ਨਹੀਂ ਰਹੇ ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ, 72 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ

Monday, Feb 26, 2024 - 04:52 PM (IST)

ਨਹੀਂ ਰਹੇ ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ, 72 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ

ਐਂਟਰਟੇਨਮੈਂਟ ਡੈਸਕ– ਮਨੋਰੰਜਨ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 72 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਪੰਕਜ ਦੀ ਧੀ ਨਿਆਬ ਉਧਾਸ ਨੇ ਗਾਇਕ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਹੈ।

ਪੋਸਟ ’ਚ ਉਨ੍ਹਾਂ ਲਿਖਿਆ, ‘‘ਬਹੁਤ ਦੁੱਖ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਪਦਮਸ਼੍ਰੀ ਪੰਕਜ ਉਧਾਸ ਦਾ 26 ਫਰਵਰੀ, 2024 ਨੂੰ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਉਹ ਉਮਰ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਨੂੰ 10 ਦਿਨ ਪਹਿਲਾਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ।’’

ਇਹ ਖ਼ਬਰ ਵੀ ਪੜ੍ਹੋ : ‘ਜੱਟ ਨੂੰ ਚੁੜੈਲ ਟੱਕਰੀ’ ਫ਼ਿਲਮ ਦਾ ਢਿੱਡੀਂ ਪੀੜਾਂ ਪਾਉਂਦਾ ਟਰੇਲਰ ਜਿੱਤ ਰਿਹਾ ਦਰਸ਼ਕਾਂ ਦੇ ਦਿਲ (ਵੀਡੀਓ)

ਪੰਕਜ ਉਧਾਸ ਦੇ ਪੀ. ਆਰ. ਓ. ਨੇ ਦੱਸਿਆ ਕਿ ਗਾਇਕ ਦੀ 26 ਫਰਵਰੀ ਨੂੰ ਸਵੇਰੇ 11 ਵਜੇ ਦੇ ਕਰੀਬ ਬ੍ਰੀਚ ਕੈਂਡੀ ਹਸਪਤਾਲ ’ਚ ਮੌਤ ਹੋ ਗਈ ਸੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਗਾਇਕ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸੰਗੀਤ ਜਗਤ ’ਚ ਸੋਗ ਦੀ ਲਹਿਰ ਹੈ। ਪੰਕਜ ਵਰਗੇ ਗ਼ਜ਼ਲ ਗਾਇਕ ਦੇ ਜਾਣ ਨਾਲ ਪ੍ਰਸ਼ੰਸਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਸੋਸ਼ਲ ਮੀਡੀਆ ’ਤੇ ਹਰ ਕੋਈ ਆਪਣੀਆਂ ਨਮ ਅੱਖਾਂ ਨਾਲ ਗਾਇਕ ਨੂੰ ਅੰਤਿਮ ਸ਼ਰਧਾਂਜਲੀ ਦੇ ਰਿਹਾ ਹੈ।

ਸ਼ੰਕਰ ਮਹਾਦੇਵਨ ਨੇ ਦੁੱਖ ਪ੍ਰਗਟ ਕੀਤਾ
ਪੰਕਜ ਉਧਾਸ ਦੇ ਦਿਹਾਂਤ ’ਤੇ ਸਿਤਾਰੇ ਦੁਖੀ ਹਨ। ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਸਦਮੇ ’ਚ ਹਨ। ਉਨ੍ਹਾਂ ਮੁਤਾਬਕ ਪੰਕਜ ਦਾ ਜਾਣਾ ਸੰਗੀਤ ਜਗਤ ਲਈ ਵੱਡਾ ਘਾਟਾ ਹੈ, ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਸੋਨੂੰ ਨਿਗਮ ਨੇ ਪੰਕਜ ਉਧਾਸ ਦੇ ਦਿਹਾਂਤ ’ਤੇ ਇਕ ਭਾਵੁਕ ਪੋਸਟ ਵੀ ਲਿਖੀ ਹੈ।

PunjabKesari

ਸੰਗੀਤਕ ਜੀਵਨ ਦੀ ਸ਼ੁਰੂਆਤ ਬਚਪਨ ਤੋਂ ਹੀ ਕੀਤੀ ਸੀ
ਪੰਕਜ ਦਾ ਸੰਗੀਤਕ ਕਰੀਅਰ 6 ਸਾਲ ਦੀ ਉਮਰ ’ਚ ਸ਼ੁਰੂ ਹੋਇਆ ਸੀ। ਉਨ੍ਹਾਂ ਦੇ ਘਰ ਸੰਗੀਤਕ ਮਾਹੌਲ ਸੀ। ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ ਉਹ ਸੰਗੀਤ ਦੀ ਦੁਨੀਆ ’ਚ ਆਏ ਤੇ ਸਦਾ ਲਈ ਇਸ ਨਾਲ ਜੁੜੇ ਰਹੇ। ਪੰਕਜ ਉਧਾਸ ਨੇ ਦੱਸਿਆ ਸੀ ਕਿ ਸੰਗੀਤ ਨਾਲ ਉਨ੍ਹਾਂ ਦਾ ਪਹਿਲਾ ਸੰਪਰਕ ਸਕੂਲ ’ਚ ਪ੍ਰਾਰਥਨਾ ਕਰਨ ਤੋਂ ਸ਼ੁਰੂ ਹੋਇਆ ਸੀ।

ਉਨ੍ਹਾਂ ਦੀ ਪਹਿਲੀ ਐਲਬਮ ‘ਆਹਟ’ 1980 ’ਚ ਰਿਲੀਜ਼ ਹੋਈ ਸੀ। ਇਸ ’ਚ ਉਨ੍ਹਾਂ ਨੇ ਕਈ ਗ਼ਜ਼ਲਾਂ ਗਾਈਆਂ। ਪੰਕਜ ਉਧਾਸ ਆਪਣੀ ਗ਼ਜ਼ਲ ਗਾਇਕੀ ਲਈ ਮਸ਼ਹੂਰ ਹੋਏ। ਉਨ੍ਹਾਂ ਦੇ ਪ੍ਰਸਿੱਧ ਗੀਤਾਂ ’ਚ ‘ਜੀਏ ਤੋਂ ਜੀਏ ਕੈਸੇ ਬਿਨ ਆਪਕੇ’, ‘ਚਿੱਠੀ ਆਈ ਹੈ’, ‘ਚਾਂਦੀ ਜੈਸਾ ਰੰਗ ਹੈ ਤੇਰਾ, ਸੋਨੇ ਜੈਸੇ ਬਾਲ’, ‘ਨਾ ਕਜਰੇ ਕੀ ਧਾਰ, ਨਾ ਮੋਤੀਓਂ ਕੇ ਹਾਰ’ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News