ ਹਸਪਤਾਲ ’ਚ ਦਾਖ਼ਲ ਹਨ। ਸੁਸ਼ਾਂਤ ਦੇ ਪਿਤਾ ਨੂੰ ਹਾਲ ਹੀ ’ਚ ਦਿਲ ਦੀ ਬੀਮਾਰੀ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਕੇ. ਕੇ. ਸਿੰਘ ਇਸ ਵੇਲੇ ਹਰਿਆਣਾ ਦੇ ਇਕ ਹਸਪਤਾਲ ’ਚ ਦਾਖ਼ਲ ਹਨ। ਜਿਥੋਂ ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ।
ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਸਥਿਰ ਦੱਸੀ ਜਾ ਰਹੀ ਹੈ ਪਰ ਉਨ੍ਹਾਂ ਦਾ ਇਲਾਜ ਅਜੇ ਵੀ ਜਾਰੀ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸੁਸ਼ਾਂਤ ਦੇ ਪ੍ਰਸ਼ੰਸਕ ਤੇ ਪਰਿਵਾਰਕ ਮੈਂਬਰ ਕਾਫ਼ੀ ਪ੍ਰੇਸ਼ਾਨ ਹੋ ਗਏ ਸਨ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ. ਕੇ. ਸਿੰਘ ਦੇ ਹਸਪਤਾਲ ’ਚ ਦਾਖ਼ਲ ਹੋਣ ਬਾਰੇ ਜਾਣਕਾਰੀ ਸੈਲੇਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਵਿਰਲ ਨੇ ਆਪਣੇ ਪੇਜ ’ਤੇ ਇਕ ਤਸਵੀਰ ਸ਼ੇਅਰ ਕਰਦਿਆਂ ਪੋਸਟ ’ਚ ਲਿਖਿਆ ਹੈ ਕਿ ਕੇ. ਕੇ. ਸਿੰਘ ਦਿਲ ਦੀ ਬੀਮਾਰੀ ਕਾਰਨ ਇਸ ਸਮੇਂ ਫਰੀਦਾਬਾਦ ਦੇ ਏਸ਼ੀਅਨ ਹਸਪਤਾਲ ’ਚ ਦਾਖ਼ਲ ਹਨ। ਕਿਰਪਾ ਕਰਕੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰੋ।’
ਕੇ. ਕੇ. ਸਿੰਘ ਦੀ ਹਸਪਤਾਲ ਤੋਂ ਸਾਹਮਣੇ ਆਈ ਤਸਵੀਰ ’ਚ ਉਨ੍ਹਾਂ ਦੇ ਨਾਲ ਸੁਸ਼ਾਂਤ ਸਿੰਘ ਦੀਆਂ ਭੈਣਾਂ ਪ੍ਰਿਅੰਕਾ ਤੇ ਮੀਤੂ ਸਿੰਘ ਵੀ ਨਜ਼ਰ ਆ ਰਹੀਆਂ ਹਨ। ਉਥੇ ਹੀ ਕੇ. ਕੇ. ਸਿੰਘ ਹਸਪਤਾਲ ’ਚ ਬਿਸਤਰੇ ’ਤੇ ਲੰਮੇ ਪਏ ਨਜ਼ਰ ਆ ਰਹੇ ਹਨ। ਕੇ. ਕੇ. ਸਿੰਘ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ’ਤੇ ਪ੍ਰਸ਼ੰਸਕਾਂ ਦੇ ਲਗਾਤਾਰ ਕੁਮੈਂਟਸ ਆ ਰਹੇ ਹਨ। ਉਥੇ ਹੀ ਪ੍ਰਸ਼ੰਸਕ ਕੁਮੈਂਟ ਕਰਕੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।
ਨੋਟ– ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੀ ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।