ਜਨਮਦਿਨ ਮੌਕੇ ਸੰਨੀ ਮਾਲਟਨ ਨੇ ਸਿੱਧੂ ਮੂਸੇ ਵਾਲਾ ਲਈ ਪਾਈ ਭਾਵੁਕ ਪੋਸਟ, ਵਧਾਈਆਂ ਦੇਣ ਵਾਲਿਆਂ ਨੂੰ ਕੀਤੀ ਅਪੀਲ
Wednesday, Nov 16, 2022 - 11:20 AM (IST)
ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ 15 ਨਵੰਬਰ ਨੂੰ ਰੈਪਰ ਸੰਨੀ ਮਾਲਟਨ ਦਾ ਜਨਮਦਿਨ ਸੀ। ਇਸ ਖ਼ਾਸ ਮੌਕੇ ’ਤੇ ਸੰਨੀ ਮਾਲਟਨ ਨੇ ਇਕ ਪੋਸਟ ਸਾਂਝੀ ਕੀਤੀ, ਆਪਣੇ ਲਈ ਨਹੀਂ, ਸਗੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਲਈ। ਸੰਨੀ ਮਾਲਟਨ ਸਿੱਧੂ ਦੇ ਕਰੀਬੀ ਦੋਸਤਾਂ ’ਚੋਂ ਇਕ ਹੈ। ਆਪਣੇ ਜਨਮਦਿਨ ਮੌਕੇ ਸੰਨੀ ਮਾਲਟਨ ਨੇ ਪ੍ਰਸ਼ੰਸਕਾਂ ਨੂੰ ਵਧਾਈਆਂ ਦੇਣ ਦੀ ਬਜਾਏ, ਸਿੱਧੂ ਲਈ ਇਨਸਾਫ਼ ਦੀ ਮੰਗ ਕਰਨ ਦੀ ਗੱਲ ਆਖੀ।
ਸੰਨੀ ਮਾਲਟਨ ਨੇ ਕੁਝ ਤਸਵੀਰਾਂ ਸਿੱਧੂ ਨਾਲ ਸਾਂਝੀਆਂ ਕਰਦਿਆਂ ਲਿਖਿਆ, ‘‘ਮੇਰਾ ਨਾਮ ਸੰਦੀਪ ਸਿੰਘ ਸਿੱਧੂ ਹੈ, ਜਿਸ ਦਾ ਜਨਮ 15 ਨਵੰਬਰ, 1989 ਨੂੰ ਹੋਇਆ। ਤੁਹਾਡੇ ’ਚੋਂ ਬਹੁਤੇ ਮੈਨੂੰ ‘ਸੰਨੀ ਮਾਲਟਨ’ ਵਜੋਂ ਜਾਣਦੇ ਹਨ। ਮੈਂ 15 ਸਾਲ ਦੀ ਉਮਰ ’ਚ ਬਿਨਾਂ ਕਿਸੇ ਇਰਾਦੇ ਦੇ ਰੈਪ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਚਲਦਿਆਂ ਮੈਂ ਅੱਜ ਇਥੇ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਪੂਰੀ ਦੁਨੀਆ ’ਚ ਇੰਨੇ ਸਾਰੇ ਲੋਕ ਪਿਆਰ ਕਰਨਗੇ। ਸਿੱਧੂ ਨੂੰ ਮਿਲਣ ਤੋਂ ਬਾਅਦ, ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ। ਜਦੋਂ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ, ਮੇਰੇ ਤੇ ਸਿੱਧੂ ਦੇ ਆਲੇ-ਦੁਆਲੇ ਬਹੁਤ ਸਾਰੇ ‘ਦੋਸਤ’ ਸਨ। ਅਖੀਰ ’ਚ ਸਿਰਫ਼ ਅਸੀਂ ਦੋ ਹੀ ਬਚੇ ਸੀ। ਮੈਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਅਸੀਂ ਕਿਸ ਜ਼ਹਿਰੀਲੇ ਵਾਤਾਵਰਣ ’ਚ ਸੀ, ਜਦੋਂ ਤੱਕ ਅਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਵੱਖ ਨਹੀਂ ਕਰ ਲੈਂਦੇ। ਅਕਤੂਬਰ 2021 ਤੋਂ ਮਈ 2022 ਤੱਕ ਸਾਡੀਆਂ ਟੀਮਾਂ ਦੀ ਕੈਮਿਸਟਰੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਸੀ ਤੇ ਇਹ ਇਸ ਲਈ ਸੀ ਕਿਉਂਕਿ ਮੇਰੇ ਤੇ ਸਿੱਧੂ ’ਚ ਇਕੱਠੇ ਕੰਮ ਕਰਦੇ ਸਮੇਂ ਜ਼ੀਰੋ ਈਗੋ ਸੀ।’’
ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ
ਸੰਨੀ ਨੇ ਅੱਗੇ ਲਿਖਿਆ, ‘‘ਮੂਸ ਨੂੰ ਦੋ ਚੀਜ਼ਾਂ ਸਭ ਤੋਂ ਵੱਧ ਪਸੰਦ ਸਨ ਤੇ ਉਹ ਸਨ ਉਸ ਦੇ ਮਾਤਾ-ਪਿਤਾ ਤੇ ਪ੍ਰਸ਼ੰਸਕ। ਉਹ ਟੂਰ ’ਤੇ ਜਾਣ ਤੇ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਮਿਲਣ ਲਈ ਬਹੁਤ ਉਤਸ਼ਾਹਿਤ ਸੀ। ਅੱਜ ਬਹੁਤਾ ਜਸ਼ਨ ਮਨਾਉਣ ਲਈ ਨਹੀਂ, ਮੈਨੂੰ ਜਨਮਦਿਨ ਦੀਆਂ ਮੁਬਾਰਕਾਂ ਦੇਣ ਦੀ ਬਜਾਏ, ਕਿਰਪਾ ਕਰਕੇ ਮੇਰੇ ਭਰਾ ਲਈ ਇਨਸਾਫ਼ ਦੀ ਮੰਗ ਕਰੋ। ਸੁਣੋ ਉਸ ਦੇ ਮਾਤਾ-ਪਿਤਾ ਕੀ ਕਹਿ ਰਹੇ ਹਨ, ਉਨ੍ਹਾਂ ਦੀਆਂ ਗੱਲਾਂ ’ਚ ਸੱਚਾਈ ਹੈ। ਮੈਂ ਜੋ ਵੀ ਕਰਦਾ ਹਾਂ, ਉਹ ਸਿੱਧੂ ਦੇ ਜੀਵਨ ਨੂੰ ਸਨਮਾਨ ਦੇਣ ਤੇ ਉਸ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਲਈ ਹੋਵੇਗਾ। ਦੁਨੀਆ ਨੂੰ ਇਹ ਦਿਖਾਉਣ ਲਈ ਤੁਹਾਡਾ ਧੰਨਵਾਦ ਕਿ ਮੈਂ ਇਸ ਪੂਰੇ ਸਮੇਂ ’ਚ ਅਸਲੀ ਭਰਾ ਸੀ, ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗਾ।’’
ਅਖੀਰ ’ਚ ਸੰਨੀ ਨੇ ਕਿਹਾ, ‘‘ਉਨ੍ਹਾਂ ਸਾਰੇ ਪ੍ਰਸ਼ੰਸਕਾਂ ਲਈ ਜੋ ਨਵੇਂ ਸੰਗੀਤ ਦੀ ਉਡੀਕ ਕਰ ਰਹੇ ਹਨ ਤੇ ਮੇਰੇ ਤੋਂ ਹੋਰ ਸੁਣਨ ਲਈ, ਮੈਂ ਹੌਲੀ-ਹੌਲੀ ਸਟੂਡੀਓ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਸ਼ਰਧਾਂਜਲੀ ਰਿਲੀਜ਼ ਕਰਨ ਤੋਂ ਬਾਅਦ, ਇਸ ਨੇ ਮੇਰੀ ਬਹੁਤ ਮਦਦ ਕੀਤੀ ਹੈ। ਸਾਲਾਂ ਤੋਂ ਮੈਂ ਤੁਹਾਡੇ ਨਾਲ ਚੰਗੇ ਸਮੇਂ ਨੂੰ ਸਾਂਝਾ ਕੀਤਾ ਹੈ ਪਰ ਤੁਹਾਡੇ ਨਾਲ ਆਪਣਾ ਦਰਦ ਸਾਂਝਾ ਕਰਨ ਨਾਲ ਮੇਰੀ ਪਹਿਲਾਂ ਨਾਲੋਂ ਜ਼ਿਆਦਾ ਮਦਦ ਹੋਈ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਤੁਹਾਨੂੰ ਯਾਦ ਕਰਦਾ ਹਾਂ। ਤੁਹਾਨੂੰ ਬਹੁਤ ਜਲਦੀ ਅਪਡੇਟ ਕੀਤਾ ਜਾਵੇਗਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।