ਰਿਸ਼ਤਿਆਂ ਨੂੰ ਨਿਭਾਉਣ ਲਈ ਸਮਾਂ ਚਾਹੀਦਾ ਹੈ : ਸਿਲਪਾ ਸ਼ੈੱਟੀ

Thursday, Sep 21, 2023 - 11:03 AM (IST)

ਹਰ ਕਿਸੇ ਦੀ ਚਹੇਤੀ ਅਦਾਕਾਰਾ ਸ਼ਿਲਪਾ ਸ਼ੈੱਟੀ ‘ਸੁਖੀ’ ਬਣ ਕੇ ਆਪਣੀ ਅਦਾਕਾਰੀ ਦਾ ਜਾਦੂ ਚਲਾਉਣ ਲਈ ਵਾਪਸੀ ਕਰ ਰਹੀ ਹੈ। ‘ਸੁਖੀ'’ 22 ਸਤੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਾਜ਼ੇਟਿਵ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ’ਚ ਸ਼ਿਲਪਾ ਦਾ ਬਿਲਕੁਲ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ, ਜੋ ਪ੍ਰਸੰਸ਼ਕਾਂ ਨੂੰ ਹੈਰਾਨ ਕਰ ਦੇਵੇਗਾ। ਸੋਨਲ ਜੋਸ਼ੀ ਵਲੋਂ ਨਿਰਦੇਸ਼ਿਤ ‘ਸੁਖੀ’ ਪੰਜਾਬੀ ਘਰੇਲੂ ਔਰਤ ਸੁਖਪ੍ਰੀਤ ਕਾਲੜਾ ਦੀ ਕਹਾਣੀ ਹੈ, ਜੋ ਪਰਿਵਾਰ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ’ਚ ਆਪਣਾ ਸੁੱਖ ਭੁੱਲ ਜਾਂਦੀ ਹੈ। ਫ਼ਿਲਮ ’ਚ ਸ਼ਿਲਪਾ ਤੋਂ ਇਲਾਵਾ ਕੁਸ਼ਾ ਕਪਿਲਾ, ਅਮਿਤ ਸਾਧ, ਚੈਤੰਨਿਆ ਚੌਧਰੀ, ਦਿਲਨਾਜ਼ ਇਰਾਨੀ, ਕਿਰਣ ਕੁਮਾਰ ਤੇ ਵਿਨੋਦ ਨਾਗਪਾਲ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਬਾਰੇ ਸ਼ਿਲਪਾ ਸ਼ੈੱਟੀ ਤੇ ਸੋਨਲ ਜੋਸ਼ੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਸ਼ਿਲਪਾ ਸੈੱਟੀ (ਅਦਾਕਾਰਾ)

ਵਿਆਹ ਤੋਂ ਬਾਅਦ ਲੜਕੀਆਂ ਦੇ ਸੁਭਾਅ ’ਚ ਕਈ ਬਦਲਾਅ ਆਉਂਦੇ ਹਨ, ਫ਼ਿਲਮ ਉਨ੍ਹਾਂ ਨੂੰ ਕਿਸ ਤਰ੍ਹਾਂ ਦਿਖਾਉਂਦੀ ਹੈ?

ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਬੇਧੜਕ, ਲਾਪ੍ਰਵਾਹ ਤੇ ਬੇਸ਼ਰਮ ਹੋ ਤਾਂ ਅਸੀਂ ਬਿਲਕੁਲ ਸੀਰੀਅਸ ਨਹੀਂ ਹੋ। ਇਥੇ ਬੇਸ਼ਰਮ ਸ਼ਬਦ ਦੀ ਵਰਤੋਂ ਨੈਗੇਟਿਵ ਨਹੀਂ, ਸਗੋਂ ਪਾਜ਼ੇਟਿਵ ਢੰਗ ਨਾਲ ਕੀਤੀ ਗਈ ਹੈ। ਜਦੋਂ ਅਸੀਂ ਸਾੜ੍ਹੀ ਪਾ ਕੇ ਸਵਿਟਜ਼ਰਲੈਂਡ ਦੀਆਂ ਵਾਦੀਆਂ ’ਚ ਹਜ਼ਾਰਾਂ ਲੋਕਾਂ ਸਾਹਮਣੇ ਗੀਤ ਗਾ ਰਹੇ ਹੁੰਦੇ ਹਾਂ ਤਾਂ ਸਾਨੂੰ ਬੇਸ਼ਰਮ ਹੋਣਾ ਪੈਂਦਾ ਹੈ। ਦੂਜੇ ਲੋਕਾਂ ਨੂੰ ਕਿਉਂ ਐਕਸਪਲੇਨ ਕਰੀਏ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਜੀਅ ਰਹੇ ਹੋ। ਉਂਝ ਵੀ ਇਕ ਵਾਰ ਜਦੋਂ ਤੁਸੀਂ ਮਾਂ ਬਣ ਜਾਂਦੇ ਹੋ, ਕਦੇ ਵੀ ਬੇਪ੍ਰਵਾਹ ਨਹੀਂ ਹੋਵੋਗੇ। ਇਹੀ ਫ਼ਿਲਮ ਦਾ ਕੰਸੈਪਟ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਲੜਕੀਆਂ ਦੀ ਜ਼ਿੰਦਗੀ ਦੀ ਇਹ ਪਰਿਭਾਸ਼ਾ ਤਾਂ ਠੀਕ ਹੈ ਪਰ ਉਸ ਤੋਂ ਬਾਅਦ ਕੀ ਉਨ੍ਹਾਂ ਨੂੰ ਆਪਣੀ ਸ਼ਖ਼ਸੀਅਤ ’ਚ ਬਦਲਾਅ ਕਰਨੇ ਹੋਣਗੇ? ਪਰ... ਕਿਉਂ? ਇਹ ਤੁਹਾਡੀ ਜ਼ਿੰਦਗੀ ਹੈ, ਇਸ ਨੂੰ ਉਸੇ ਤਰ੍ਹਾਂ ਜੀਓ ਜਿਸ ਤਰ੍ਹਾਂ ਤੁਸੀਂ ਇਸ ਨੂੰ ਜਿਊਣਾ ਚਾਹੁੰਦੇ ਹੋ। ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਕਈ ਔਰਤਾਂ ਮਹਿਸੂਸ ਕਰ ਰਹੀਆਂ ਹਨ ਕਿ ਇਹ ਕਹਾਣੀ ਤਾਂ ਉਨ੍ਹਾਂ ਦੀ ਹੈ।

ਤੁਸੀਂ ਆਪਣੀ ਨਿੱਜੀ ਜ਼ਿੰਦਗੀ ’ਚ ਕਿੰਨੇ ਬੇਸ਼ਰਮ, ਬੇਧੜਕ ਤੇ ਬੇਪ੍ਰਵਾਹ ਹੋ?

ਮੈਂ ਸੱਚ ’ਚ ਬੇਧੜਕ ਤੇ ਬੇਸ਼ਰਮ ਹਾਂ। ਜੇ ਮੈਂ ਕੁਝ ਕਰਨਾ ਚਾਹੁੰਦੀ ਹਾਂ ਤਾਂ ਮੈਂ ਬੇਸ਼ਰਮ ਹੋ ਕੇ ਕਹਿੰਦੀ ਹਾਂ ਕਿ ਮੈਂ ਇਹ ਕਰਨਾ ਹੈ ਪਰ ਇਹ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਮੈਂ ਕੰਮ ਕਰ ਰਹੀ ਹਾਂ। ਇਸ ਦੇ ਨਾਲ ਹੀ ਕਈ ਘਰੇਲੂ ਔਰਤਾਂ ਹਨ, ਜੋ ਆਪਣੇ ਪਤੀਆਂ ’ਤੇ ਨਿਰਭਰ ਹਨ। ਉਹ ਔਰਤਾਂ ਹਫ਼ਤੇ ਦੇ 7 ਦਿਨ 24 ਘੰਟੇ ਕੰਮ ਕਰ ਰਹੀਆਂ ਹਨ। ਇਸ ਲਈ ਉਨ੍ਹਾਂ ਨੂੰ ਥੈਂਕ ਯੂ ਵੀ ਨਹੀਂ ਬੋਲਿਆ ਜਾਂਦਾ। ਇਥੋਂ ਤੱਕ ਕਿ ਉਨ੍ਹਾਂ ਔਰਤਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਵੀ ਪੁੱਛਣਾ ਪੈਂਦਾ ਹੈ। ਅਜਿਹੇ ’ਚ ਮੈਨੂੰ ਉਮੀਦ ਹੈ ਕਿ ਇਸ ਫ਼ਿਲਮ ਨਾਲ ਚਰਚਾ ਸ਼ੁਰੂ ਹੋਵੇਗੀ। ਔਰਤਾਂ ਨੂੰ ਪਤਾ ਹੋਵੇਗਾ ਕਿ ਆਪਣੇ ਲਈ ਬ੍ਰੇਕ ਲੈਣਾ ਵੀ ਕਿੰਨਾ ਜ਼ਰੂਰੀ ਹੈ। ਜੇਕਰ ਉਹ ਸਾਰਿਆਂ ਨੂੰ ਸੁਖੀ ਦੇਖਣਾ ਚਾਹੁੰਦੀਆਂ ਹਨ ਤਾਂ ਪਹਿਲਾਂ ਉਨ੍ਹਾਂ ਦਾ ਵੀ ਖ਼ੁਸ਼ ਹੋਣਾ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਭਰ ’ਚ ਵਿਰੋਧ ਦੇ ਚਲਦਿਆਂ ਗਾਇਕ ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਟੂਰ ਹੋਇਆ ਰੱਦ

