ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

4/26/2021 12:45:34 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਅੱਜ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ। ਵੈਸੇ ਅਸੀਂ ਸੋਨੂੰ ਨੂੰ ਫ਼ਿਲਮਾਂ ’ਚ ਜ਼ਿਆਦਾਤਰ ਵਿਲੇਨ ਦੀ ਭੂਮਿਕਾ ’ਚ ਦੇਖਿਆ ਹੈ ਪਰ 2020 ’ਚ ਆਈ ਮਹਾਮਾਰੀ ਕੋਰੋਨਾ ਨੇ ਸਾਨੂੰ ਸੋਨੂੰ ਦਾ ਇਕ ਅਜਿਹਾ ਰੂਪ ਦਿਖਾਇਆ ਹੈ, ਜਿਸ ਨੇ ਉਸ ਨੂੰ ਅਸਲ ਜ਼ਿੰਦਗੀ ਦਾ ਨਾਇਕ ਬਣਾ ਦਿੱਤਾ ਹੈ। ਮਹਾਮਾਰੀ ਵਿਚਕਾਰ ਸੋਨੂੰ ਨੇ ਜਿਸ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਸੋਨੂੰ ਨੇ ਹਜ਼ਾਰਾਂ ਬੇਘਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਲਈ ਖਾਣਾ ਤੇ ਉਨ੍ਹਾਂ ਦੇ ਘਰ ਪਹੁੰਚਣ ਦਾ ਪ੍ਰਬੰਧ ਕੀਤਾ ਹੈ। ਸੋਨੂੰ ਦੇ ਇਸ ਵੱਡੇ ਕਦਮ ਨੇ ਉਸ ਨੂੰ ਦੇਸ਼ ਦਾ ਚਹੇਤਾ ਬਣਾਇਆ ਹੈ। ਅੱਜ ਅਸੀਂ ਸੋਨੂੰ ਦੀ ਜ਼ਿੰਦਗੀ ਬਾਰੇ ਗੱਲ ਕਰਨ ਜਾ ਰਹੇ ਹਾਂ। ਆਓ ਜਾਣਦੇ ਹਾਂ ਸੋਨੂੰ ਸੂਦ ਦੀ ਬਾਇਓਗ੍ਰਾਫੀ–

ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਦੇ ਸਮਰਥਨ ’ਚ ਰਿਟਾਇਰਡ ਆਈ. ਏ. ਐੱਸ. ਅਫ਼ਸਰ ਨਾਲ ਭਿੜੀ ਕੰਗਨਾ ਰਣੌਤ

ਜਨਮ
ਬਾਲੀਵੁੱਡ ’ਚ ਆਪਣੇ ਵਿਲੇਨ ਦੇ ਕਿਰਦਾਰਾਂ ਲਈ ਨਾਂ ਕਮਾਉਣ ਵਾਲੇ ਸੋਨੂੰ ਸੂਦ ਦਾ ਜਨਮ 30 ਜੁਲਾਈ, 1973 ਨੂੰ ਮੋਗਾ, ਪੰਜਾਬ ’ਚ ਹੋਇਆ। ਸੋਨੂੰ ਸੂਦ ਬਾਲੀਵੁੱਡ ਦੇ ਨਾਲ-ਨਾਲ ਟਾਲੀਵੁੱਡ ’ਚ ਵੀ ਕਾਫੀ ਸਰਗਰਮ ਨਜ਼ਰ ਆਉਂਦੇ ਹਨ। ਦੱਸ ਦੇਈਏ ਕਿ ਸੋਨੂੰ ਹਿੰਦੀ ਦੇ ਨਾਲ-ਨਾਲ ਤੇਲਗੂ, ਕੰਨੜ ਤੇ ਤਾਮਿਲ ਫ਼ਿਲਮਾਂ ’ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਸੋਨੂੰ ਮਿਸਟਰ ਇੰਡੀਆ ਪ੍ਰਤੀਯੋਗਤਾ ਦੇ ਮੁਕਾਬਲੇਬਾਜ਼ ਵੀ ਰਹੇ ਹਨ ਤੇ ਇਸ ਦੇ ਨਾਲ ਉਸ ਨੇ ਕਈ ਕੰਪਨੀਆਂ ਦੇ ਇਸ਼ਤਿਹਾਰਾਂ ’ਚ ਵੀ ਕੰਮ ਕੀਤਾ ਹੈ।

