ਅੰਮ੍ਰਿਤ ਮਾਨ ਦੀ ਆਵਾਜ਼ ’ਚ ‘ਡਾਕੂਆਂ ਦਾ ਮੁੰਡਾ 3’ ਦਾ ਦਮਦਾਰ ਗੀਤ ‘ਖੜਗੇ ਤਾਂ ਖੜਗੇ’ ਰਿਲੀਜ਼
Friday, May 23, 2025 - 04:23 PM (IST)

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ 3’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦਾ ਜਿਥੇ ਦਮਦਾਰ ਟੀਜ਼ਰ ਲੋਕਾਂ ਦੇ ਦਿਲਾਂ ’ਚ ਵੱਖਰੀ ਛਾਪ ਛੱਡ ਰਿਹਾ ਹੈ, ਉਥੇ ਦੂਜੇ ਪਾਸੇ ਫ਼ਿਲਮ ਦੇ ਗੀਤ ਵੀ ਧੁੰਮਾਂ ਪਾ ਰਹੇ ਹਨ। ‘ਮੋਰਨੀ ਮਾਝੇ ਦੀ’ ਗੀਤ ਨੂੰ ਜ਼ਬਰਦਸਤ ਹੁੰਗਾਰਾ ਮਿਲਣ ਤੋਂ ਬਾਅਦ ਹੁਣ ਫ਼ਿਲਮ ਦਾ ਦੂਜਾ ਗੀਤ ‘ਖੜਗੇ ਤਾਂ ਖੜਗੇ’ ਰਿਲੀਜ਼ ਹੋਇਆ ਹੈ, ਜਿਹੜਾ ਤੁਹਾਡੀ ਪਲੇਅ ਲਿਸਟ ’ਚ ਜਗ੍ਹਾ ਬਣਾਉਣ ਵਾਲਾ ਹੈ। ਫ਼ਿਲਮ ਦੇ ਇਸ ਦਮਦਾਰ ਗੀਤ ਨੂੰ ਅੰਮ੍ਰਿਤ ਮਾਨ ਨੇ ਆਵਾਜ਼ ਦਿੱਤੀ ਹੈ।
ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਅੰਮ੍ਰਿਤ ਮਾਨ ਵਲੋਂ ਹੀ ਲਿਖੇ ਗਏ ਹਨ। ਗੀਤ ਨੂੰ ਹੋਰ ਵੀ ਸ਼ਾਨਦਾਰ ਇਸ ਦਾ ਸੰਗੀਤ ਬਣਾ ਰਿਹਾ ਹੈ, ਜੋ ਦੇਸੀ ਕਰਿਊ ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦੀ ਵੀਡੀਓ ਯੁੱਗ ਵਲੋਂ ਬਣਾਈ ਗਈ ਹੈ। ਗੀਤ ਦੀ ਵੀਡੀਓ ’ਚ ਦੇਵ ਖਰੌੜ ਦੇ ਨਾਲ-ਨਾਲ ਫ਼ਿਲਮ ਦੇ ਕੁਝ ਦ੍ਰਿਸ਼ ਵੀ ਦੇਖਣ ਨੂੰ ਮਿਲ ਰਹੇ ਹਨ, ਜੋ ਗੀਤ ਨੂੰ ਚਾਰ ਚੰਨ ਲਾ ਰਹੇ ਹਨ। ਗੀਤ ਜ਼ੀ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।
ਦੱਸ ਦੇਈਏ ਕਿ ਫ਼ਿਲਮ ਨੂੰ ਹੈਪੀ ਰੋਡੇ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ। ਫ਼ਿਲਮ ਰਵਨੀਤ ਕੌਰ ਚਾਹਲ, ਉਮੇਸ਼ ਕੁਮਾਰ ਬਾਂਸਲ ਤੇ ਰਾਜੇਸ਼ ਕੁਮਾਰ ਅਰੋੜਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ਜ਼ੀ ਸਟੂਡੀਓਜ਼ ਤੇ ਡ੍ਰੀਮ ਰਿਐਲਿਟੀ ਮੂਵੀਜ਼ ਦੀ ਸਾਂਝੀ ਪੇਸ਼ਕਸ਼ ਹੈ, ਜੋ ਦੁਨੀਆ ਭਰ ’ਚ ਇਹ ਫ਼ਿਲਮ 13 ਜੂਨ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।