ਜਦੋਂ ਤੁਹਾਨੂੰ ਇਸ ਫ਼ਿਲਮ ਦੀ ਪੇਸ਼ਕਸ਼ ਹੋਈ ਸੀ ਤਾਂ ਤੁਹਾਨੂੰ ਸਭ ਤੋਂ ਵੱਧ ਕਿਸ ਗੱਲ ਨੇ ਇੰਪ੍ਰੈੱਸ ਕੀਤਾ?

ਇਸ ਫ਼ਿਲਮ ’ਚ ਸੁਖੀ ਦਾ ਕਿਰਦਾਰ ਅਜਿਹਾ ਹੈ, ਜਿਸ ’ਚ ਕਾਫੀ ਮਿਹਨਤ ਕੀਤੀ ਗਈ ਹੈ ਪਰ ਫਿਰ ਵੀ ਤੁਸੀਂ ਉਸ ਨੂੰ ਪੂਰੇ ਦਿਲ ਨਾਲ ਕਰਨਾ ਚਾਹੋਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਇਸ ਤਰ੍ਹਾਂ ਦਾ ਰੋਲ ਪਹਿਲਾਂ ਨਹੀਂ ਕੀਤਾ ਹੈ ਤੇ ਇਹ ਸਭ ਤੋਂ ਅਲੱਗ ਸੀ। ਕਿਤੇ ਨਾ ਕਿਤੇ ਸੁਖੀ ’ਚ ਵੀ ਥੋੜ੍ਹੀ ਬਹੁਤ ਸ਼ਿਲਪਾ ਸ਼ੈੱਟੀ ਵੀ ਹੈ ਕਿਉਂਕਿ ਮੈਂ ਕਾਫੀ ਬ੍ਰੇਵ ਹਾਂ। ਸੁਖੀ ਦੇ 20 ਸਾਲ ਦੇ ਸਫਰ ਦੌਰਾਨ ਇਹ ਸਾਰੀਆਂ ਚੀਜ਼ਾਂ ਉਸ ਦੀ ਜ਼ਿੰਦਗੀ ’ਚ ਸਨ ਕਿਉਂਕਿ ਉਹ ਟਾਪਰ ਸੀ ਪਰ ਵਿਆਹ ਤੋਂ ਬਾਅਦ ਇਹ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਪਰਿਵਾਰ ਦੀ ਦੇਖਭਾਲ ਕਰਨ ਕਾਰਨ, ਆਪਣੇ ਲਈ ਬਿਲਕੁਲ ਵੀ ਸਮਾਂ ਨਹੀਂ ਮਿਲ ਪਾਉਂਦਾ ਹੈ। ਜਦੋਂ 20 ਸਾਲਾਂ ਬਾਅਦ ਸਕੂਲ ਦੀ ਰੀਯੂਨੀਅਨ ਹੁੰਦੀ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜੋ ਸੁਖੀ ਉਹ ਸੀ, ਹੁਣ ਉਹ ਨਹੀਂ ਰਹੀ। ਉਸ ਨੂੰ ਇਹ ਅਹਿਸਾਸ ਦਿਵਾਉਣ ਵਾਲੇ ਉਸ ਦੇ ਦੋਸਤ ਹੁੰਦੇ ਹਨ।