PunjabKesari

ਨਿੱਜੀ ਜ਼ਿੰਦਗੀ
ਸੋਨੂੰ ਦਾ ਜਨਮ ਭਾਵੇਂ ਪੰਜਾਬ ’ਚ ਹੋਇਆ ਹੈ ਪਰ ਉਹ ਉੱਚ ਸਿੱਖਿਆ ਲਈ ਨਾਗਪੁਰ ਚਲੇ ਗਏ। ਇਥੇ ਪਹੁੰਚਣ ਤੋਂ ਬਾਅਦ ਉਸ ਨੇ ਯਸ਼ਵੰਤ ਰਾਓ ਚੌਹਾਨ ਇੰਜੀਨੀਅਰਿੰਗ ਕਾਲਜ ’ਚ ਕਈ ਮਾਡਲਿੰਗ ਪ੍ਰੋਗਰਾਮਾਂ ’ਚ ਭਾਗ ਲੈਣਾ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਲੋਕ ਸੋਨੂੰ ਨੂੰ ਪਸੰਦ ਕਰਨ ਲੱਗੇ। ਸੋਨੂੰ ਸ਼ੁਰੂ ਤੋਂ ਹੀ ਪੜ੍ਹਾਈ ’ਚ ਬਹੁਤ ਚੰਗਾ ਸੀ ਤੇ ਇਸ ਕਾਰਨ ਮਾਪੇ ਉਸ ਨੂੰ ਇਕ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ ਪਰ ਸੋਨੂੰ ਦਾ ਸੁਪਨਾ ਅਦਾਕਾਰ ਬਣਨਾ ਸੀ।

PunjabKesari

ਮਿਹਨਤ
ਸੋਨੂੰ ਨੇ ਮੁੰਬਈ ਵੱਲ ਆਪਣਾ ਰੁਖ਼ ਕੀਤਾ ਪਰ ਮੁੰਬਈ ਆਉਣ ਤੋਂ ਬਾਅਦ ਸੋਨੂੰ ਦਾ ਸੰਘਰਸ਼ ਸ਼ੁਰੂ ਹੋ ਗਿਆ। ਉਹ ਲੰਬੇ ਸਮੇਂ ਤੋਂ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ। ਲੰਬੇ ਸਮੇਂ ਤੱਕ ਮਿਹਨਤ ਕਰਨ ਤੋਂ ਬਾਅਦ ਸੋਨੂੰ ਨੂੰ ਇਕ ਤਾਮਿਲ ਫ਼ਿਲਮ ‘ਕਾਲੀਸਘਰ’ ’ਚ ਕੰਮ ਮਿਲਿਆ। ਹਾਲਾਂਕਿ ਉਸ ਨੂੰ ਇਸ ਫ਼ਿਲਮ ਤੋਂ ਪਛਾਣ ਨਹੀਂ ਮਿਲੀ। ਇਸ ਫ਼ਿਲਮ ਨਾਲ ਜੁੜਿਆ ਇਕ ਕਿੱਸਾ ਇਹ ਵੀ ਹੈ ਕਿ ਸੋਨੂੰ ਨੂੰ ਇਹ ਫ਼ਿਲਮ ਆਪਣੀ ਫਿੱਟ ਬਾਡੀ ਕਾਰਨ ਮਿਲੀ ਸੀ। ਜਦੋਂ ਨਿਰਮਾਤਾ ਨੇ ਉਸ ਨੂੰ ਬੁਲਾਇਆ ਤਾਂ ਉਸ ਨੇ ਉਸ ਨੂੰ ਆਪਣਾ ਸਰੀਰ ਦਿਖਾਉਣ ਲਈ ਕਿਹਾ ਤੇ ਸੋਨੂੰ ਦੀ ਬਾਡੀ ਵੇਖਦਿਆਂ ਹੀ ਨਿਰਮਾਤਾ ਨੂੰ ਉਹ ਪਸੰਦ ਆਇਆ ਤੇ ਉਸ ਨੇ ਇਹ ਫ਼ਿਲਮ ਸੋਨੂੰ ਨੂੰ ਦੇ ਦਿੱਤੀ।

PunjabKesari

ਬਾਲੀਵੁੱਡ ਐਂਟਰੀ
ਬਾਲੀਵੁੱਡ ਦੀ ਗੱਲ ਕਰੀਏ ਤਾਂ ਸੋਨੂੰ ਨੂੰ ਸਾਲ 2001 ’ਚ ਫ਼ਿਲਮ ‘ਸ਼ਹੀਦ-ਏ-ਆਜ਼ਮ’ ਮਿਲੀ ਤੇ ਇਸ ਫ਼ਿਲਮ ਨੇ ਉਸ ਨੂੰ ਇਕ ਨਵੀਂ ਪਛਾਣ ਦਿੱਤੀ। ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਸੋਨੂੰ ਨੇ ਬਾਲੀਵੁੱਡ ਦੀਆਂ ਢੇਰ ਸਾਰੀਆਂ ਫ਼ਿਲਮਾਂ ਹਾਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅਦਾਕਾਰ ਵਜੋਂ ਸੋਨੂੰ ਨੂੰ ਪਛਾਣ ਮਿਲਣੀ ਸ਼ੁਰੂ ਹੋ ਗਈ। ‘ਯੁਵਾ’, ‘ਸ਼ੂਟਆਊਟ ਅੈਟ ਵਡਾਲਾ’, ‘ਦਬੰਗ’ ਤੇ ‘ਸਿੰਬਾ’ ਵਰਗੀਆਂ ਕਈ ਫ਼ਿਲਮਾਂ ਸੋਨੂੰ ਸੂਦ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ’ਚ ਸ਼ਾਮਲ ਹਨ। ਸੋਨੂੰ ਦੀਆਂ ਹਿੰਦੀ ਤੋਂ ਇਲਾਵਾ ਲੋਕ ਹੋਰ ਭਾਸ਼ਾਵਾਂ ’ਚ ਵੀ ਫ਼ਿਲਮਾਂ ਪਸੰਦ ਕਰਦੇ ਹਨ। ਕੁਝ ਸਮਾਂ ਪਹਿਲਾਂ ਹੀ ਸੋਨੂੰ ਨੇ ਜੈਕੀ ਚੈਨ ਨਾਲ ਫ਼ਿਲਮ ‘ਕੁੰਗ ਫੂ ਯੋਗਾ’ ’ਚ ਵੀ ਕੰਮ ਕੀਤਾ ਸੀ। ਸੋਨੂੰ ਨੂੰ ਵਿਲੇਨ ਦੇ ਤੌਰ ’ਤੇ ਖੂਬ ਪਸੰਦ ਕੀਤਾ ਜਾਂਦਾ ਹੈ, ਇਥੋਂ ਤਕ ਕਿ ਉਸ ਨੂੰ ਫ਼ਿਲਮ ‘ਦਬੰਗ’ ਲਈ ਬੈਸਟ ਵਿਲੇਨ ਦਾ ਆਈਫਾ ਐਵਾਰਡ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਸ ਨੂੰ ਨੰਦੀ ਅਵਾਰਡ, ਬੈਸਟ ਸੁਪੋਰਟਿੰਗ ਐਕਟਰ ਫਿਲਮਫੇਅਰ ਅੈਵਾਰਡ ਵੀ ਮਿਲਿਆ ਹੈ।

