ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਡਿਲਿਵਰੀ ਬੁਆਏ ਦੇ ਪਰਿਵਾਰ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਮਦਦ ਲਈ ਆਏ ਅੱਗੇ
Friday, Dec 18, 2020 - 05:50 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹਮੇਸ਼ਾ ਤੋਂ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਤਾਲਾਬੰਦੀ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਦੀ ਖ਼ੂਬ ਮਦਦ ਕੀਤੀ ਅਤੇ ਸੈਂਕੜਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਮਜ਼ਦੂਰਾਂ ਦਾ ਮਸੀਹਾ ਕਿਹਾ ਜਾਣ ਲੱਗਾ। ਹਾਲ ਹੀ ’ਚ ਸੋਨੂੰ ਸੂਦ ਸੜਕ ਹਾਦਸੇ ’ਚ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ 19 ਸਾਲਾਂ ਲੜਕੇ ਦੇ ਪਰਿਵਾਰ ਲਈ ਫਰਿਸ਼ਤਾ ਬਣੇ। ਦਰਅਸਲ ਮੁੰਬਈ ਦੇ ਐਸ਼ੋਵਾਰਾ ’ਚ ਮਰਸਡੀਜ਼ ਵੇਜ ਨੇ ਸਤੀਸ਼ ਗੁਪਤਾਨਾਮ ਦੇ ਇਕ ਮੁੰਡੇ ਨੂੰ ਟੱਕਰ ਮਾਰ ਦਿੱਤੀ ਸੀ।
19 ਸਾਲਾਂ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਇਕ ਫੂਡ ਡਿਲਿਵਰੀ ਕੰਪਨੀ ਜ਼ੋਮੈਟੋ ’ਚ ਕੰਮ ਕਰਦਾ ਸੀ। ਨੌਜਵਾਨ ਦੀ ਮੌਤ ਨਾਲ ਪਰਿਵਾਰ ਕਾਫ਼ੀ ਪ੍ਰੇਸ਼ਾਨ ਹੈ। ਅਜਿਹੇ ਸਮੇਂ ’ਚ ਸੋਨੂੰ ਸੂਦ ਨੇ ਸਤੀਸ਼ ਦੇ ਪਰਿਵਾਰ ਨਾਲ ਗੱਲਬਾਤ ਕੀਤੀ।
ਸੋਨੂੰ ਸੂਦ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਕਰਵਾਉਣ ਦਾ ਭਰੋਸਾ ਦਿੱਤਾ। ਇੰਨਾ ਹੀ ਨਹੀਂ ਅਦਾਕਾਰ ਨੇ ਪਰਿਵਾਰ ਨੂੰ ਕਿਹਾ ਕਿ ਪੁਲਸ ਅਧਿਕਾਰੀਆਂ ਨਾਲ ਉਹ ਖ਼ੁਦ ਗੱਲ ਕਰਨਗੇ ਤਾਂ ਜੋ ਇਸ ਮਾਮਲੇ ’ਚ ਜਲਦ ਤੋਂ ਜਲਦ ਕਾਰਵਾਈ ਹੋ ਸਕੇ ਅਤੇ ਜਾਂਚ ਸਹੀ ਤਰੀਕੇ ਨਾਲ ਅੱਗੇ ਵਧੇ।
ਦੱਸ ਦੇਈਏ ਕਿ ਵੀਰਵਾਰ ਰਾਤ 2.30-3.00 ਵਜੇ ਦੇ ਵਿਚਕਾਰ ਨੌਜਵਾਨ ਨਾਲ ਇਹ ਹਾਦਸਾ ਵਾਪਰਿਆ ਜਿਸ ’ਚ ਉਸ ਦੀ ਜਾਨ ਚਲੀ ਗਈ। ਫਿਲਹਾਲ ਗੱਡੀ ਦੇ ਡਰਾਈਵਰ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਤੇਜ਼ ਰਫਤਾਰ ’ਚ ਹੋਣ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ’ਚ ਸਤੀਸ਼ ਦੀ ਸਕੂਟਰੀ ਦੇ ਵੀ ਪੜਖੱਚੇ ਉੱਡ ਗਏ ਸਨ।