ਸੋਨੂੰ ਸੂਦ ਨੇ ਲਵਾਇਆ ਕੋਰੋਨਾ ਵੈਕਸੀਨ ਦਾ ਟੀਕਾ, ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤੀ ‘ਸੰਜੀਵਨੀ’ ਮੁਹਿੰਮ

04/07/2021 3:10:46 PM

ਚੰਡੀਗੜ੍ਹ (ਬਿਊਰੋ)– ਕੋਰੋਨਾ ਮਹਾਮਾਰੀ ਦੌਰਾਨ ਗਰੀਬ ਤੇ ਪਰਵਾਸੀ ਮਜ਼ਦੂਰਾਂ ਲਈ ਫ਼ਰਿਸ਼ਤਾ ਬਣ ਕੇ ਉੱਭਰੇ ਅਦਾਕਾਰ ਸੋਨੂੰ ਸੂਦ ਨੇ ਬੁੱਧਵਾਰ ਨੂੰ ਕੋਰੋਨਾ ਵੈਕਸੀਨ ਲਗਵਾਈ। ਸੋਨੂੰ ਸੂਦ ਨੇ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਜਾ ਕੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ। ਇਸ ਦੌਰਾਨ ਸੋਨੂੰ ਸੂਦ ਨੇ ਕੋਰੋਨਾ ਦੇ ਟੀਕੇ ਨੂੰ ਲੈ ਕੇ ਜਾਗਰੂਕਤਾ ਵਧਾਉਣ ਲਈ ਸ਼ੁਰੂ ਕੀਤੀ ਗਈ ‘ਸੰਜੀਵਨੀ- ਟੀਕਾ ਜ਼ਿੰਦਗੀ ਕਾ’ ਮੁਹਿੰਮ ਨੂੰ ਵੀ ਲਾਂਚ ਕੀਤਾ। ਇਸ ਮੁਹਿੰਮ ਦੇ ਤਹਿਤ ਲੋਕਾਂ ਨੂੰ ਇਸ ਘਾਤਕ ਵਾਇਰਸ ਦੇ ਖ਼ਿਲਾਫ਼ ਟੀਕਾਕਰਨ ਮੁਹਿੰਮ ਨੂੰ ਲੈ ਕੇ ਜਾਗਰੂਕ ਕੀਤਾ ਜਾਵੇਗਾ।

ਸੋਨੂੰ ਸੂਦ ਨੇ ਟਵਿਟਰ ’ਤੇ ਵੈਕਸੀਨ ਲਗਵਾਉਂਦਿਆਂ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘ਅੱਜ ਮੈਂ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਪੂਰੇ ਦੇਸ਼ ’ਚ ਸਾਰਿਆਂ ਨੂੰ ਟੀਕਾ ਲਗਾਇਆ ਜਾਵੇ। ਇਸ ਦੇ ਲਈ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ‘ਸੰਜੀਵਨੀ’ ਸ਼ੁਰੂ ਕੀਤੀ, ਜੋ ਜਾਗਰੂਕਤਾ ਲਿਆਏਗੀ ਤੇ ਸਾਡੇ ਲੋਕਾਂ ਨੂੰ ਟੀਕਾਕਰਨ ਕਰਵਾਏਗੀ।’

ਸੋਨੂੰ ਸੂਦ ਨੇ ਵੀ ਇਸ ਦੌਰਾਨ ਸਾਰਿਆਂ ਨੂੰ ਬੇਨਤੀ ਕੀਤੀ ਕਿ ਲੋਕ ਜਲਦ ਤੋਂ ਜਲਦ ਖ਼ੁਦ ਨੂੰ ਤੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਵਾਉਣ ਤੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ’ਚ ਆਪਣੀ ਹਿੱਸੇਦਾਰੀ ਨਿਭਾਉਣ। ਸੋਨੂੰ ਸੂਦ ਨੇ ਕਿਹਾ, ‘ਮੈਨੂੰ ਉਹ ਸਮਾਂ ਯਾਦ ਹੈ, ਜਦੋਂ ਪਰਵਾਸੀ ਮਜ਼ਦੂਰ ਆਪਣੇ ਘਰਾਂ ਵੱਲ ਜਾ ਰਹੇ ਸਨ। ਅਸੀਂ ਉਨ੍ਹਾਂ ਨੂੰ ਸ਼ਾਂਤ ਰਹਿਣ ਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਸੀ। ਹੁਣ ਸਾਡੇ ਕੋਲ ਕੋਰੋਨਾ ਦਾ ਟੀਕਾ ਹੈ, ਜੋ ਕੋਈ ਵੀ ਸਾਡੀ ਗੱਲ ਸੁਣ ਰਿਹਾ ਹੈ, ਉਸ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ।’

ਸੋਨੂੰ ਸੂਦ ਨੇ ਕਿਹਾ, ‘ਮੈਂ ਪੰਜਾਬ ਤੋਂ ਇਲਾਵਾ ਕਈ ਸੂਬਿਆਂ ’ਚ ਦੇਖ ਚੁੱਕਾ ਹਾਂ, ਵੈਕਸੀਨ ਨੂੰ ਲੈ ਕੇ ਲੋਕਾਂ ’ਚ ਜਾਗੂਰਕਤਾ ਦਾ ਕੰਮ ਜ਼ਿਆਦਾ ਨਹੀਂ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪਿੰਡਾਂ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ’ਚ ਅਜੇ ਕੋਰੋਨਾ ਦੇ ਟੀਕੇ ਨੂੰ ਲੈ ਕੇ ਇਕ ਡਰ ਦਾ ਮਾਹੌਲ ਹੈ। ਅਜਿਹੇ ਲੋਕਾਂ ਲਈ ਜਾਗਰੂਕਤਾ ਹੀ ਸਭ ਤੋਂ ਵਧੀਆ ਤਰੀਕਾ ਹੈ। ਅਸੀਂ ਇਸ ਮੁਹਿੰਮ ਤਹਿਤ ਬਹੁਤ ਸਾਰੇ ਕੈਂਪ ਲਗਾਵਾਂਗੇ। ਇਹ ਇਕ ਅੰਦੋਲਨ ਹੈ, ਜਿਸ ਨੂੰ ਅਸੀਂ ਜਾਗਰੂਕਤਾ ਵਧਾਉਣ ਲਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’

ਨੋਟ– ਸੋਨੂੰ ਸੂਦ ਵਲੋਂ ਕੋਰੋਨਾ ਵੈਕਸੀਨ ਲਗਵਾਉਣ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News