ਇਸ ਫ਼ਿਲਮ ’ਚ ਦੋਸਤੀ ਬਾਰੇ ਵੀ ਕਾਫੀ ਗੱਲ ਕੀਤੀ ਗਈ ਹੈ ਤਾਂ ਔਰਤਾਂ ਲਈ ਆਪਣੇ ਸਕੂਲ ਤੇ ਕਾਲਜ ਦੀ ਦੋਸਤੀ ਨੂੰ ਅੱਗੇ ਤੱਕ ਲਿਜਾਣਾ ਕਿੰਨਾ ਜ਼ਰੂਰੀ ਹੈ?

ਰਿਸ਼ਤਿਆਂ ਨੂੰ ਨਿਭਾਉਣ ਲਈ ਸਮਾਂ ਚਾਹੀਦਾ ਹੁੰਦਾ ਹੈ ਪਰ ਅਸੀਂ ਇਨੇ ਮਸ਼ਰੂਫ ਹੋ ਜਾਂਦੇ ਹਾਂ ਕਿ ਇਸ ਸਭ ’ਤੇ ਧਿਆਨ ਹੀ ਨਹੀਂ ਦਿੰਦੇ ਹਾਂ। ਅਸੀਂ ਆਪਣੇ ਪਤੀ ਦੇ ਦੋਸਤਾਂ ਨੂੰ ਦੋਸਤ ਬਣਾ ਲੈਂਦੇ ਹਾਂ, ਕਈ ਵਾਰ ਆਪਣੇ ਬੱਚਿਆਂ ਦੇ ਸਕੂਲੀ ਦੋਸਤਾਂ ਦੇ ਮਾਤਾ-ਪਿਤਾ ਨਾਲ ਕਰੀਬੀ ਰਿਸ਼ਤਾ ਬਣ ਜਾਂਦਾ ਹੈ ਪਰ ਅਸਲ ਮਾਇਨਿਆਂ ’ਚ ਸਾਡੇ ਸਕੂਲ ਤੇ ਕਾਲਜ ਦੇ ਦੋਸਤ ਹੁੰਦੇ ਸਨ, ਉਨ੍ਹਾਂ ਨੂੰ ਪਿੱਛੇ ਛੱਡ ਦਿੰਦੇ ਹਾਂ। ਸਾਨੂੰ ਸਮਝਣਾ ਚਾਹੀਦਾ ਹੈ ਕਿ ਦੋਸਤ ਕਿੰਨੇ ਵੱਧ ਜ਼ਰੂਰੀ ਹਨ। ਜੋ ਗੱਲਾਂ ਤੇ ਇੰਮੋਸ਼ਨਜ਼ ਉਨ੍ਹਾਂ ਨਾਲ ਸਾਂਝੇ ਕਰਦੇ ਹਾਂ, ਉਹ ਕਿਸੇ ਹੋਰ ਨਾਲ ਨਹੀਂ ਕਰ ਸਕਦੇ। ਉਨ੍ਹਾਂ ਤੋਂ ਬਿਹਤਰ ਤੁਹਾਨੂੰ ਕੋਈ ਨਹੀਂ ਸਮਝ ਸਕਦਾ। ਅਸੀਂ ਪੁਰਾਣੇ ਦੋਸਤਾਂ ਨੂੰ ਮਿਲਦੇ ਹਾਂ ਤੇ ਸਕੂਲ, ਕਾਲਜ ਵਿਜ਼ਿਟ ਕਰਦੇ ਜਾਂ ਤਾਂ ਗੱਲ ਹੀ ਕੁਝ ਹੋਰ ਹੁੰਦੀ ਹੈ।

ਤਿੰਨ ਦਹਾਕਿਆਂ ’ਚ ਸਿਨੇਮਾ ਦੇ ਬਦਲਦੇ ਦ੍ਰਿਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਇਸ ਦਾ ਸਿਹਰਾ ਲੋਕਾਂ ਨੂੰ ਤੇ ਫ਼ਿਲਮ ਨਿਰਮਾਤਾਵਾਂ ਨੂੰ ਦੇਣਾ ਚਾਹਾਂਗੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਚੁੱਕ ਸਕਦੀ ਹਾਂ। ਇਸ ਤੋਂ ਪਹਿਲਾਂ ਮੈਂ ਅਜਿਹੀਆਂ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ’ਚ ਹੀਰੋਇਨ ਮੁੱਖ ਭੂਮਿਕਾ ਨਿਭਾਉਂਦੀ ਹੈ ਪਰ ਇਹ ਫ਼ਿਲਮ ਸਭ ਤੋਂ ਖ਼ਾਸ ਹੈ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਅਜਿਹੀਆਂ ਫ਼ਿਲਮਾਂ ਤੋਂ ਦੂਰ ਭੱਜਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਅੱਜ ਵੀ ਅਸੀਂ ਮਰਦ ਪ੍ਰਧਾਨ ਸਮਾਜ ’ਚ ਰਹਿ ਰਹੇ ਹਾਂ, ਇਸ ਲਈ ਅਸੀਂ ਭਾਵੇਂ ਕਿੰਨਾ ਵੀ ਕਰੀਏ ਜਾਂ ਕਹੀਏ ਫਿਰ ਵੀ ਸਾਨੂੰ ਉਹ ਸਥਾਨ ਨਹੀਂ ਦਿੱਤਾ ਗਿਆ, ਜੋ ਸਾਨੂੰ ਮਿਲਣਾ ਚਾਹੀਦਾ ਹੈ। ਹੁਣ ਹੌਲੀ-ਹੌਲੀ ਸਮਾਂ ਬਦਲ ਰਿਹਾ ਹੈ ਤੇ ਦਰਸ਼ਕ ਕੰਟੈਂਟ ਨਾਲ ਜਾ ਰਹੇ ਹਨ। ਅਸੀਂ ਔਰਤਾਂ ਵੀ ਦੂਜੀਆਂ ਔਰਤਾਂ ਨੂੰ ਪ੍ਰੇਰਿਤ ਕਰ ਰਹੀਆਂ ਹਾਂ, ‘ਸੁਖੀ’ ਇਕ ਅਜਿਹੀ ਹੀ ਕੋਸ਼ਿਸ਼ ਹੈ।

ਸੋਨਲ ਜੋਸ਼ੀ (ਡਾਇਰੈਕਟਰ)

ਤੁਸੀਂ ‘ਸੁਖੀ’ ਨੂੰ ਆਪਣੀ ਪਹਿਲੀ ਫ਼ਿਲਮ ਦੇ ਤੌਰ ’ਤੇ ਕਿਉਂ ਚੁਣਿਆ?

ਮੈਨੂੰ ਇਸ ਕਹਾਣੀ (ਸੁਖੀ) ’ਚ ਆਪਣੀ ਮਾਂ ਨਜ਼ਰ ਆਉਂਦੀ ਹੈ। ਜਦੋਂ ਸਕ੍ਰਿਪਟ ਲਿਖ ਰਹੇ ਸੀ ਤਾਂ ਮੈਂ ਆਪਣੀ ਮਾਂ ਦੀ ਜ਼ਿੰਦਗੀ ਤੋਂ ਕੁਝ ਘਟਨਾਵਾਂ, ਸਥਿਤੀਆਂ ਤੇ ਪਾਤਰ ਇਸ ’ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਇਹ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਸ ਤੋਂ ਵਧੀਆ ਕਹਾਣੀ ਤੇ ਫ਼ਿਲਮ ਕੀ ਹੋ ਸਕਦੀ ਹੈ, ਮੇਰੇ ਬਤੌਰ ਡਾਇਰੈਕਟਰ ਡੈਬਿਊ ਕਰਨ ਲਈ।

ਕੀ ਤੁਸੀਂ ਆਪਣੀ ਮਾਂ ਤੋਂ ਇਸ ਕਹਾਣੀ ਲਈ ਕੋਈ ਆਇਡੀਆ ਲਿਆ ਸੀ?

ਮੈਂ ਮਾਂ ਨੂੰ ਫ਼ਿਲਮ ਦੀ ਕਹਾਣੀ ਸੁਣਾਈ ਸੀ ਪਰ ਮਾਂ ਤਾਂ ਮਾਂ ਹੁੰਦੀ ਹੈ, ਉਸ ਨੂੰ ਬੱਚੇ ਦੀ ਹਰ ਗੱਲ ਪਸੰਦ ਆਉਂਦੀ ਹੈ। ਮਾਂ ਨੂੰ ਬਹੁਤ ਚੰਗੀ ਲੱਗੀ ਸੀ। ਹਾਂ, ਪਰ ਅਜੇ ਤੱਕ ਫ਼ਿਲਮ ਨਹੀਂ ਦੇਖੀ ਹੈ। ਮੈਂ ਇੰਤਜ਼ਾਰ ਕਰ ਰਹੀ ਹਾਂ ਜਦੋਂ ਸਕ੍ਰੀਨਿੰਗ ਹੋਵੇਗੀ ਤਾਂ ਉਦੋਂ ਜੋ ਪ੍ਰਾਊਡ ਫੀਲਿੰਗ ਉਨ੍ਹਾਂ ਦੇ ਚਿਹਰੇ ’ਤੇ ਹੋਵੇਗੀ, ਉਨ੍ਹਾਂ ਨਾਲ ਬੈਠ ਕੇ ਦੇਖਣਾ ਚਾਹੁੰਦੀ ਹਾਂ। ਜਦੋਂ ਫ਼ਿਲਮ ’ਚ ਮੇਰਾ ਨਾਮ ਦੇਖਣ ਤੇ ਮਹਿਸੂਸ ਕਰਨ ਕਿ ਉਨ੍ਹਾਂ ਦੀ ਧੀ ਇਸ ਮੁਕਾਮ ’ਤੇ ਪਹੁੰਚ ਗਈ ਹੈ।

ਤੁਸੀਂ ਆਪਣੀ ਪਹਿਲੀ ਫ਼ਿਲਮ ਲਈ ਸ਼ਿਲਪਾ ਸ਼ੈੱਟੀ ਨੂੰ ਹੀ ਕਿਉਂ ਚੁਣਿਆ?

ਸੱਚ ਕਹਾਂ ਤਾਂ ਸਿਰਫ਼ ਸ਼ਿਲਪਾ ਮੈਮ ਹੀ ਸਨ, ਜਿਨ੍ਹਾਂ ਨੂੰ ਕਹਾਣੀ ਸੁਣਾਈ ਸੀ ਤੇ ਉਸ ਸਮੇਂ ਉਹ ਹੱਸ ਰਹੇ ਸਨ। ਜਿਸ ਨੂੰ ਦੇਖ ਕੇ ਮੈਂ ਸੋਚ ਲਿਆ ਸੀ ਚਲੋ ਉਨ੍ਹਾਂ ਨੂੰ ਕਹਾਣੀ ਤਾਂ ਪਸੰਦ ਆ ਗਈ ਹੈ ਤੇ ਫਿਰ ਕੁਝ ਦੇਰ ਬਾਅਦ ਉਹ ਵੀ ਰੋ ਪਏ। ਉਨ੍ਹਾਂ ਦੇ ਹੰਝੂ ਦਿਸ ਰਹੇ ਸਨ। ਬਸ ਉਸ ਸਮੇਂ ਮੈਨੂੰ ਲੱਗਾ ਕਿ ਉਹੀ ਉਹ ਅਦਾਕਾਰਾ ਹਨ, ਜੋ ਇਸ ਰੋਲ ਲਈ ਸਭ ਤੋਂ ਬਿਹਤਰ ਰਹਿਣਗੇ ਕਿਉਂਕਿ ਉਹ ਹਰ ਸੀਨ ਤੇ ਹਰ ਪਲ ਨੂੰ ਖ਼ੁਦ ਮਹਿਸੂਸ ਕਰ ਪਾ ਰਹੇ ਸਨ। ਜੇਕਰ ਕਹਾਣੀ ਨਾਲ ਪਿਆਰ ਨਹੀਂ ਹੈ ਤਾਂ ਤੁਸੀਂ ਉਸ ਨੂੰ ਪੂਰੇ ਦਿਲ ਨਾਲ ਨਹੀਂ ਕਰ ਪਾਓਗੇ। ਸ਼ਿਲਪਾ ਮੈਮ ਹਰ ਇਕ ਪਲ ਮਹਿਸੂਸ ਕਰ ਰਹੇ ਸਨ। ਉਸੇ ਪਲ ਮੈਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਸੁਖੀ ਨਹੀਂ ਕਰ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News