PunjabKesari

ਪਰਿਵਾਰ
ਸੋਨੂੰ ਸੂਦ ਦੀ ਪ੍ਰੇਮ ਕਹਾਣੀ ਵੀ ਕਾਫੀ ਵਧੀਆ ਹੈ। ਦਰਅਸਲ ਸੋਨੂੰ ਤੇ ਉਸ ਦੀ ਪਤਨੀ ਸੋਨਾਲੀ ਇਕੋ ਕਾਲਜ ’ਚ ਪੜ੍ਹਦੇ ਸਨ। ਸੋਨੂੰ ਤੇ ਸੋਨਾਲੀ ਇਕ-ਦੂਜੇ ਨੂੰ ਪਿਆਰ ਕਰਦੇ ਸਨ ਤੇ ਦੋਵਾਂ ਦਾ ਵਿਆਹ ਸਾਲ 1996 ’ਚ ਹੋਇਆ ਸੀ। ਸੋਨਾਲੀ ਸੁਰਖ਼ੀਆਂ ’ਚ ਰਹਿਣਾ ਪਸੰਦ ਨਹੀਂ ਕਰਦੀ ਤੇ ਇਸੇ ਲਈ ਉਹ ਬਾਲੀਵੁੱਡ ਦੀ ਚਮਕ ਤੋਂ ਦੂਰ ਰਹਿੰਦੀ ਹੈ। ਸੋਨੂੰ ਸੂਦ ਦੋ ਬੱਚਿਆਂ ਦਾ ਪਿਤਾ ਹੈ। ਉਸ ਦੇ ਬੱਚਿਆਂ ਦੇ ਨਾਮ ਅਯਾਨ ਸੂਦ ਤੇ ਈਸ਼ਾਨ ਸੂਦ ਹਨ।

PunjabKesari

ਇੰਝ ਬਣੇ ਸੋਨੂੰ ਲੱਖਾਂ ਲੋਕਾਂ ਲਈ ਫ਼ਰਿਸ਼ਤਾ
ਜਿਵੇਂ ਹੀ ਕੋਰੋਨਾ ਨੇ ਦੇਸ਼ ’ਚ ਆਪਣਾ ਪੈਰ ਪਸਾਰਨਾ ਸ਼ੁਰੂ ਕੀਤਾ, ਬਹੁਤ ਸਾਰੇ ਲੋਕ ਗਰੀਬਾਂ ਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨ ਲੱਗੇ। ਅਜਿਹੀ ਸਥਿਤੀ ’ਚ ਸੋਨੂੰ ਸੂਦ ਵੀ ਖ਼ੁਦ ਸੜਕ ’ਤੇ ਆ ਗਏ ਤੇ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਸੋਨੂੰ ਨੇ ਮਜ਼ਦੂਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਤੇ ਘਰ ਪਹੁੰਚਣ ’ਚ ਉਨ੍ਹਾਂ ਦੀ ਮਦਦ ਕੀਤੀ। ਕੁਝ ਸਮਾਂ ਪਹਿਲਾਂ ਸੋਨੂੰ ਨੇ ਇਕ ਯੋਜਨਾ ਤਹਿਤ 45,000 ਲੋਕਾਂ ਨੂੰ ਹਰ ਰੋਜ਼ ਭੋਜਨ ਖੁਆਇਆ ਸੀ। ਉਥੇ ਰੋਜ਼ਾਨਾ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ।

ਨੋਟ– ਸੋਨੂੰ ਸੂਦ ਦੀ ਜੀਵਨੀ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh